57 ਬੋਤਲਾਂ ਨਸ਼ੀਲੇ ਕਫ਼ ਸਿਰਪ ਤੇ ਕਾਰ ਸਣੇ ਤਿੰਨ ਨਸ਼ਾ ਤਸਕਰ ਕਾਬੂ
57 ਬੋਤਲਾਂ ਨਸ਼ੀਲੇ ਕਫ਼ ਸਿਰਪ ਅਤੇ ਕਾਰ ਸਮੇਤ ਤਿੰਨ ਨਸ਼ਾ ਤਸਕਰ ਕਾਬੂ
Publish Date: Wed, 14 Jan 2026 06:59 PM (IST)
Updated Date: Wed, 14 Jan 2026 07:00 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਇਲਾਕੇ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮੁਬਾਰਕਪੁਰ ਪੁਲਿਸ ਚੌਕੀ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਟੀਮ ਨੇ ਨਾਕਾਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਭਾਰੀ ਮਾਤਰਾ ਵਿਚ ਨਸ਼ੀਲੇ ਕਫ਼ ਸਿਰਪ ਸਮੇਤ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹਾਂਸ, ਐੱਸਪੀ ਦਿਹਾਤੀ ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਿਕਰਮਜੀਤ ਸਿੰਘ ਬਰਾੜ ਡੀਐੱਸਪੀ ਡੇਰਾਬੱਸੀ ਦੀ ਨਿਗਰਾਨੀ ਹੇਠ ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਅਤੇ ਐੱਸਆਈ ਕੁਲਵੰਤ ਸਿੰਘ ਚੌਕੀ ਇੰਚਾਰਜ ਮੁਬਾਰਕਪੁਰ ਦੀ ਅਗਵਾਈ ਵਿਚ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਜਿਸ ਤੋਂ ਬਾਅਦ ਬੀਤੀ ਰਾਤ ਪੁਲਿਸ ਟੀਮ ਵੱਲੋਂ ਡੇਰਾਬੱਸੀ–ਰਾਮਗੜ੍ਹ ਰੋਡ, ਨੇੜੇ ਮੁਬਾਰਕਪੁਰ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਡੇਰਾਬੱਸੀ ਵੱਲੋਂ ਆ ਰਹੀ ਇਕ ਆਰਟੀਗਾ ਕਾਰ ਨੰ. ਪੀਬੀ 27ਕੇ-9069 ਨੂੰ ਰੋਕਿਆ ਗਿਆ। ਉਕਤ ਕਾਰ ਵਿਚ ਤਿੰਨ ਵਿਅਕਤੀ ਸਵਾਰ ਸਨ। ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿਚੋਂ ਕੋਡਿਸ੍ਰਿਨ ਕਫ਼ ਸਿਰਪ ਦੀਆਂ 57 ਬੋਤਲਾਂ ਜੋਕਿ ਕਮਰਸ਼ੀਅਲ ਮਾਤਰਾ ਵਿਚ ਆਉਂਦੀਆਂ ਹਨ, ਬਰਾਮਦ ਕੀਤੀਆਂ ਗਈਆਂ। ਜਿਸ ਤੋਂ ਪੁਲਿਸ ਨੇ ਤਿੰਨੇ ਵਿਅਕਤੀਆਂ ਨੂੰ ਕਾਰ ਸਮੇਤ ਕਾਬੂ ਕਰ ਲਿਆ। ਜਿਨ੍ਹਾਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਭਾਗੋਮਾਜਰਾ, ਵਿਸ਼ਾਲ ਕੁਮਾਰ ਉਰਫ਼ ਲੱਡੀ ਪੁੱਤਰ ਵੈਦ ਪਾਲ ਵਾਸੀ ਪਿੰਡ ਖਾਨਪੁਰ, ਵਿਨੈ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਵਾਰਡ ਨੰ. 11 ਸਿੰਘਪੁਰਾ ਰੋਡ ਖਰੜ ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ। ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਉਕਤ ਮੁਲਜ਼ਮਾਂ ਨੂੰ ਡੇਰਾਬੱਸੀ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਬਰਾਮਦ ਨਸ਼ੀਲੇ ਪਦਾਰਥ ਦੇ ਸਰੋਤ ਅਤੇ ਸਪਲਾਈ ਚੇਨ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐੱਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਡੇਰਾਬੱਸੀ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖੇਗੀ।