ਕਰੀਬ ਡੇਢ ਸੌ ਸਾਲ ਪੁਰਾਣਾ ਪਿੱਪਲ ਦਾ ਦਰੱਖਤ ਕੱਟੇ ਜਾਣ ਦਾ ਮਾਮਲਾ ਗਰਮਾਇਆ
ਕਰੀਬ ਡੇਢ ਸੌ ਸਾਲ ਪੁਰਾਣਾ ਪਿੱਪਲ ਦਾ ਦਰੱਖਤ ਕੱਟੇ ਜਾਣ ਦਾ ਮਾਮਲਾ ਗਰਮਾਇਆ
Publish Date: Sat, 10 Jan 2026 08:10 PM (IST)
Updated Date: Sat, 10 Jan 2026 08:12 PM (IST)

ਪਿੰਡ ਵਾਸੀਆਂ ਨੇ ਡੀਸੀ ਮੁਹਾਲੀ ਨੂੰ ਦਿੱਤੀ ਲਿਖਤੀ ਸ਼ਿਕਾਇਤ, ਕਾਰਵਾਈ ਦੀ ਮੰਗ ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਪਿੰਡ ਖਿਜਰਗੜ੍ਹ ਕਨੌੜ ’ਚ ਪਿੰਡ ਦੀ ਸਾਂਝੀ ਜ਼ਮੀਨ ਤੇ ਖੜ੍ਹੇ ਕਰੀਬ 150 ਸਾਲ ਪੁਰਾਣੇ ਪਿੱਪਲ ਦੇ ਦਰੱਖਤ ਨੂੰ ਕੱਟੇ ਜਾਣ ਨੂੰ ਲੈ ਕੇ ਗੰਭੀਰ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਡ ਦੇ ਵੱਡੀ ਗਿਣਤੀ ’ਚ ਵਾਸੀਆਂ ਨੇ ਡੀਸੀ ਮੁਹਾਲੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਪਿੰਡ ਦੇ ਸਰਪੰਚ ਬਲਦੇਵ ਸਿੰਘ ਪੁੱਤਰ ਭਾਗ ਸਿੰਘ ਅਤੇ ਹੋਰਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਡੀਸੀ ਮੁਹਾਲੀ ਨੂੰ ਦਿੱਤੀ ਸ਼ਿਕਾਇਤ ਵਿਚ ਜਸਵੀਰ ਸਿੰਘ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਹਰਵਿੰਦਰ ਕੌਰ, ਜਸਵੰਤ ਸਿੰਘ, ਸਾਬਕਾ ਸਰਪੰਚ ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਗੁਰਪਾਲ ਸਿੰਘ, ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ, ਸੇਵਾ ਸਿੰਘ, ਜਗਦੀਪ ਸਿੰਘ, ਗੁਰਮੇਲ ਸਿੰਘ, ਸੁਮਿਤ ਕੁਮਾਰ, ਬੰਟੀ ਕੁਮਾਰ, ਰਮਨਪ੍ਰੀਤ ਸਿੰਘ, ਜਸਮੇਰ ਸਿੰਘ, ਰਜਿੰਦਰ ਸਿੰਘ, ਗੁਰਦੀਪ ਸਿੰਘ ਅਤੇ ਪਰਦੀਪ ਸਿੰਘ ਤੋਂ ਇਲਾਵਾ ਹੋਰਨਾਂ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸਰਪੰਚ ਵੱਲੋਂ ਜਾਣ ਬੁੱਝ ਕੇ ਪਿੰਡ ਦੀ ਸਾਂਝੀ ਜ਼ਮੀਨ ਵਿਚ ਖੜ੍ਹਾ ਇਹ ਕਰੀਬ 15 ਦਹਾਕੇ ਪਰਾਣਾ ਪਿੱਪਲ ਦਾ ਦਰੱਖਤ ਕਟਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੱਪਲ ਦਾ ਦਰੱਖਤ ਹਿੰਦੂ ਧਰਮ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ ਅਤੇ ਇਸ ਦੀ ਛਾਂ ਹੇਠ ਅਕਸਰ ਅੰਤਿਮ ਸੰਸਕਾਰ ਸਮੇਂ ਦਰਜਨਾਂ ਲੋਕ ਬੈਠਦੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਪ੍ਰਵਾਨਗੀ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਦਰੱਖਤ ਕੱਟਣਾ ਨਾ ਸਿਰਫ਼ ਪਰਿਆਵਰਨ ਲਈ ਨੁਕਸਾਨਦਾਇਕ ਹੈ, ਸਗੋਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਂਦਾ ਹੈ। ਸ਼ਿਕਾਇਤ ਵਿਚ ਮੰਗ ਕੀਤੀ ਗਈ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉੱਧਰ ਦੂਜੇ ਪਾਸੇ, ਮਾਮਲੇ ਸਬੰਧੀ ਸੰਪਰਕ ਕਰਨ ਤੇ ਪਿੰਡ ਦੇ ਸਰਪੰਚ ਬਲਦੇਵ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਿੱਪਲ ਦਾ ਦਰੱਖਤ ਉਨ੍ਹਾਂ ਵੱਲੋਂ ਨਹੀਂ ਕਟਵਾਇਆ ਗਿਆ। ਉਨ੍ਹਾਂ ਅਨੁਸਾਰ ਇਹ ਦਰੱਖਤ ਪਿੰਡ ਦੀ ਮੈਰਿਜ ਪੈਲੇਸ ਕਮੇਟੀ ਵੱਲੋਂ ਕਟਵਾਇਆ ਗਿਆ ਹੈ ਕਿਉਂਕਿ ਦਰੱਖਤ ਦੀਆਂ ਟਾਹਣੀਆਂ ਮੈਰਿਜ ਪੈਲੇਸ ਦੀਆਂ ਛੱਤਾਂ ਤੇ ਪਈਆਂ ਚਦਰਾਂ ਲਈ ਖ਼ਤਰਾ ਬਣ ਰਹੀਆਂ ਸਨ। ਸਰਪੰਚ ਨੇ ਕਿਹਾ ਕਿ ਜੇਕਰ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਖ਼ਿਲਾਫ਼ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਦਿੱਤੀ ਗਈ ਹੈ ਤਾਂ ਉਹ ਉਸ ਦਾ ਆਪਣੇ ਪੱਧਰ ਤੇ ਜਵਾਬ ਦੇਣਗੇ। ਫਿਲਹਾਲ, ਪਿੰਡ ਖਿਜਰਗੜ੍ਹ ਕਨੌੜ ਵਿਚ ਇਸ ਮਾਮਲੇ ਨੂੰ ਲੈ ਕੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹੁਣ ਸਾਰੀਆਂ ਨਜ਼ਰਾਂ ਪ੍ਰਸ਼ਾਸਨ ਦੀ ਜਾਂਚ ਅਤੇ ਅਗਲੀ ਕਾਰਵਾਈ ਤੇ ਟਿਕੀਆਂ ਹੋਈਆਂ ਹਨ।