ਸ਼ਮਸ਼ੇਰ ਦਾ ਨਾਂ ਪੰਜਾਬ 'ਚ ਪੁਲਿਸ ਥਾਣਿਆਂ 'ਤੇ ਹੋਏ ਹੈਂਡ ਗ੍ਰੇਨੇਡ ਹਮਲਿਆਂ 'ਚ ਵੀ ਸਾਹਮਣੇ ਆ ਚੁੱਕਾ ਹੈ। ਇਨ੍ਹਾਂ ਮਾਮਲਿਆਂ 'ਚ ਅਮਰੀਕਾ ਵਿਚ ਰਹਿ ਰਹੇ ਹਰਪ੍ਰੀਤ ਸਿੰਘ ਉਰਫ਼ ਹੈੱਪੀ ਪਸ਼ੀਆਂ ਤੇ ਪਾਕਿਸਤਾਨ 'ਚ ਮੌਜੂਦ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਦੇ ਨਾਂ ਵੀ ਸ਼ਾਮਲ ਹਨ।
ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਪਿਛਲੇ ਸਾਲ ਸੈਕਟਰ-10 'ਚ ਕੋਠੀ ਨੰਬਰ 575 'ਤੇ ਹੋਏ ਹੈਂਡ ਗ੍ਰੇਨੇਡ ਹਮਲੇ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਨਾਲ ਜੁੜੇ ਅੱਤਵਾਦੀ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਦੀ ਭੂਮਿਕਾ ਸਾਹਮਣੇ ਆਈ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਦੀ ਟੀਮ ਸ਼ੇਰਾ ਦੇ ਘਰ ਵੀ ਗਈ ਸੀ, ਪਰ ਉੱਥੇ ਪਤਾ ਲੱਗਾ ਕਿ ਉਹ ਦੋ-ਤਿੰਨ ਸਾਲ ਪਹਿਲਾਂ ਹੀ ਪਿੰਡ ਛੱਡ ਚੁੱਕਾ ਹੈ। ਇਸ ਸੰਦਰਭ 'ਚ ਏਜੰਸੀ ਦੀ ਮੰਗ 'ਤੇ ਚੰਡੀਗੜ੍ਹ ਸਥਿਤ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਸ਼ੇਰਾ ਖਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ।
ਸ਼ਮਸ਼ੇਰ ਦਾ ਨਾਂ ਪੰਜਾਬ 'ਚ ਪੁਲਿਸ ਥਾਣਿਆਂ 'ਤੇ ਹੋਏ ਹੈਂਡ ਗ੍ਰੇਨੇਡ ਹਮਲਿਆਂ 'ਚ ਵੀ ਸਾਹਮਣੇ ਆ ਚੁੱਕਾ ਹੈ। ਇਨ੍ਹਾਂ ਮਾਮਲਿਆਂ 'ਚ ਅਮਰੀਕਾ ਵਿਚ ਰਹਿ ਰਹੇ ਹਰਪ੍ਰੀਤ ਸਿੰਘ ਉਰਫ਼ ਹੈੱਪੀ ਪਸ਼ੀਆਂ ਤੇ ਪਾਕਿਸਤਾਨ 'ਚ ਮੌਜੂਦ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਦੇ ਨਾਂ ਵੀ ਸ਼ਾਮਲ ਹਨ। ਸੈਕਟਰ-10 ਵਿਚ ਹੋਏ ਹੈਂਡ ਗ੍ਰੇਨੇਡ ਹਮਲਿਆਂ ਦੇ ਪਿੱਛੇ ਵੀ ਪਸ਼ੀਆਂ ਤੇ ਰਿੰਦਾ ਦਾ ਹੀ ਨਾਂ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਸ਼ਮਸ਼ੇਰ ਨੂੰ ਹੈੱਪੀ ਪਸ਼ੀਆਂ ਦਾ ਨੇੜਲਾ ਸਾਥੀ ਦੱਸਿਆ ਜਾਂਦਾ ਹੈ। ਉਹ ਆਤੰਕੀ ਹਮਲਿਆਂ ਲਈ ਨੌਜਵਾਨਾਂ ਦੀ ਭਰਤੀ ਕਰਦਾ ਹੈ ਤੇ ਹਥਿਆਰਾਂ ਦੀ ਤਸਕਰੀ ਅਤੇ ਟਾਰਗੇਟ ਦੀ ਰੇਕੀ ਵੀ ਕਰਵਾਉਂਦਾ ਹੈ।
11 ਸਤੰਬਰ 2024 ਨੂੰ ਰੋਹਨ ਅਤੇ ਵਿਸ਼ਾਲ ਮਸੀਹ ਨਾਂ ਦੇ ਦੋ ਨੌਜਵਾਨਾਂ ਨੇ ਸੈਕਟਰ-10 ਦੀ ਇਸ ਕੋਠੀ 'ਚ ਹੈਂਡ ਗ੍ਰੇਨੇਡ ਸੁੱਟਿਆ ਸੀ। ਇਨ੍ਹਾਂ ਦੋਹਾਂ ਦੇ ਫੜੇ ਜਾਣ ਤੋਂ ਬਾਅਦ ਐਨਆਈਏ ਨੇ ਅਭਿਜੋਤ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਹਾਲ ਹੀ 'ਚ ਐਨਆਈਏ ਨੇ ਅਭਿਜੋਤ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਪੁੱਛਗਿੱਛ ਕੀਤੀ ਸੀ। ਪੁੱਛਗਿੱਛ 'ਚ ਪਤਾ ਲੱਗਾ ਕਿ ਅਭਿਜੋਤ ਸਿੰਘ ਦੀ ਸ਼ੇਰਾ ਨਾਲ ਫਰਵਰੀ-ਮਾਰਚ 2024 ਵਿਚ ਆਰਮੇਨੀਆ 'ਚ ਮੁਲਾਕਾਤ ਹੋਈ ਸੀ। ਉੱਥੇ ਉਨ੍ਹਾਂ ਨੇ ਇਸ ਹਮਲੇ ਦੀ ਸਾਜ਼ਿਸ਼ ਰਚੀ।
ਇਸ ਤੋਂ ਬਾਅਦ ਜੂਨ 'ਚ ਭਾਰਤ ਵਾਪਸ ਆਉਣ 'ਤੇ ਸ਼ਮਸ਼ੇਰ ਨੇ ਉਸ ਦੀ ਮੁਲਾਕਾਤ ਹੈੱਪ ਪਸ਼ੀਆਂ ਨਾਲ ਕਰਵਾਈ। ਇਸ ਤੋਂ ਬਾਅਦ ਅਭਿਜੋਤ ਨੇ ਸੈਕਟਰ-10 'ਚ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀ ਦੇ ਘਰ ਦੀ ਰੇਕੀ ਕੀਤੀ ਤੇ ਪਿਸਟਲ ਅਤੇ ਗੋਲੀਆਂ ਇਕੱਠੀਆਂ ਕੀਤੀਆਂ। ਅਗਸਤ 2024 'ਚ ਅਭਿਜੋਤ ਮੁਲਜ਼ਮ ਰੋਹਨ ਮਸੀਹ ਤੇ ਵਿਸ਼ਾਲ ਦੇ ਨਾਲ ਚੰਡੀਗੜ੍ਹ ਆਇਆ ਤੇ ਅਧਿਕਾਰੀ ਦੀ ਹੱਤਿਆ ਦੇ ਇਰਾਦੇ ਨਾਲ ਉਨ੍ਹਾਂ ਸੈਕਟਰ-10 ਦੀ ਕੋਠੀ 'ਚ ਹੈਂਡ ਗ੍ਰੇਨੇਡ ਸੁੱਟ ਦਿੱਤਾ। ਹਾਲਾਂਕਿ ਉਨ੍ਹਾਂ ਦਾ ਇਹ ਯਤਨ ਅਸਫਲ ਰਿਹਾ। ਇਸ ਹਮਲੇ 'ਚ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਇਆ। ਇਸ ਤੋਂ ਇਲਾਵਾ, ਉਕਤ ਪੁਲਿਸ ਅਧਿਕਾਰੀ ਵੀ ਇਸ ਕੋਠੀ ਨੂੰ ਪਹਿਲਾਂ ਹੀ ਛੱਡ ਚੁੱਕਾ ਸੀ।
ਰੋਹਨ ਤੇ ਵਿਸ਼ਾਲ ਵਾਰਦਾਤ ਨੂੰ ਅੰਜਾਮ ਦੇਣ ਲਈ ਸੈਕਟਰ-43 ਤੋਂ ਸੈਕਟਰ-10 ਤੱਕ ਆਟੋ 'ਚ ਆਏ ਸਨ। ਇਸ ਤੋਂ ਬਾਅਦ ਉਹ ਆਟੋ 'ਤੇ ਹੀ ਫਰਾਰ ਹੋ ਗਏ ਸਨ। ਚੰਡੀਗੜ੍ਹ ਪੁਲਿਸ ਨੇ ਵਾਰਦਾਤ ਦੇ ਕੁਝ ਹੀ ਘੰਟਿਆਂ ਬਾਅਦ ਮੁਲਜ਼ਮ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ ਇਸ ਹਮਲੇ ਵਿਚ ਉਸ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ। ਪੰਜਾਬ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਸੀ। ਉਨ੍ਹਾਂ ਰੋਹਨ ਅਤੇ ਵਿਸ਼ਾਲ ਨੂੰ ਲੱਭ ਲਿਆ ਸੀ। ਇਸ ਤੋਂ ਬਾਅਦ ਕੇਸ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਸੀ।