ਸਰਕਾਰੀ ਯੋਜਨਾ ਅਨੁਸਾਰ ਘਰਾਟਾਂ ਦੇ ਮੁੜ ਚਾਲੂ ਹੋਣ ਨਾਲ ਸਥਾਨਕ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਚਾਹਵਾਨ ਨੌਜਵਾਨਾਂ ਅਤੇ ਉਦਯੋਗਪਤੀਆਂ ਨੂੰ ਇਹ ਘਰਾਟ ਚਲਾਉਣ ਦਾ ਮੌਕਾ ਮਿਲੇਗਾ, ਜਿਸ ਨਾਲ ਪਿੰਡਾਂ ਵਿੱਚ ਆਰਥਿਕ ਗਤੀਵਿਧੀਆਂ ਨੂੰ ਨਵਾਂ ਬਲ ਮਿਲੇਗਾ। ਇਸ ਦੇ ਨਾਲ-ਨਾਲ ਲੋਕਾਂ ਨੂੰ ਨੈਚੁਰਲ ਅਤੇ ਰਵਾਇਤੀ ਤਰੀਕੇ ਨਾਲ ਪਿਸਿਆ ਆਟਾ ਪ੍ਰਾਪਤ ਹੋਵੇਗਾ, ਜੋ ਸਿਹਤ ਲਈ ਕਾਫ਼ੀ ਲਾਭਕਾਰੀ ਮੰਨਿਆ ਜਾਂਦਾ ਹੈ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ: ਪੰਜਾਬ ਦੇ ਮਾਲਵਾ ਖੇਤਰ ਵਿੱਚ ਬਣੀਆਂ ਪੁਰਾਤਨ ਪਾਣੀ-ਚਲਿਤ ਪਣ-ਚੱਕੀਆਂ, ਜਿਨ੍ਹਾਂ ਨੂੰ ਆਮ ਬੋਲਚਾਲ ਵਿੱਚ ‘ਘਰਾਟ’ ਕਿਹਾ ਜਾਂਦਾ ਹੈ, ਹੁਣ ਇੱਕ ਵਾਰ ਫਿਰ ਜੀਵੰਤ ਹੋਣ ਜਾ ਰਹੀਆਂ ਹਨ। ਸਾਲਾਂ ਤੋਂ ਸਰਕਾਰੀ ਅਣਗਹਿਲੀ ਅਤੇ ਤਕਨੀਕੀ ਬਦਲਾਅ ਕਾਰਨ ਬੰਦ ਪਈਆਂ ਇਹ ਵਿਰਾਸਤੀ ਚੱਕੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੁਬਾਰਾ ਸ਼ੁਰੂ ਕਰਨ ਲਈ ਤਿਆਰ ਹੈ। ਇਸ ਪਹਿਲ ਦਾ ਉਦੇਸ਼ ਸਿਰਫ਼ ਵਿਰਸੇ ਦੀ ਸੰਭਾਲ ਨਹੀਂ, ਸਗੋਂ ਸੂਬੇ ਦੇ ਲੋਕਾਂ ਨੂੰ ਪੌਸ਼ਟਿਕ ਅਤੇ ਪ੍ਰਦੂਸ਼ਣ-ਰਹਿਤ ਆਟਾ ਉਪਲਬਧ ਕਰਵਾਉਣਾ ਵੀ ਹੈ।
ਪੰਜਾਬ ਜਲ ਸਰੋਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਲਵਾ ਖੇਤਰ ਵਿੱਚ ਕੁੱਲ 16 ਘਰਾਟ ਮੌਜੂਦ ਹਨ। ਇਸ ਸਮੇਂ ਇਨ੍ਹਾਂ ਵਿੱਚੋਂ ਕੇਵਲ ਇੱਕ ਹੀ ਘਰਾਟ ਚੱਲ ਰਿਹਾ ਹੈ, ਜਦਕਿ ਬਾਕੀ 15 ਸਮੇਂ ਦੇ ਨਾਲ ਬੰਦ ਹੋ ਚੁੱਕੇ ਹਨ। ਨਹਿਰਾਂ ਵਿੱਚ ਪਾਣੀ ਦੇ ਪੱਧਰ ਵਿੱਚ ਆਉਣ-ਜਾਣ, ਸਾਜੋ-ਸਾਮਾਨ ਦੀ ਘਾਟ ਅਤੇ ਉਤਪਾਦ ਦੀ ਢੰਗ ਨਾਲ ਮਾਰਕੀਟਿੰਗ ਨਾ ਹੋਣ ਕਾਰਨ ਇਹ ਚੱਕੀਆਂ ਹੌਲੀ-ਹੌਲੀ ਖਾਮੋਸ਼ ਹੋ ਗਈਆਂ। ਹੁਣ ਸਰਕਾਰ ਨੇ ਇਨ੍ਹਾਂ ਨੂੰ ਦੁਬਾਰਾ ਜੀਵੰਤ ਕਰਨ ਦਾ ਫੈਸਲਾ ਲਿਆ ਹੈ ਅਤੇ ਜਲਦੀ ਹੀ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਸਰਕਾਰੀ ਯੋਜਨਾ ਅਨੁਸਾਰ ਘਰਾਟਾਂ ਦੇ ਮੁੜ ਚਾਲੂ ਹੋਣ ਨਾਲ ਸਥਾਨਕ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਚਾਹਵਾਨ ਨੌਜਵਾਨਾਂ ਅਤੇ ਉਦਯੋਗਪਤੀਆਂ ਨੂੰ ਇਹ ਘਰਾਟ ਚਲਾਉਣ ਦਾ ਮੌਕਾ ਮਿਲੇਗਾ, ਜਿਸ ਨਾਲ ਪਿੰਡਾਂ ਵਿੱਚ ਆਰਥਿਕ ਗਤੀਵਿਧੀਆਂ ਨੂੰ ਨਵਾਂ ਬਲ ਮਿਲੇਗਾ। ਇਸ ਦੇ ਨਾਲ-ਨਾਲ ਲੋਕਾਂ ਨੂੰ ਨੈਚੁਰਲ ਅਤੇ ਰਵਾਇਤੀ ਤਰੀਕੇ ਨਾਲ ਪਿਸਿਆ ਆਟਾ ਪ੍ਰਾਪਤ ਹੋਵੇਗਾ, ਜੋ ਸਿਹਤ ਲਈ ਕਾਫ਼ੀ ਲਾਭਕਾਰੀ ਮੰਨਿਆ ਜਾਂਦਾ ਹੈ।
ਘਰਾਟ ‘ਤੇ ਤਿਆਰ ਕੀਤਾ ਗਿਆ ਆਟਾ ਪਾਣੀ ਦੀ ਕੁਦਰਤੀ ਤਾਕਤ ਨਾਲ ਹੌਲੀ-ਹੌਲੀ ਪਿਸਿਆ ਜਾਂਦਾ ਹੈ, ਜਿਸ ਕਾਰਨ ਇਸ ਦੇ ਪੋਸ਼ਕ ਤੱਤ ਬਰਕਰਾਰ ਰਹਿੰਦੇ ਹਨ। ਮਾਹਿਰਾਂ ਦੇ ਮੁਤਾਬਿਕ ਇਸ ਤਰ੍ਹਾਂ ਪਿਸੇ ਆਟੇ ਦੀ ਤਾਸੀਰ ਠੰਢੀ ਹੁੰਦੀ ਹੈ ਅਤੇ ਇਹ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਘਰਾਟ ਦਾ ਆਟਾ ਨਾ ਸੜਦਾ ਹੈ ਅਤੇ ਇਸ ਤੋਂ ਬਣੀ ਰੋਟੀ 3-4 ਦਿਨ ਤੱਕ ਨਰਮ ਰਹਿੰਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪ੍ਰਕਿਰਿਆ ਵਿੱਚ ਨਾ ਤਾਂ ਬਿਜਲੀ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਕੋਈ ਪ੍ਰਦੂਸ਼ਣ ਹੁੰਦਾ ਹੈ, ਜਿਸ ਨਾਲ ਇਹ ਪੂਰੀ ਤਰ੍ਹਾਂ ਵਾਤਾਵਰਣ-ਮਿੱਤਰ ਤਕਨਾਲੋਜੀ ਹੈ।
ਇਨ੍ਹਾਂ ਘਰਾਟਾਂ ‘ਤੇ ਸਿਰਫ਼ ਕਣਕ ਹੀ ਨਹੀਂ, ਸਗੋਂ ਮੱਕੀ, ਜੌਂ, ਚਾਵਲ, ਛੋਲੇ ਅਤੇ ਵੱਖ-ਵੱਖ ਦਾਲਾਂ ਦਾ ਆਟਾ ਵੀ ਤਿਆਰ ਕੀਤਾ ਜਾ ਸਕਦਾ ਹੈ। ਇਸ ਨਾਲ ਲੋਕਾਂ ਨੂੰ ਵਿਭਿੰਨ ਅਤੇ ਪੌਸ਼ਟਿਕ ਖੁਰਾਕ ਦੇ ਵਿਕਲਪ ਮਿਲਣਗੇ। ਵਿਸ਼ੇਸ਼ਗਿਆਨ ਮੰਨਦੇ ਹਨ ਕਿ ਜੇ ਕੋਈ ਵਿਅਕਤੀ ਲੰਬੇ ਸਮੇਂ ਤੱਕ ਘਰਾਟ ਦਾ ਆਟਾ ਖਾਂਦਾ ਰਹੇ, ਤਾਂ ਉਸਦੀ ਸਿਹਤ ‘ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਅਤੇ ਲੰਬੀ ਉਮਰ ਦੀ ਸੰਭਾਵਨਾ ਵਧਦੀ ਹੈ।
ਮਸ਼ੀਨੀ ਯੁੱਗ ਵਿੱਚ ਭਾਵੇਂ ਲੋਕ ਘਰਾਟਾਂ ਨੂੰ ਲਗਭਗ ਭੁੱਲ ਚੁੱਕੇ ਹਨ, ਪਰ ਇਹ ਰਵਾਇਤੀ ਤਕਨਾਲੋਜੀ ਅੱਜ ਵੀ ਸੋਨੇ ਵਰਗੀ ਕੀਮਤੀ ਹੈ। ਪੰਜਾਬੀ ਵਿਰਸੇ ਦੀ ਪਹਿਚਾਣ ਬਣੇ ਇਹ ਘਰਾਟ ਸਿਰਫ਼ ਇਤਿਹਾਸਕ ਨਿਸ਼ਾਨੀ ਨਹੀਂ, ਸਗੋਂ ਸਿਹਤਮੰਦ ਜੀਵਨ ਸ਼ੈਲੀ ਵੱਲ ਇੱਕ ਵੱਡਾ ਕਦਮ ਸਾਬਤ ਹੋ ਸਕਦੇ ਹਨ।