ਇਹ ਵੀ ਦੱਸਿਆ ਗਿਆ ਕਿ ਅਕਾਲੀ ਦਲ ਨੇ ਹਮੇਸ਼ਾ ਸਮਾਜ ਭਲਾਈ ਲਾਭ ਵਧਾਉਣ ’ਤੇ ਧਿਆਨ ਕੇਂਦਰਤ ਕੀਤਾ ਤੇ ਆਟਾ ਦਾਲ ਸਕੀਮ, ਬੁਢਾਪਾ ਪੈਨਸ਼ਨ, ਐੱਸਸੀ ਸਕਾਲਰਸ਼ਿਪ ਸਕੀਮ, ਮੈਡੀਕਲ ਬੀਮਾ ਸਕੀਮ, ਸ਼ਗਨ ਸਕੀਮ, ਲੜਕੀਆਂ ਲਈ ਮੁਫ਼ਤ ਸਾਈਕਲ, ਤੀਰਥ ਯਾਤਰਾ ਸਕੀਮ ਤੇ ਸਪੋਰਟਸ ਕਿੱਟਾਂ ਵੰਡਣ ਦੀ ਸਕੀਮ ਵੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਸ਼ੁਰੂ ਕੀਤੀਆਂ ਗਈਆਂ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ 1 ਫਰਵਰੀ ਤੋਂ ਸ਼ੁਰੂ ਹੋ ਰਹੀ ਪਾਰਟੀ ਦੀ ਪੰਜਾਬ ਬਚਾਓ ਯਾਤਰਾ ਦਾ ਕੈਲੰਡਰ ਅਤੇ ਨਾਲ ਇਕ ਪਰਚਾ ਜਾਰੀ ਕੀਤਾ ਜਿਸ ਵਿਚ ਅਕਾਲੀ ਦਲ ਦੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਹਰ ਮੁਹਾਜ਼ ’ਤੇ ਅਸਫਲ ਹੋਣ ਦੀਆਂ ਤਸਵੀਰਾਂ ਸ਼ਾਮਲ ਕੀਤੀਆਂ ਗਈਆਂ ਹਨ।
ਪਿਛਲੀ ਅਕਾਲੀ ਦਲ ਦੀ ਸਰਕਾਰ ਦੀਆਂ ਪ੍ਰਾਪਤੀਆਂ ਉਜਾਗਰ ਕਰਦੇ ਪਰਚੇ (ਪੈਂਫਲੈਟ) ਵਿਚ ਦੱਸਿਆ ਗਿਆ ਹੈ ਕਿ ਕਿਵੇਂ ਅਕਾਲੀ ਦਲ ਨੇ ਨਾ ਸਿਰਫ ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿੱਤੀ ਬਲਕਿ 3.81 ਲੱਖ ਟਿਊਬਵੈਲ ਕੁਨੈਕਸ਼ਨ ਵੀ ਪ੍ਰਦਾਨ ਕੀਤੇ। ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਅਕਾਲੀ ਦਲ ਦੀ ਸਰਕਾਰ ਵੇਲੇ ਸੜਕ ਨੈਟਵਰਕ ਸਿਸਟਮ ਨੂੰ ਪੂਰੀ ਤਰ੍ਹਾਂ ਨਵੇਂ ਸਿਰੇ ਤੋਂ ਬਣਾਇਆ ਗਿਆ ਤੇ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਚਹੁੰ-ਮਾਰਗੀ ਹਾਈਵੇ ਬਣਾਏ ਗਏ। ਇਹ ਵੀ ਦੱਸਿਆ ਗਿਆ ਕਿ ਸੂਬੇ ਦੇ ਛੇ ਵਿਚੋਂ ਪੰਜ ਥਰਮਲ ਪਲਾਂਟ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਲੱਗੇ ਅਤੇ ਅੰਮ੍ਰਿਤਸਰ, ਮੁਹਾਲੀ, ਬਠਿੰਡਾ, ਸਾਹਨੇਵਾਲ, ਆਦਮਪੁਰ ਤੇ ਪਠਾਨਕੋਟ ਹਵਾਈ ਅੱਡੇ ਇਸ ਦੀਆਂ ਸਰਕਾਰਾਂ ਵੇਲੇ ਬਣਾਏ ਗਏ। ਇਹ ਵੀ ਦੱਸਿਆ ਗਿਆ ਕਿ ਅਕਾਲੀ ਦਲ ਦੀ ਸਰਕਾਰ ਨੇ 3.5 ਲੱਖ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਅਤੇ ਏਮਜ਼ ਬਠਿੰਡਾ, ਕੈਂਸਰ ਹਸਪਤਾਲ ਬਠਿੰਡਾ, ਹੋਮੀ ਭਾਬਾ ਇੰਸਟੀਚਿਊਟ, ਆਈ ਆਈ ਐਮ ਅਤੇ ਆਈ ਆਈ ਟੀ ਸਮੇਤ ਹੋਰ ਪ੍ਰਤੀਸ਼ਠਤ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ।
ਇਹ ਵੀ ਦੱਸਿਆ ਗਿਆ ਕਿ ਅਕਾਲੀ ਦਲ ਨੇ ਹਮੇਸ਼ਾ ਸਮਾਜ ਭਲਾਈ ਲਾਭ ਵਧਾਉਣ ’ਤੇ ਧਿਆਨ ਕੇਂਦਰਤ ਕੀਤਾ ਤੇ ਆਟਾ ਦਾਲ ਸਕੀਮ, ਬੁਢਾਪਾ ਪੈਨਸ਼ਨ, ਐੱਸਸੀ ਸਕਾਲਰਸ਼ਿਪ ਸਕੀਮ, ਮੈਡੀਕਲ ਬੀਮਾ ਸਕੀਮ, ਸ਼ਗਨ ਸਕੀਮ, ਲੜਕੀਆਂ ਲਈ ਮੁਫ਼ਤ ਸਾਈਕਲ, ਤੀਰਥ ਯਾਤਰਾ ਸਕੀਮ ਤੇ ਸਪੋਰਟਸ ਕਿੱਟਾਂ ਵੰਡਣ ਦੀ ਸਕੀਮ ਵੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਸ਼ੁਰੂ ਕੀਤੀਆਂ ਗਈਆਂ।
ਇਹਨਾਂ ਪਰਚਿਆਂ ਵਿਚ ਦੱਸਿਆ ਗਿਆ ਕਿ ਦੂਜੇ ਪਾਸੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਪੰਜਾਬ ਨੂੰ ਤਬਾਹ ਕਰਨ ’ਤੇ ਤੁਲੀ ਹੈ। ਆਪ ਸਰਕਾਰ ਨੇ 20 ਮਹੀਨਿਆਂ ਵਿਚ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਪਰ ਇਸ ਕੋਲ ਵਿਕਾਸ ਜਾਂ ਬੁਨਿਆਦੀ ਢਾਂਚੇ ਦੇ ਨਾਂ ’ਤੇ ਵਿਖਾਉਣ ਲਈ ਕੁਝ ਵੀ ਨਹੀਂ ਹੈ। ਇਸ ਤੋਂ ਇਲਾਵਾ 1500 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਤੇ ਆਪਣੀ ਪਬਲੀਸਿਟੀ ’ਤੇ ਬਰਬਾਦ ਕੀਤੇ ਜਾ ਰਹੇ ਹਨ ਅਤੇ ਸੈਂਕੜੇ ਕਰੋੜ ਰੁਪਏ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹਵਾਈ ਸਫ਼ਰ ਤੇ ਚੋਣ ਮੁਹਿੰਮ ਪ੍ਰੋਗਰਾਮਾਂ ’ਤੇ ਖਰਚ ਕੀਤੇ ਜਾ ਰਹੇ ਹਨ। ਦੇਸ਼ ਭਰ ਵਿਚ ਹੋ ਰਹੇ ਇਹਨਾਂ ਸਾਰੇ ਪ੍ਰੋਗਰਾਮਾਂ ਦਾ ਖਰਚਾ ਪੰਜਾਬ ਦੇ ਸਰਕਾਰੀ ਖਜ਼ਾਨੇ ਵਿਚੋਂ ਕੀਤਾ ਜਾ ਰਿਹਾ ਹੈ। ਇਹ ਵੀ ਦੱਸਿਆ ਗਿਆ ਕਿ ਕਿਵੇਂ ਪੰਜਾਬ ਵਿਚੋਂ ਉਦਯੋਗ ਉੱਤਰ ਪ੍ਰਦੇਸ਼ ਤੇ ਹੋਰ ਰਾਜਾਂ ਵਿਚ ਜਾ ਰਹੇ ਹਨ ਕਿਉਂਕਿ ਆਪ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ।
ਇਹ ਵੀ ਦੱਸਿਆ ਗਿਆ ਕਿ ਆਪ ਸਰਕਾਰ ਦੇ ਰਾਜ ਵਿਚ 565 ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ ਹਨ ਕਿਉਂਕਿ ਉਹਨਾਂ ਨੂੰ ਦਾਲਾਂ ਤੇ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ ਵੀ ਨਹੀਂ ਦਿੱਤਾ ਗਿਆ ਤੇ ਨਾ ਹੀ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਆਪ ਸਰਕਾਰ ਦੇ ਰਾਜ ਵਿਚ 350 ਲੋਕਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋ ਗਈ ਹੈ।