ਕੂੜੇ ਵਾਲਿਆਂ ਦੀ ਜ਼ਿੰਦਗੀ : ਵਾਰਡ ਸਾਫ਼ ਰੱਖਣ 'ਚ ਨਿਭਾਉਂਦੇ ਨੇ ਵੱਡਾ ਰੋਲ
ਕੂੜੇ ਵਾਲਿਆਂ ਦੀ ਜ਼ਿੰਦਗੀ : ਵਾਰਡ ਸਾਫ਼ ਰੱਖਣ 'ਚ ਨਿਭਾਉਂਦੇ ਨੇ ਵੱਡਾ ਰੋਲ
Publish Date: Sun, 18 Jan 2026 07:42 PM (IST)
Updated Date: Sun, 18 Jan 2026 07:46 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਗਾਡੀ ਵਾਲਾ ਆਇਆ ਘਰ ਸੇ ਕਚਰਾ ਨਿਕਾਲ , ਹਿੰਦੀ ਗਾਣੇ ਵਾਲੀ ਧੁੰਨ ਸੁਣਦਿਆਂ ਹੀ ਵਾਰਡ ਨੰ. 7 ਅਤੇ 8 ਦੇ ਵਾਸੀ ਆਪਣੇ ਘਰਾਂ ਵਿਚ ਕੂੜੇ ਵਾਲੇ ਬਾਕਸ ਲੈ ਕੇ ਗਲੀ ਵਿਚ ਨਿਕਲ ਆਉਂਦੇ ਹਨ। ਕੂੜਾ ਚੁੱਕਣ ਵਾਲੇ ਟੈਂਪੂ (ਛੋਟਾ ਹਾਥੀ) ’ਤੇ ਲੱਗੇ ਸਪੀਕਰ ਵਿਚ ਆਉਂਦੀ ਇਹ ਧੁੰਨ ਦੂਰੋਂ ਹੀ ਲੋਕਾਂ ਨੂੰ ਕੂੜੇ ਵਾਲੇ ਆਉਣ ਦਾ ਸੱਦਾ ਦੇ ਦਿੰਦੀ ਹੈ। ਅੱਤ ਦੀ ਪੈ ਰਹੀ ਠੰਢ ਵਿਚ ਇਹ ਸੇਵਾਵਾਂ ਦੇ ਰਹੇ ਨਗਰ ਕੌਂਸਲ ਦੇ ਕਰਮੀ ਵਿਨੋਦ ਕੁਮਾਰ ਅਤੇ ਕੂੜੇ ਵਾਲਾ ਟੈਂਪੂ ਚਾਲਕ ਅਜੈ ਕੁਮਾਰ ਨੇ ਘਰ-ਘਰ ਜਾ ਕੇ ਕੂੜਾ ਇਕੱਠਾ ਕਰਕੇ ਡਸਟਬਿੰਨ ਵਿਚ ਪਾਉਂਦੇ ਹਨ। ਕੂੜਾ ਇਕੱਠਾ ਕਰ ਰਹੇ ਨਗਰ ਕੌਂਸਲ ਲਾਲੜੂ ਦੇ ਕਰਮੀ ਵਿਨੋਦ ਕੁਮਾਰ ਦਾ ਕਹਿਣਾ ਸੀ ਕਿ ਉਹ ਸਵੇਰੇ 7 ਵਜੇ ਤੋਂ ਆਪਣੀ ਡਿਊਟੀ ਸ਼ੁਰੂ ਕਰ ਦਿੰਦੇ ਹਨ ਅਤੇ ਰੋਜ਼ਾਨਾ ਲੜੀ ਮੁਤਾਬਕ ਉਹ ਕੂੜੇ ਵਾਲੇ ਡਸਟਬਿੰਨ ਵਾਲਾ ਚਾਰ ਪਹੀਆ ਟੈਂਪੂ ਗਲੀਆਂ ਵਿਚ ਲੈ ਕੇ ਪੁੱਜ ਜਾਂਦੇ ਹਨ ਅਤੇ ਘਰ-ਘਰ ਜਾ ਕੇ ਕੂੜਾ ਚੁੱਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਇਕ ਦਿਨ ਵਿਚ ਇਕ ਵਾਰਡ ਦੇ ਸਾਰੇ ਘਰਾਂ ਦਾ ਕੂੜਾ ਇੱਕਠਾ ਕਰਨ ਦਾ ਹੁੰਦਾ ਹੈ, ਜਿਸ ਨੂੰ ਚੁੱਕਣ ਵਿਚ ਉਨ੍ਹਾਂ ਦਾ ਪੂਰਾ ਦਿਨ ਲੱਗ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੂੜਾ ਪਾਉਣ ਲਈ ਟੈਂਪੂ ’ਤੇ ਲੱਗੇ ਡਸਟਬਿੰਨ ਵਿਚ ਦੋ ਡੱਬੇ ਹੁੰਦੇ ਹਨ, ਜਿਸ ਵਿਚ ਇਕ ਪਾਸੇ ਗਿੱਲਾ ਕੂੜਾ ਪਾਇਆ ਜਾਂਦਾ ਹੈ ਅਤੇ ਦੂਜੇ ਪਾਸੇ ਸੁੱਕਾ ਕੂੜਾ। ਉਨ੍ਹਾਂ ਦੱਸਿਆ ਕਿ ਜਦੋਂ ਡਸਟਬਿੰਨ ਪੂਰੀ ਤਰ੍ਹਾਂ ਭਰ ਜਾਂਦਾ ਹੈ ਤਾਂ ਉਹ ਡਸਟਬਿੰਨ ਨੂੰ ਲਾਲੜੂ ਨੇੜੇ ਲੱਗੇ ਡੰਪ ’ਤੇ ਸੁੱਟ ਆਉਂਦੇ ਹਨ, ਜਿਸ ਵਿਚ ਗਿੱਲਾ ਕੂੜਾ ਇਕ ਪਾਸੇ ਸੁੱਟਿਆ ਜਾਂਦਾ ਹੈ ਅਤੇ ਸੁੱਕਾ ਕੂੜਾ ਦੂਜੇ ਪਾਸੇ। ਉਨ੍ਹਾਂ ਦੱਸਿਆ ਕਿ ਗਿੱਲੇ ਕੂੜੇ ਨਾਲ ਨਗਰ ਕੌਂਸਲ ਵੱਲੋਂ ਖਾਦ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ ਜਨਤਕ ਥਾਵਾਂ ’ਤੇ ਲੱਗੇ ਦਰੱਖਤਾਂ ਵਿਚ ਪਾਇਆ ਜਾਂਦਾ ਹੈ ਤਾਂ ਜੋ ਉਹ ਹਰੇ-ਭਰੇ ਦਿੱਖ ਸਕਣ। ਇਸ ਤਰ੍ਹਾਂ ਕੂੜੇ ਵਾਲੇ ਆਪਣੀ ਰੋਜ਼ਾਨਾ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ ਅਤੇ ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗਿੱਲੇ ਕੂੜੇ ਦੇ ਵੱਖ ਤੋਂ ਅਤੇ ਸੁੱਕੇ ਕੂੜੇ ਦੇ ਵੱਖ ਤੋਂ ਡਸਟਬਿੰਨ ਜ਼ਰੂਰ ਲਗਾਉਣ ਤਾਂ ਜੋ ਉਨ੍ਹਾਂ ਵੱਲੋਂ ਗਿੱਲੇ ਕੂੜੇ ਨਾਲ ਵਧੀਆ ਖਾਦ ਤਿਆਰ ਕੀਤੀ ਜਾ ਸਕੇ।