ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਨਿਕਲੀ ‘ਸੀਸ ਮਾਰਗ ਯਾਤਰਾ’
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਨਿਕਲੀ ‘ਸੀਸ ਮਾਰਗ ਯਾਤਰਾ’,
Publish Date: Wed, 26 Nov 2025 06:09 PM (IST)
Updated Date: Wed, 26 Nov 2025 06:11 PM (IST)

ਭਾਜਪਾ ਦੇ ਸੀਨੀਅਰ ਆਗੂ ਐੱਸਐੱਮਐੱਸ ਸੰਧੂ ਨੇ ਭਰੀ ਹਾਜ਼ਰੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਦਿੱਲੀ ਦੇ ਚਾਂਦਨੀ ਚੌਕ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੈਤਾ ਜੀ ਦੀ ਪਾਵਨ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨ ਨਾਲ ‘ਸੀਸ ਮਾਰਗ ਯਾਤਰਾ’ ਦੀ ਸ਼ੁਰੂਆਤ ਹੋਈ। ਮੰਗਲਵਾਰ 25 ਨਵੰਬਰ ਨੂੰ ਇਹ ਪਵਿਤਰ ਯਾਤਰਾ ਸ਼ੰਭੂ ਬਾਰਡਰ ਰਾਹੀਂ ਪੰਜਾਬ ਵਿਚ ਪ੍ਰਵੇਸ਼ ਕਰ ਗਈ, ਜਿਸ ਦੌਰਾਨ ਸੰਗਤ ਨੇ ਵੱਡੇ ਉਤਸ਼ਾਹ ਨਾਲ ਹਾਜ਼ਰੀ ਭਰੀ। ਯਾਤਰਾ ਰਾਤ ਦੇ ਸਮੇਂ ਜ਼ੀਰਕਪੁਰ ਦੇ ਇਤਿਹਾਸਕ ਨਾਭਾ ਸਾਹਿਬ ਗੁਰਦੁਆਰਾ ਸਾਹਿਬ ਪਹੁੰਚੀ, ਜਿਥੇ ਸੰਗਤ ਨੇ ਕੀਰਤਨ ਦਾ ਆਨੰਦ ਲਿਆ। ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਇਹ ਮਹਾਨ ਉਪਰਾਲਾ ਭਾਈ ਮਨਜੀਤ ਸਿੰਘ ਜ਼ੀਰਕਪੁਰ (ਗੰਗਾ ਨਰਸਰੀ ਵਾਲੇ) ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। 26 ਨਵੰਬਰ ਦੀ ਸਵੇਰ ਨੂੰ ਯਾਤਰਾ ਨਾਭਾ ਸਾਹਿਬ ਤੋਂ ਰਵਾਨਾ ਹੋ ਕੇ ਆਪਣੇ ਅੰਤਮ ਪੜਾਅ ਸ੍ਰੀ ਅਨੰਦਪੁਰ ਸਾਹਿਬ ਵੱਲ ਅੱਗੇ ਵਧੀ, ਜਿਥੇ ਸੰਗਤ ਵੱਲੋਂ ਵੱਡੀ ਸ਼ਰਧਾ ਨਾਲ ਹਾਜ਼ਰੀ ਭਰੀ। ਸ਼ੰਭੂ ਬਾਰਡਰ ’ਤੇ ਯਾਤਰਾ ਦੇ ਪਹਿਲੇ ਪੜਾਅ ਦੌਰਾਨ ਕਈ ਮਾਨਯੋਗ ਹਸਤੀਆਂ ਨੇ ਪਹੁੰਚ ਕੇ ਆਪਣੀ ਸ਼ਰਧਾ ਪ੍ਰਗਟ ਕੀਤੀ। ਇਸ ਮੌਕੇ ਮੁੱਖ ਤੌਰ ’ਤੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਚੇਅਰਮੈਨ ਪੰਜਾਬ ਇਨਫੋਟੈਕ ਐੱਸਐੱਮਐੱਸ ਸੰਧੂ, ਰਣਵੀਰ ਸਿੰਘ ਖੱਟੜਾ, ਸਾਬਕਾ ਆਈਜੀ ਸਤਬੀਰ ਸਿੰਘ ਖੱਟੜਾ ਅਤੇ ਸੁਰਜੀਤ ਸਿੰਘ ਗੜ੍ਹੀ ਹਾਜ਼ਰ ਰਹੇ। ਇਸ ਤੋਂ ਇਲਾਵਾ ਡੇਰਾਬੱਸੀ ਅਤੇ ਆਲੇ–ਦੁਆਲੇ ਦੇ ਖੇਤਰਾਂ ਤੋਂ ਵੀ ਬਹੁਤ ਸਾਰੇ ਸਮਾਜਸੇਵੀ ਤੇ ਨੇਤਾ ਪਹੁੰਚੇ, ਜਿਨ੍ਹਾਂ ਵਿਚ ਓਮਵੀਰ ਰਾਣਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਲਾਲੜੂ, ਰਾਕੇਸ਼ ਸ਼ਰਮਾ, ਲਾਭ ਸਿੰਘ ਜੋਲਾ ਕਲਾ ਸਾਬਕਾ ਸਰਪੰਚ, ਨੀਟੂ ਸਾਬਕਾ ਸਰਪੰਚ ਜੋਲਾ, ਮਨਪ੍ਰੀਤ ਸਿੰਘ ਸਮਗੌਲੀ, ਅੰਗਰੇਜ਼ ਸਿੰਘ ਕੂੜਾ ਵਾਲਾ, ਦਸ਼ਰਥ ਖੇਲ੍ਹਣ, ਰਮੇਸ਼ਵਰ ਜੋਧਪੁਰ, ਸੁਰੇਂਦਰ ਜੈਲਦਾਰ ਨਗਲਾ ਮੌਜੂਦ ਸਨ। ਇਸ ਮੌਕੇ ਸੰਗਤ ਨੇ ਸੇਵਾ ਸਿਮਰਨ ਅਤੇ ਸ਼ਰਧਾ ਦੇ ਭਾਵ ਨਾਲ ਯਾਤਰਾ ਨੂੰ ਹੋਰ ਵੀ ਰੌਸ਼ਨ ਕੀਤਾ। ਯਾਤਰਾ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਮਰ ਬਲੀਦਾਨ ਅਤੇ ਭਾਈ ਜੈਤਾ ਜੀ ਦੀ ਅਦਵਿੱਤੀ ਸੇਵਾਪ੍ਰਵਿਰਤੀ ਨੂੰ ਨਮਨ ਕੀਤਾ ਗਿਆ।