ਸਾਰਿਆਂ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ। ਇਸ ਮਗਰੋਂ ਸ਼ੁੱਕਰਵਾਰ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਨੇ ਤਿੰਨ ਮੁਲਜ਼ਮਾਂ ਦਾ ਫਿਰ ਰਿਮਾਂਡ ਹਾਸਲ ਕਰ ਲਿਆ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਹੋਏ ਲੋ-ਇੰਟੈਂਸਿਟੀ ਗ੍ਰੇਨੇਡ ਧਮਾਕੇ ਦੇ ਮਾਮਲੇ ’ਚ ਚੰਡੀਗੜ੍ਹ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਂਦਿਆਂ ਤਿੰਨ ਮੁੱਖ ਮੁਲਜ਼ਮਾਂ ਦਾ ਦੁਬਾਰਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ, ਜਦਕਿ ਹੋਰ ਛੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਿਸ 13 ਅਪ੍ਰੈਲ ਨੂੰ 9 ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਸਾਰਿਆਂ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ। ਇਸ ਮਗਰੋਂ ਸ਼ੁੱਕਰਵਾਰ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਨੇ ਤਿੰਨ ਮੁਲਜ਼ਮਾਂ ਦਾ ਫਿਰ ਰਿਮਾਂਡ ਹਾਸਲ ਕਰ ਲਿਆ।
ਰਿਮਾਂਡ ‘ਤੇ ਲਏ ਗਏ ਮੁਲਜ਼ਮਾਂ ’ਚ ਰੂਪਨਗਰ (ਪੰਜਾਬ) ਵਾਸੀ ਅਮਨਪ੍ਰੀਤ, ਗੁਰਤੇਜ ਤੇ ਤਰਨਤਾਰਨ ਦੇ ਹਰਦੀਪ ਸਿੰਘ ਸ਼ਾਮਲ ਹਨ। ਅਮਨਪ੍ਰੀਤ ਨੇ ਦਫ਼ਤਰ ਦੇ ਬਾਹਰ ਗ੍ਰਨੇਡ ਸੁੱਟਿਆ ਸੀ, ਜਦਕਿ ਗੁਰਤੇਜ ਨੇ ਘਟਨਾ ਦੀ ਵੀਡੀਓ ਬਣਾਈ ਸੀ। ਉੱਥੇ ਹੀ ਹਰਦੀਪ ਸਿੰਘ ਦੀ ਭੂਮਿਕਾ ਡਰੋਨ ਰਾਹੀਂ ਪਾਕਿਸਤਾਨ ਤੋਂ ਆਏ ਗ੍ਰਨੇਡ ਨੂੰ ਰਿਸੀਵ ਕਰਨ ਤੇ ਮੁਲਜ਼ਮਾਂ ’ਚ ਪੈਸੇ ਵੰਡਣ ਦੀ ਰਹੀ ਹੈ। ਮਾਮਲੇ ’ਚ ਹੋਰ ਮੁਲਜ਼ਮ ਬਲਵਿੰਦਰ ਲਾਲ, ਜਸਵੀਰ ਸਿੰਘ, ਚਰਨਜੀਤ ਸਿੰਘ, ਰੂਬਲ ਚੌਹਾਨ, ਮਨਦੀਪ ਅਤੇ ਨਵਦੀਪ ਨੂੰ ਅਦਾਲਤ ਨੇ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ।
ਪੁਲਿਸ ਅਨੁਸਾਰ, ਰਿਮਾਂਡ ਦੌਰਾਨ ਪੁਲਿਸ ਮੁਲਜ਼ਮਾਂ ਨੂੰ ਘਟਨਾ ਸਥਾਨ ’ਤੇ ਲੈ ਜਾ ਕੇ ਕ੍ਰਾਈਮ ਸੀਨ ਦੀ ਰੀਕ੍ਰੀਏਸ਼ਨ ਕਰੇਗੀ। ਪੂਰੇ ਘਟਨਾਕ੍ਰਮ ਦੀ ਵੀਡੀਓਗ੍ਰਾਫੀ ਕਰਾਈ ਜਾਵੇਗੀ ਤੇ ਮੁਲਜ਼ਮਾਂ ਤੋਂ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਕਿਹੜੇ-ਕਿਹੜੇ ਰਸਤਿਆਂ ਅਤੇ ਵਾਹਨਾਂ ਰਾਹੀਂ ਸ਼ਹਿਰ ਤੋਂ ਬਾਹਰ ਨਿਕਲੇ।
1 ਅਪ੍ਰੈਲ 2026 ਨੂੰ ਸ਼ਾਮ ਕਰੀਬ 5 ਵਜੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਲੋ-ਇੰਟੈਂਸਿਟੀ ਗ੍ਰਨੇਡ ਬਲਾਸਟ ਹੋਇਆ ਸੀ। ਦੋ ਹਮਲਾਵਰ ਬਾਈਕ ’ਤੇ ਆਏ ਸਨ, ਜਿਨ੍ਹਾਂ ’ਚੋਂ ਇਕ ਨੇ ਹੈਂਡ ਗ੍ਰਨੇਡ ਸੁੱਟਿਆ, ਜਦਕਿ ਦੂਜੇ ਨੇ ਪੂਰੀ ਘਟਨਾ ਦੀ ਵੀਡੀਓ ਬਣਾਈ। ਇਸ ਬਲਾਸਟ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਆਲੇ-ਦੁਆਲੇ ਖੜ੍ਹੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਸੀ। ਜਾਂਚ ’ਚ ਸਾਹਮਣੇ ਆਇਆ ਕਿ ਇਹ ਹਮਲਾ ਪਾਕਿਸਤਾਨ ਦੀ ਆਈਐੱਸਆਈ ਸਮਰਥਿਤ ਅੱਤਵਾਦੀ ਮਾਡਿਊਲ ਦਾ ਹਿੱਸਾ ਸੀ। ਵਿਦੇਸ਼ ’ਚ ਬੈਠੇ ਹੈਂਡਲਰ ਪੁਰਤਗਾਲ ’ਚ ਬਲਜੋਤ ਸਿੰਘ ਉਰਫ ਜੋਟ ਤੇ ਜਰਮਨੀ ’ਚ ਹਰਜੀਤ ਸਿੰਘ ਲਾਡੀ ਮੁਲਜ਼ਮਾਂ ਨੂੰ ਨਿਰਦੇਸ਼ ਦੇ ਰਹੇ ਸਨ। ਹਮਲੇ ਲਈ ਮੁਲਜ਼ਮਾਂ ਨੂੰ ਦੋ ਲੱਖ ਰੁਪਏ ਦਾ ਲਾਲਚ ਦਿੱਤਾ ਗਿਆ ਸੀ ਤੇ ਵਾਰਦਾਤ ਤੋਂ ਪਹਿਲਾਂ ਰੇਕੀ ਵੀ ਕੀਤੀ ਗਈ ਸੀ।
ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਵਿੰਗ, ਚੰਡੀਗੜ੍ਹ ਪੁਲਿਸ ਤੇ ਹਰਿਆਣਾ ਐਸਟੀਐਫ ਦੀ ਸੰਯੁਕਤ ਕਾਰਵਾਈ ’ਚ ਪੂਰੇ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਇਸ ਮਾਮਲੇ ’ਚ ਕੁੱਲ 9 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਸਨ। ਇਨ੍ਹਾਂ ’ਚੋਂ ਪੰਜ ਮੁਲਜ਼ਮ 4 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤੇ ਗਏ ਸਨ, ਜਦਕਿ ਦੋ ਮੁੱਖ ਹਮਲਾਵਰ 5 ਅਪ੍ਰੈਲ ਦੀ ਰਾਤ ਹਰਿਆਣਾ ਦੇ ਰੇਵਾਰੀ ਤੋਂ ਟ੍ਰੇਨ ਵਿਚ ਸਵਾਰ ਹਾਲਤ ’ਚ ਗ੍ਰਿਫ਼ਤਾਰ ਕੀਤੇ ਗਏ ਸਨ। ਇਸ ਤੋਂ ਬਾਅਦ ਦੋ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।