ਦੁਕਾਨਦਾਰਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕੀਤਾ ਜਾਵੇਗਾ : ਵਿਨੀਤ ਵਰਮਾ
ਦੁਕਾਨਦਾਰਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕੀਤਾ ਜਾਵੇਗਾ : ਵਿਨੀਤ ਵਰਮਾ
Publish Date: Wed, 19 Nov 2025 07:37 PM (IST)
Updated Date: Wed, 19 Nov 2025 07:40 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਸ੍ਰੀ ਵਿਨੀਤ ਵਰਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਵਚਨਬੱਧ ਹੈ ਅਤੇ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹਲ ਕੀਤਾ ਜਾ ਰਿਹਾ ਹੈ। ਮੁਹਾਲੀ ਦੇ ਐੱਸਪੀ ਦਿਲਪ੍ਰੀਤ ਸਿੰਘ ਦੇ ਨਾਲ ਮਾਰਕੀਟ ਐਸੋਸੀਏਸ਼ਨ ਫੇਜ਼ 3ਬੀ2 ਦੇ ਨੁਮਾਇੰਦਿਆਂ ਨਾਲ ਕੀਤੀ ਬੈਠਕ ਉਪਰੰਤ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਆਪਣੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੈਠਕ ਦੌਰਾਨ ਮਾਰਕੀਟ ਵਿਚ ਸਮੇਂ ਦੀਆਂ ਪਾਬੰਦੀਆਂ ਅਤੇ ਮਾਰਕੀਟ ਤੋਂ ਅਣ-ਅਧਿਕਾਰਤ ਵਿਕਰੇਤਾਵਾਂ ਨੂੰ ਹਟਾਉਣ ਅਤੇ ਮਾਰਕੀਟ ਦੀਆਂ ਹੋਰ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਟਰੇਡਰਜ਼ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ ਵੱਲੋਂ ਮਾਰਕੀਟ ਖੇਤਰ ਵਿਚ ਦੇਰ ਰਾਤ ਤੱਕ ਚਲਦੀਆਂ ਗਤੀਵਿਧੀਆਂ ਅਤੇ ਅਣ-ਅਧਿਕਾਰਤ ਵਿਕਰੇਤਾਵਾਂ ਕਾਰਨ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਗਿਆ। ਉਨ੍ਹਾਂ ਮੰਗ ਕੀਤੀ ਕਿ ਮਾਰਕੀਟ ਰਾਤ 11:00 ਵਜੇ ਤੱਕ ਬੰਦ ਕਰਵਾਈ ਜਾਵੇ ਅਤੇ ਅਣ-ਅਧਿਕਾਰਤ ਵਿਕਰੇਤਾਵਾਂ ਨੂੰ ਰੋਕਣ ਲਈ ਜ਼ਰੂਰੀ ਉਪਾਅ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਮਾਰਕੀਟ ਵਿਚ ਨਸ਼ੇੜੀ ਜਨਤਕ ਥਾਵਾਂ ’ਤੇ ਸ਼ਰਾਬ ਪੀਂਦੇ ਹਨ ਅਤੇ ਉੱਥੇ ਹੀ ਪਖ਼ਾਨਾ ਕਰਦੇ ਹਨ। ਇਸ ਕਾਰਨ ਕਾਨੂੰਨ ਵਿਵਸਥਾ ਦੀ ਹਾਲਤ ਖ਼ਰਾਬ ਹੁੰਦੀ ਹੈ ਅਤੇ ਆਮ ਗ੍ਰਾਹਕ ਮਾਰਕੀਟ ਵਿਚ ਆਉਣ ਤੋਂ ਪਰਹੇਜ਼ ਕਰਦੇ ਹਨ। ਇਸ ਦੌਰਾਨ ਅਣ-ਅਧਿਕਾਰਤ ਤੌਰ ’ਤੇ ਸਾਮਾਨ ਵੇਚਣ ਵਾਲੇ ਆਪਣੀਆਂ ਨਿੱਜੀ ਕਾਰਾਂ ਅਤੇ ਹੋਰ ਵਾਹਨਾਂ ਵਿਚ ਬਾਜ਼ਾਰ ’ਚ ਆਉਂਦੇ ਹਨ ਅਤੇ ਪਾਰਕਿੰਗ ਖੇਤਰਾਂ ਵਿਚ ਗੱਡੀਆਂ ਖੜ੍ਹਾ ਕੇ ਸਾਮਾਨ ਵੇਚਦੇ ਹਨ। ਜੇਕਰ ਦੁਕਾਨਦਾਰਾਂ ਵੱਲੋਂ ਇਤਰਾਜ਼ ਕੀਤਾ ਜਾਵੇ ਤਾਂ ਇਹ ਉਨ੍ਹਾਂ ਨਾਲ ਲੜਦੇ ਹਨ। ਇਸ ਕਾਰਨ ਦੂਜੇ ਗ੍ਰਾਹਕਾਂ ਨੂੰ ਗੱਡੀਆਂ ਖੜ੍ਹਾਉਣ ਲਈ ਥਾਂ ਨਹੀਂ ਮਿਲਦੀ ਅਤੇ ਉਹ ਪਰੇਸ਼ਾਨ ਹੁੰਦੇ ਹਨ। ਦੁਕਾਨਦਾਰਾਂ ਵੱਲੋਂ ਮੰਗ ਕੀਤੀ ਗਈ ਕਿ ਗਾਹਕਾਂ ਅਤੇ ਵਪਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਣ-ਅਧਿਕਾਰਤ ਗਤੀਵਿਧੀਆਂ ’ਤੇ ਕਾਬੂ ਕਰਨ ਲਈ ਠੋਸ ਪ੍ਰਬੰਧ ਕੀਤੇ ਜਾਣ। ਸ੍ਰੀ ਵਿਨੀਤ ਵਰਮਾ ਨੇ ਦੱਸਿਆ ਕਿ ਮੌਕੇ ’ਤੇ ਫ਼ੈਸਲਾ ਕੀਤਾ ਗਿਆ ਕਿ ਮਾਰਕੀਟ ਵਿਚ ਗ਼ੈਰ-ਸਮਾਜੀ ਅਨਸਰਾਂ ਦੀਆਂ ਕਾਰਵਾਈਆਂ ’ਤੇ ਰੋਕ ਲਗਾਉਣ ਲਈ ਥਾਣਾ ਮਟੌਰ ਦੇ ਐੱਸਐੱਚਓ ਅਤੇ ਮਾਰਕੀਟ ਦੇ ਪ੍ਰਧਾਨ ਦੀ ਅਗਵਾਈ ਵਿਚ ਇਕ ਮੋਡਲ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਵੇਗੀ ਅਤੇ ਅਜਿਹੇ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਣ-ਅਧਿਕਾਰਤ ਤਰੀਕੇ ਨਾਲ ਸਾਮਾਨ ਵੇਚਣ ਵਾਲਿਆਂ ’ਤੇ ਕਾਬੂ ਕਰਨ ਲਈ ਪੁਲਿਸ ਅਤੇ ਨਗਰ ਨਿਗਮ ਦੀ ਸਾਂਝੀ ਟੀਮ ਬਣਾ ਕੇ ਇਨ੍ਹਾਂ ਵਿਕਰੇਤਾਵਾਂ ਨੂੰ ਇੱਥੋਂ ਹਟਾਇਆ ਜਾਵੇਗਾ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਹਲ ਕੀਤਾ ਜਾਵੇਗਾ। ਇਸ ਮੌਕੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ, ਜਨਰਲ ਸਕੱਤਰ ਵਰੁਣ ਗੁਪਤਾ, ਖ਼ਜ਼ਾਨਚੀ ਜਤਿੰਦਰਪਾਲ ਸਿੰਘ ਢੀਂਗਰਾ, ਅੰਕਿਤ ਕੁਮਾਰ, ਰਾਜੀਵ ਭਾਟੀਆ, ਤਰਲੋਚਨ ਸਿੰਘ ਬੈਦਵਾਨ ਅਤੇ ਹੋਰ ਦੁਕਾਨਦਾਰ ਵੀ ਮੌਜੂਦ ਸਨ।