PSEB ਨਾਲ ਜੁੜੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਸਹੂਲਤ, 15% ਦੀ ਛੋਟ ਨਾਲ 10 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਹੋਵੇਗਾ ਲਾਭ
ਨਵੇਂ ਸੁਧਾਰਾਂ ਦਾ ਐਲਾਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਫੈਸਲਾ ਪਾਰਦਰਸ਼ਤਾ ਨੂੰ ਬਿਹਤਰ ਬਣਾਉਣ, ਪਰਿਵਾਰਾਂ ਦਾ ਖਰਚ ਘਟਾਉਣ ਅਤੇ ਵਿਚੋਲਿਆਂ ਤੇ ਨਿਰਭਰਤਾ ਘਟਾਉਣ ਨਾਲ ਨਾਲ ਸਿਲੇਬਸ-ਪੁਸਤਕਾਂ ਦੀ ਸਮੇਂ ਤੇ ਉਪਲਬਧਤਾ ਯਕੀਨੀ ਬਣਾਏਗਾ।
Publish Date: Fri, 24 Apr 2026 08:47 AM (IST)
Updated Date: Fri, 24 Apr 2026 08:51 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਲਈ ਕਿਤਾਬਾਂ ਦੀ ਵੰਡ ’ਚ ਵੱਡਾ ਸੁਧਾਰ ਕੀਤਾ ਹੈ। ਵਿਦਿਅਕ ਸੈਸ਼ਨ 2026-27 ਤੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ (ਪੀਐੱਸਈਬੀ) ਨਾਲ ਸੰਬੰਧਿਤ ਨਿੱਜੀ ਸਕੂਲਾਂ ’ਚ ਪੜ੍ਹ ਰਹੇ ਪਹਿਲੀ ਤੋਂ ਬਾਰਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਸਪਲਾਈ ਸਿੱਧੀ ਤੌਰ ’ਤੇ ਬੋਰਡ ਦੁਆਰਾ ਕੀਤੀ ਜਾਏਗੀ। ਇਸ ਪਹੁੰਚ ਨਾਲ ਕੇਵਲ ਅਧਿਕਾਰਤ ਏਜੰਸੀਆਂ ਅਤੇ ਕਿਤਾਬਾਂ ਵੇਚਣ ਵਾਲੀਆਂ ਦੁਕਾਨਾਂ ਦੀ ਏਕਾ ਅਧਿਕਾਰ ਖਤਮ ਨਹੀਂ ਹੋਵੇਗੀ, ਬਲਕਿ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਰਾਹਤ ਮਿਲੇਗੀ।
ਨਵੇਂ ਸੁਧਾਰਾਂ ਦਾ ਐਲਾਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਫੈਸਲਾ ਪਾਰਦਰਸ਼ਤਾ ਨੂੰ ਬਿਹਤਰ ਬਣਾਉਣ, ਪਰਿਵਾਰਾਂ ਦਾ ਖਰਚ ਘਟਾਉਣ ਅਤੇ ਵਿਚੋਲਿਆਂ ਤੇ ਨਿਰਭਰਤਾ ਘਟਾਉਣ ਨਾਲ ਨਾਲ ਸਿਲੇਬਸ-ਪੁਸਤਕਾਂ ਦੀ ਸਮੇਂ ਤੇ ਉਪਲਬਧਤਾ ਯਕੀਨੀ ਬਣਾਏਗਾ। ਬੈਂਸ ਨੇ ਨਵੇਂ ਸਿਸਟਮ ਬਾਰੇ ਵਿਸਥਾਰ ਨਾਲ ਦੱਸਿਆ ਕਿ ਸਕੂਲ ਸਖ਼ਤੀ ਨਾਲ ਇਹ ਯਕੀਨੀ ਬਣੇਗਾ ਕਿ ਛਪਾਈ ਕੀਤੀ ਕੀਮਤ ਤੋਂ ਵੱਧ ਕੋਈ ਪੈਸਾ ਨਾ ਲਿਆ ਜਾਵੇ। ਇਹ ਕੇਵਲ ਕਿਤਾਬਾਂ ਦੇ ਵੰਡਣ ਦੀ ਸਹੂਲਤ ਹੋਏਗੀ, ਨਾ ਕਿ ਮਾਲੀਆ ਇਕੱਠਾ ਕਰਨ ਦਾ ਕੋਈ ਰਸਤਾ। ਇਸ ਨਾਲ ਨਿਜੀ ਸਕੂਲਾਂ ਦੇ 10 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਮਿਲੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ 15 ਪ੍ਰਤੀਸ਼ਤ ਛੂਟ, ਜੋ ਪਹਿਲਾਂ ਕਿਤਾਬ ਵੇਚਣ ਵਾਲਿਆਂ ਨੂੰ ਮਿਲਦੀ ਸੀ, ਹੁਣ ਸਕੂਲਾਂ ਦੇ ਜਰੀਏ ਸਿੱਧਾ ਵਿਦਿਆਰਥੀਆਂ ਨੂੰ ਮਿਲੇਗੀ। ਇਸ ਕਦਮ ਨਾਲ ਜਿੱਥੇ ਪਰਿਵਾਰਾਂ 'ਤੇ ਆਰਥਿਕ ਭਾਰ ਘਟਣ ਦੀ ਉਮੀਦ ਹੈ, ਉੱਥੇ ਹੀ ਸਿਸਟਮ ’ਚ ਵੱਧ ਜਵਾਬਦੇਹੀ ਵੀ ਆਵੇਗੀ।
ਮੰਤਰੀ ਬੈਂਸ ਨੇ ਕਿਹਾ ਕਿ ਪੀਐੱਸਈਬੀ ਨੇ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਇਕ ਸਮਰਪਿਤ ਈ-ਕਾਮਰਸ ਪੋਰਟਲ ਵੀ ਤਿਆਰ ਕੀਤਾ ਹੈ। ਵਿਦਿਆਰਥੀ ਮੋਬਾਈਲ ਐਪ ਜਾਂ ਆਨਲਾਈਨ ਪੋਰਟਲ ਦੇ ਜਰੀਏ ਪੁਸਤਕਾਂ ਨਾਲ ਸਬੰਧਿਤ ਮੰਗ ਦਰਜ ਕਰ ਸਕਣਗੇ, ਜਦਕਿ ਸਕੂਲ ਕਲਾਸ-ਵਾਰ ਅਤੇ ਵਿਸ਼ੇ-ਵਾਰ ਲੋੜਾਂ ਨੂੰ ਡਿਜੀਟਲ ਰੂਪ ਵਿੱਚ ਅਪਲੋਡ ਕਰ ਸਕਣਗੇ।