ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਭਗਤੀ ਨਾਲ ਮਨਾਇਆ
Publish Date: Sun, 04 Jan 2026 05:47 PM (IST)
Updated Date: Sun, 04 Jan 2026 05:50 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸੁਖਮਨੀ ਸੇਵਾ ਸੁਸਾਇਟੀ ਅਤੇ ਸਮੂਹ ਜੀਬੀਪੀ ਕਾਲੋਨੀਆਂ ਸਮੇਤ ਡੇਰਾਬੱਸੀ ਦੀ ਸੰਗਤਾਂ ਵੱਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਸੁਖਮਨੀ ਸੇਵਾ ਸੁਸਾਇਟੀ ਦੀ ਬੀਬੀਆਂ ਦੇ ਜਥੇ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ, ਜਿਸ ਨਾਲ ਸਾਰਾ ਮਾਹੌਲ ਗੁਰਬਾਣੀਮਈ ਹੋ ਗਿਆ। ਇਸ ਉਪਰੰਤ ਗਿਆਨੀ ਅਮਰੀਕ ਸਿੰਘ (ਬੈਂਗਲੋਰ ਵਾਲੇ) ਵੱਲੋਂ ਸੰਗਤ ਨੂੰ ਸੰਬੋਧਨ ਕਰਦੇ ਹੋਏ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਜੀਵਨ, ਉਨ੍ਹਾਂ ਦੀ ਕੁਰਬਾਨੀ, ਧਰਮ ਦੀ ਰੱਖਿਆ ਅਤੇ ਮਨੁੱਖਤਾ ਲਈ ਦਿੱਤੇ ਅਦੁੱਤੀ ਯੋਗਦਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਉਨ੍ਹਾਂ ਨੇ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚਲਣ ਦੀ ਅਪੀਲ ਕਰਦਿਆਂ ਸੰਗਤ ਨੂੰ ਸੱਚ, ਸਹਿਨਸ਼ੀਲਤਾ ਅਤੇ ਸੇਵਾ ਦੇ ਮਾਰਗ ’ਤੇ ਤੁਰਨ ਲਈ ਪ੍ਰੇਰਿਤ ਕੀਤਾ। ਬਾਅਦ ਵਿਚ ਭਾਈ ਸੁਖਜੀਤ ਸਿੰਘ (ਗੁਰਦੁਆਰਾ ਬਾਉਲੀ ਸਾਹਿਬ) ਵੱਲੋਂ ਰਸਭਿੰਨੇ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਕੀਰਤਨ ਦੌਰਾਨ ਸੰਗਤ ਵੱਲੋਂ ਵਾਹਿਗੁਰੂ ਦੇ ਜਾਪ ਨਾਲ ਸਾਰਾ ਸਮਾਗਮ ਅਸਥਾਨ ਗੂੰਜ ਉੱਠਿਆ। ਸਮਾਗਮ ਦੇ ਅਖੀਰ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ, ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ, ਜਿਸ ਵਿਚ ਸੰਗਤ ਨੇ ਬੜੀ ਸ਼ਰਧਾ ਨਾਲ ਪ੍ਰਸ਼ਾਦਾ ਛਕਿਆ।