ਵਿਦੇਸ਼ ਜਾਣ ਦੇ ਚਾਹਵਾਨ ਹੋ ਜਾਣ ਸੁਚੇਤ: ਅਮਰੀਕਾ ਦਾ 'ਡੰਕੀ ਰੂਟ' ਪਿਆ ਮਹਿੰਗਾ, ਠੱਗਾਂ ਨੇ ਮਾਰਿਆ 28 ਲੱਖ ਦਾ ਡਾਕਾ
ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਦਾ ਕੇਸ ਸਾਹਮਣੇ ਆਇਆ ਹੈ। ਪਟਿਆਲਾ ਦੇ ਚਾਪੜ ਪਿੰਡ ਦੇ ਨਿਵਾਸੀ ਸ਼ਿਕਾਇਤਕਾਰ ਵਿਨੋਦ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਪੰਚਕੂਲਾ ਦੇ ਰਾਇਪੁਰ ਰਾਣੀ ਖੇਤਰ ਦੇ ਰਹਿਣ ਵਾਲੇ ਵੀਰ ਸਿੰਘ ਉਰਫ਼ ਮਿੱਟੂ ਉਰਫ਼ ਜਾਨ ਅਤੇ ਉਸਦੇ ਪਿਤਾ ਸ਼ਿਆਮ ਲਾਲ ਨੇ ਉਨ੍ਹਾਂ ਨੂੰ ਡੰਕੀ ਰੂਟ ਰਾਹੀਂ ਯੂਕੇ ਤੋਂ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਕੁੱਲ 28 ਲੱਖ ਰੁਪਏ ਦੀ ਠੱਗੀ ਕੀਤੀ।
Publish Date: Mon, 02 Feb 2026 01:23 PM (IST)
Updated Date: Mon, 02 Feb 2026 01:27 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਪੰਚਕੂਲਾ। ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਦਾ ਕੇਸ ਸਾਹਮਣੇ ਆਇਆ ਹੈ। ਪਟਿਆਲਾ ਦੇ ਚਾਪੜ ਪਿੰਡ ਦੇ ਨਿਵਾਸੀ ਸ਼ਿਕਾਇਤਕਾਰ ਵਿਨੋਦ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਪੰਚਕੂਲਾ ਦੇ ਰਾਇਪੁਰ ਰਾਣੀ ਖੇਤਰ ਦੇ ਰਹਿਣ ਵਾਲੇ ਵੀਰ ਸਿੰਘ ਉਰਫ਼ ਮਿੱਟੂ ਉਰਫ਼ ਜਾਨ ਅਤੇ ਉਸਦੇ ਪਿਤਾ ਸ਼ਿਆਮ ਲਾਲ ਨੇ ਉਨ੍ਹਾਂ ਨੂੰ ਡੰਕੀ ਰੂਟ ਰਾਹੀਂ ਯੂਕੇ ਤੋਂ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਕੁੱਲ 28 ਲੱਖ ਰੁਪਏ ਦੀ ਠੱਗੀ ਕੀਤੀ।
ਸ਼ਿਕਾਇਤ ਮੁਤਾਬਕ ਵਿਨੋਦ ਕੁਮਾਰ ਸਾਲ 2023 ਵਿੱਚ ਕੰਮ ਦੇ ਸਬੰਧ ਵਿੱਚ ਇੰਗਲੈਂਡ ਗਏ ਸਨ, ਪਰ ਓਥੇ ਸਥਾਈ ਨੌਕਰੀ ਨਾ ਮਿਲਣ ਕਾਰਨ ਉਹ ਅਮਰੀਕਾ ਜਾਣਾ ਚਾਹੁੰਦੇ ਸਨ। ਇਸ ਦੌਰਾਨ ਉਨ੍ਹਾਂ ਦੇ ਜਾਣਕਾਰਾਂ ਰਾਹੀਂ ਵੀਰ ਸਿੰਘ ਨਾਮਕ ਵਿਅਕਤੀ ਨਾਲ ਸੰਪਰਕ ਹੋਇਆ। ਉਸਨੇ ਆਪਣੇ ਆਪ ਨੂੰ ਟਰੈਵਲ ਏਜੰਟ ਦੱਸ ਕੇ ਯੂਕੇ ਤੋਂ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ।
ਦਾਅਵਾ ਹੈ ਕਿ ਵੀਰ ਸਿੰਘ ਅਤੇ ਉਸਦੇ ਪਿਤਾ ਸ਼ਿਆਮ ਲਾਲ ਨੇ ਸਾਰੇ ਕੰਮ ਲਈ ਪਹਿਲਾਂ 30 ਲੱਖ ਅਤੇ ਬਾਅਦ ਵਿੱਚ 25 ਲੱਖ ਰੁਪਏ ‘ਚ ਸੌਦਾ ਕੀਤਾ। ਇਸ ਤੋਂ ਬਾਅਦ ਸ਼ਿਕਾਇਤਕਾਰ ਦੇ ਪਿਤਾ ਲਖਵਿੰਦਰ ਸਿੰਘ ਨੇ ਜ਼ਮੀਨ ਵੇਚ ਕੇ, ਰਿਸ਼ਤੇਦਾਰਾਂ ਤੋਂ ਉਧਾਰ ਲੈ ਕੇ ਅਤੇ ਹੋਮ ਲੋਨ ਲੈ ਕੇ ਕੁੱਲ 25 ਲੱਖ ਰੁਪਏ ਦਿੱਤੇ , ਜੋ ਕਿ ਨਕਦ ਅਤੇ ਬੈਂਕ ਟਰਾਂਸਫਰ ਦੋਵਾਂ ਰਾਹੀਂ ਦਿੱਤੇ ਗਏ। ਇਸ ਤੋਂ ਇਲਾਵਾ ਯਾਤਰਾ ਦੌਰਾਨ ਡੰਕੀ ਰੂਟ ਨਾਲ ਭੇਜਣ ਦੇ ਨਾਂ ‘ਤੇ 3 ਲੱਖ ਰੁਪਏ ਹੋਰ ਵੀ ਵਸੂਲੇ ਗਏ।
ਸ਼ਿਕਾਇਤਕਾਰ ਦਾ ਦਾਅਵਾ ਹੈ ਕਿ ਰਸਤੇ ਵਿੱਚ ਉਸਨੂੰ ਗੰਭੀਰ ਮਾਨਸਿਕ ਅਤੇ ਸ਼ਾਰੀਰੀਕ ਪੀੜਾ ਦਾ ਸਾਹਮਣਾ ਕਰਨਾ ਪਿਆ। ਉਸਨੂੰ ਫਰਾਂਸ, ਸਪੇਨ, ਗੁਆਟੇਮਾਲਾ ਅਤੇ ਹੋਰ ਦੇਸ਼ਾਂ ਵਿੱਚ ਗੈਰਕਾਨੂੰਨੀ ਤੌਰ ‘ਤੇ ਭੇਜਿਆ ਗਿਆ, ਜਿੱਥੇ ਉਸਨੂੰ ਪੁਲਿਸ ਹਿਰਾਸਤ, ਭੁੱਖ, ਧਮਕੀ ਅਤੇ ਹਥਿਆਰ ਦੇ ਜ਼ੋਰ ‘ਤੇ ਡਰਾਇਆ ਗਿਆ। ਸਪੇਨ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਲਗਭਗ ਇੱਕ ਮਹੀਨਾ ਹਿਰਾਸਤ ਵਿੱਚ ਰਿਹਾ। ਬਾਅਦ ਵਿੱਚ ਅਮਰੀਕਾ ਪਹੁੰਚਣ ‘ਤੇ ਵੀ ਉਸਨੂੰ ਵੱਖ-ਵੱਖ ਡਿਟੈਨਸ਼ਨ ਸੈਂਟਰਾਂ ਵਿੱਚ ਰੱਖਿਆ ਗਿਆ। ਆਖਿਰਕਾਰ, 3 ਮਾਰਚ 2025 ਨੂੰ ਉਸਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਗਿਆ।
ਭਾਰਤ ਵਾਪਸ ਆਉਣ ਤੋਂ ਬਾਅਦ ਜਦੋਂ ਸ਼ਿਕਾਇਤਕਾਰ ਨੇ ਮੁਲਜ਼ਮਾਂ ਨਾਲ ਸੰਪਰਕ ਕੀਤਾ, ਤਾਂ ਉਹਨਾਂ ਨੇ ਨਾ ਸਿਰਫ਼ ਪੈਸੇ ਵਾਪਸ ਕਰਨ ਤੋਂ ਇਨਕਾਰ ਕੀਤਾ, ਬਲਕਿ ਜੀਵਨ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ। ਦਾਅਵਾ ਹੈ ਕਿ ਇਸ ਧੋਖਾਧੜੀ ਕਾਰਨ ਸ਼ਿਕਾਇਤਕਾਰ ਦਾ ਪਰਿਵਾਰ ਕਰਜ਼ ਵਿੱਚ ਡੁੱਬ ਗਿਆ, ਘਰ ਵਿਕ ਗਿਆ ਅਤੇ ਉਹ ਬੇਰੋਜ਼ਗਾਰ ਹੋ ਗਿਆ। ਮਾਮਲੇ ਦੀ ਜਾਂਚ ਦੇ ਬਾਅਦ ਏਂਟੀ ਇਮੀਗ੍ਰੇਸ਼ਨ ਫਰੌਡ ਯੂਨਿਟ ਦੀ ਰਿਪੋਰਟ ‘ਤੇ ਥਾਣਾ ਚੰਡੀਮੰਦਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।