ਇਸ ਸਮੁੱਚੇ ਪ੍ਰੋਜੈਕਟ ਨੂੰ ‘ਮਸ਼ੀਨੀ ਬੁੱਧੀਮਾਨਤਾ ਪੰਜਾਬੀ ਭਾਸ਼ਾ ਮਿਸ਼ਨ’ ਦਾ ਨਾਮ ਦਿੰਦਿਆਂ ਇਸ ਦੇ ਸਰਪ੍ਰਸਤ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਤਕਨੀਕ ਦੇ ਇਸ ਯੁੱਗ ਵਿਚ ਪੰਜਾਬੀ ਬੁਲਾਰਿਆਂ ਦੀ ਭਾਸ਼ਾ ਨੂੰ ਜਿਉਦਾ ਰੱਖਣ ਲਈ ਸਾਨੂੰ ਵੱਡੇ ਹੰਭਲਿਆਂ ਦੀ ਲੋੜ ਹੈ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਅੱਜ ਦੇ ਤਕਨੀਕੀ ਯੁੱਗ ਵਿਚ ਕਿਸੇ ਖਿੱਤੇ ਦੇ ਬੁਲਾਰਿਆਂ ਦੀ ਭਾਸ਼ਾ ਜਿਉਂਦੇ ਰੱਖਣ ਲਈ ਜ਼ਰੂਰੀ ਹੋ ਗਿਆ ਹੈ ਕਿ ਉਸ ਸੰਬੰਧੀ ਸਾਰਾ ਗਿਆਨ ਇੰਟਰਨੈੱਟ ‘ਤੇ ਮਿਲਦਾ ਹੋਵੇ। ਪਿਛੇ ਜਿਹੇ ਪਹਿਲੀ ਫਰਵਰੀ 2024 ਨੂੰ ਗੂਗਲ ਨੇ ਆਪਣਾ ਏ ਆਈ ਪਲੇਟਫਾਰਮ ਜੈਮਨਾਈ ਪ੍ਰੋ ਰਿਲੀਜ਼ ਕੀਤਾ ਜੋ ਭਾਰਤ ਦੀਆਂ 9 ਭਾਸ਼ਾਵਾਂ ਹਿੰਦੀ, ਬੰਗਾਲੀ, ਮਰਾਠੀ, ਤਾਮਿਲ, ਤੇਲਗੂ, ਗੁਜਰਾਤੀ, ਮਲਿਅਮ, ਕੰਨੜ, ਭਾਸ਼ਾਵਾਂ ਨੂੰ ਸ਼ਾਮਲ ਕਰਦਾ ਹੈ ਜਦਕਿ ਹਿੰਦੀ ਅਤੇ ਬੰਗਾਲੀ ਮਗਰੋਂ ਪੰਜਾਬੀ ਅਜਿਹੀ ਭਾਸ਼ਾ ਹੈ ਜਿਸ ਦੇ 15 ਕਰੋੜ ਬੁਲਾਰੇ ਹਨ ਪਰ ਇਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਿਸ ਦਾ ਪੰਜਾਬੀ ਚਿੰਤਕਾਂ ਨੂੰ ਫਿਕਰ ਹੋਇਆ ਇਹੀ ਫਿਕਰ ਕਰਦਿਆਂ ‘ਸ਼ਬਦ ਲੋਕ’ ਆਦਾਰੇ ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਇਕ ਇਕੱਤਰਤਾ ਕਲਾ ਭਵਨ ਵਿਖੇ ਰੱਖੀ ਗਈ ਜਿਸ ਵਿਚ ਵੱਖ ਵੱਖ ਵਿਦਿਅਕ ਅਦਾਰਿਆਂ, ਭਾਸ਼ਾ ਵਿਭਾਗ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਨਾਲ ਨਿੱਜੀ ਪੱਧਰ ‘ਤੇ ਕੰਮ ਕਰਨ ਵਾਲੇ ਵਿਅਕਤੀ, ਵਿਕੀਪੀਡਿਆ ਤੋਂ ਬੁੱਧੀਜੀਵੀ, ਭਾਸ਼ਾ ਅਤੇ ਤਕਨੀਕੀ ਮਾਹਿਰ ਸ਼ਾਮਲ ਹੋਏ।
ਪੰਜਾਬੀ ਭਾਸ਼ਾ ਦੇ ਅੰਤਰਰਾਸਟਰੀ ਪਾਸਾਰ ਲਈ ਤਕਨੀਕ ਦੇ ਪਲੇਟ ਫਾਰਮ ‘ਤੇ ਆਪਣੀ ਹੋਂਦ ਬਣਾਈ ਰੱਖਣ ਲਈ ਮਾਹਿਰਾਂ ਦੇ ਸੁਝਾਅ ਲਏ ਗਏ ਅਤੇ ਤਿੰਨ ਮਹੀਨਿਆਂ ਦੀ ਸੀਮਾਂ ਰੱਖ ਕੇ ਇਸ ਨਿਸਾਨੇ ਨੂੰ ਪੂਰਾ ਕਰਨ ਲਈ ਮਾਹਿਰਾਂ ਦੀਆਂ ਵੱਖੋ ਵੱਖਰੀਆਂ ਕਮੇਟੀਆਂ ਬਣਾਈਆਂ ਗਈਆਂ। ਇਸ ਕਮੇਟੀ ਦੇ ਸਰਪ੍ਰਸਤ ਡਾ. ਸੁਰਜੀਤ ਪਾਤਰ ਅਤੇ ਪ੍ਰਬੰਧਕੀ ਕਮੇਟੀ ਦੇ ਕਨਵੀਨਰ ਅਮਰਜੀਤ ਸਿੰਘ ਗਰੇਵਾਲ ਬਣਾਏ ਗਏ ਜਦਕਿ ਤਾਲਮੇਲ ਕਮੇਟੀ ਦੇ ਕਨਵੀਨਰ ਡਾ. ਸਰਬਜੀਤ ਕੌਰ ਸੋਹਲ, ਵਿੱਤੀ ਸਰੋਤ ਕਮੇਟੀ ਦੇ ਜਸਵੰਤ ਸਿੰੰਘ ਜ਼ਫ਼ਰ, ਨਿਗਰਾਨ ਕਮੇਟੀ ਦੇ ਡਾ. ਮਨਮੋਹਨ, ਭਾਸ਼ਾ ਮਾਹਿਰ ਕਮੇਟੀ ਦੇ ਡਾ. ਜੋਗਾ ਸਿੰਘ, ਤਕਨੀਕੀ ਮਾਹਿਰ ਕਮੇਟੀ ਦੇ ਗੁਰਪ੍ਰੀਤ ਸਿੰਘ ਜੋਸਨ, ਸਰੋਤ ਸਮੱਗਰੀ ਕਮੇਟੀ ਦੇ ਡਾ. ਗੁਰਮੁਖ ਸਿੰਘ ਕਨਵੀਨਰ ਬਣਾਏ ਗਏ।
ਇਸ ਸਮੁੱਚੇ ਪ੍ਰੋਜੈਕਟ ਨੂੰ ‘ਮਸ਼ੀਨੀ ਬੁੱਧੀਮਾਨਤਾ ਪੰਜਾਬੀ ਭਾਸ਼ਾ ਮਿਸ਼ਨ’ ਦਾ ਨਾਮ ਦਿੰਦਿਆਂ ਇਸ ਦੇ ਸਰਪ੍ਰਸਤ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਤਕਨੀਕ ਦੇ ਇਸ ਯੁੱਗ ਵਿਚ ਪੰਜਾਬੀ ਬੁਲਾਰਿਆਂ ਦੀ ਭਾਸ਼ਾ ਨੂੰ ਜਿਉਦਾ ਰੱਖਣ ਲਈ ਸਾਨੂੰ ਵੱਡੇ ਹੰਭਲਿਆਂ ਦੀ ਲੋੜ ਹੈ। ਉਨ੍ਹਾਂ ਨੇ ਨਿੱਜੀ ਪੱਧਰ ‘ਤੇ ਅਤੇ ਵੱਖੋ-ਵੱਖਰੇ ਅਦਾਰਿਆਂ ਵੱਲੋਂ ਇਸ ਪਾਸੇ ਕੀਤੇ ਜਾ ਰਹੇ ਯਤਨਾਂ ਦੀ ਸ਼ਾਲਘਾ ਕੀਤੀ ਅਤੇ ਸਰਕਾਰ ਤੋਂ ਪੂਰਨ ਸਹਿਯੋਗ ਉਮੀਦ ਵੀ ਕੀਤੀ। ਇਸ ਮਿਸਨ ਬਾਰੇ ਗੱਲ ਕਰਦਿਆਂ ਸਰਦਾਰ ਅਮਰਜੀਤ ਸਿੰਘ ਗਰੇਵਾਲ ਨੇ ਇਨ੍ਹਾਂ ਸਾਰੇ ਯਤਨਾਂ ਨੂੰ ਇਕ ਸਾਂਝੇ ਪਲੇਟਫਾਰਮ ‘ਤੇ ਇਕੱਠਿਆਂ ਕਰਨ ਦੀ ਗੱਲ ਰੱਖੀ ਅਤੇ ਉਮੀਦ ਜਤਾਈ ਕਿ ਜੇ ਅਸੀਂ ਆਪਣਾ ਸਾਰਾ ਗਿਆਨ ਇੰਟਰਨੈੱਟ ਤੇ ਮੁਹੱਈਆ ਕਰਵਾ ਦਿੰਦਾ ਹਾਂ ਤਾਂ ਹਾਲੇ ਵੀ ਅਸੀਂ ਦੌੜ ਕੇ ਇਹ ਗੱਡੀ ਫੜ ਸਕਦੇ ਹਾਂ।
ਇਸ ਮੀਟਿੰਗ ਵਿਚ ਉਘੇ ਚਿੰਤਕ ਡਾ. ਮਨਮੋਹਨ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ, ਸਤਦੀਪ ਗਿੱਲ (ਵਿਕੀਮੀਡੀਆ ਫਾਉਡੇਸ਼ਨ), ਭਾਸ਼ਾ ਵਿਭਾਗ ਦੇ ਹਰਪ੍ਰੀਤ ਕੌਰ, ਸਵਰਜੀਤ ਸਵੀ, ਰਾਜਵਿੰਦਰ ਸਿੰਘ, ਚਰਨ ਗਿੱਲ, ਡਾ. ਯੋਗਰਾਜ, ਜਸਵੰਤ ਸਿੰਘ ਜ਼ਫ਼ਰ, ਡਾ. ਜਗਦੀਸ ਕੌਰ, ਭੁਪਿੰਦਰ ਪਾਲ ਸਿੰਘ, ਡਾ. ਬੂਟਾ ਸਿੰਘ ਬਰਾੜ, ਡਾ. ਸੀ ਪੀ ਕੰਬੋਜ, ਪ੍ਰਸਿੱਧ ਪੱਤਰਕਾਰ ਹਮੀਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਮਨਜਿੰਦਰ ਸਿੰਘ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਸੁਖਦੇਵ ਸਿੰਘ ਅਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਨੁਮਾਇੰਦੇ ਵਜੋਂ ਬਲਤੇਜ ਸਿੰਘ ਪੰਨੂੰ ਸ਼ਾਮਲ ਹੋਏ। ਇਸ ਮਿਸ਼ਨ ਦੀ ਰੂਪਰੇਖਾ ਉਲੀਕਣ ਲਈ ਵੱਖ ਵੱਖ ਮਾਹਿਰਾਂ ਵੱਲੋਂ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। 21 ਫਰਵਰੀ ਪੰਜਾਬੀ ਭਾਸ਼ਾ ਦਿਵਸ ਤੇ ਇਸ ਮਿਸ਼ਨ ਸਬੰਧੀ ਜਾਣਕਾਰੀ ਦੇਣ ਵਾਲਾ ਇਕ ਕਿਤਾਬਚਾ ਵੀ ਜਾਰੀ ਕੀਤਾ ਜਾਵੇਗਾ ਜਿਸ ਦੀ ਰੌਸ਼ਨੀ ਵਿਚ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਅਦਾਰਿਆਂ ਵਿਚ ਇਸ ਮੁਹਿੰਮ ਨੂੰ ਅੱਗੇ ਤੋਰਿਆ ਜਾਵੇਗਾ।