ਵੱਡੀ ਤਬਦੀਲੀ ਦੇ ਸੰਕੇਤ: ਵੜਿੰਗ-ਬਾਜਵਾ ਸਮੇਤ ਪੰਜ ਆਗੂ ਦਿੱਲੀ ਤਲਬ, ਕਾਂਗਰਸ ਪ੍ਰਧਾਨ ਖੜਗੇ ਤੇ ਰਾਹੁਲ ਗਾਂਧੀ ਕਰਨਗੇ ਬੈਠਕ
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਇਨ੍ਹਾਂ ਆਗੂਆਂ ਨਾਲ ਅਹਿਮ ਚਰਚਾ ਕਰਨਗੇ। ਰਾਜਨੀਤਕ ਹਲਕਿਆਂ ਵਿਚ ਇਸ ਮੀਟਿੰਗ ਨੂੰ ਪੰਜਾਬ ਕਾਂਗਰਸ ਲਈ ਬੇਹਦ ਅਹਿਮ ਮੰਨਿਆ ਜਾ ਰਿਹਾ ਹੈ।
Publish Date: Fri, 29 May 2026 08:28 AM (IST)
Updated Date: Fri, 29 May 2026 08:36 AM (IST)
ਸਟੇਟ ਬਿਊਰੋ, ਚੰਡੀਗੜ੍ਹ : ਭਾਜਪਾ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਵਿਚ ਵੀ ਜਥੇਬੰਦਕ ਤਬਦੀਲੀ ਦੀਆਂ ਗੱਲਾਂ ਤੇਜ਼ ਹੋ ਗਈਆਂ ਹਨ। ਕਾਂਗਰਸ ਹਾਈ ਕਮਾਨ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਕਈ ਅਹਿਮ ਆਗੂਆਂ ਨੂੰ ਦਿੱਲੀ ਬੁਲਾਇਆ ਹੈ। ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਤੇ ਸੀਨੀਅਰ ਆਗੂ ਡਾ. ਅਮਰ ਸਿੰਘ ਨੂੰ ਇਸ ਅਹਿਮ ਬੈਠਕ ਵਿਚ ਸ਼ਾਮਲ ਹੋਣ ਲਈ ਸੱਦਿਆ ਗਿਆ ਹੈ।
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਇਨ੍ਹਾਂ ਆਗੂਆਂ ਨਾਲ ਅਹਿਮ ਚਰਚਾ ਕਰਨਗੇ। ਰਾਜਨੀਤਕ ਹਲਕਿਆਂ ਵਿਚ ਇਸ ਮੀਟਿੰਗ ਨੂੰ ਪੰਜਾਬ ਕਾਂਗਰਸ ਲਈ ਬੇਹਦ ਅਹਿਮ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮੀਟਿੰਗ ਵਿਚ ਪੰਜਾਬ ਕਾਂਗਰਸ ਦੀ ਮੌਜੂਦਾ ਕਾਰਜਕਾਰਨੀ, ਸੰਗਠਨਾਤਮਕ ਢਾਂਚਾ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ’ਤੇ ਚਰਚਾ ਕੀਤੀ ਜਾ ਸਕਦੀ ਹੈ। ਇਸ ਦੇ ਨਾਲ-ਨਾਲ ਸੂਬਾ ਲੀਡਰਸ਼ਿਪ ਵਿਚ ਸੰਭਾਵਤ ਤਬਦੀਲੀਆਂ ’ਤੇ ਵੀ ਵਿਚਾਰ ਕੀਤਾ ਜਾਵੇਗਾ। ਪਾਰਟੀ ਹਾਈ ਕਮਾਨ ਦਾ ਮੰਨਣਾ ਹੈ ਕਿ ਵਿਧਾਨ ਸਭਾ ਚੋਣਾਂ ਲਈ ਸਮਾਂ ਘੱਟ ਬਚਿਆ ਹੈ, ਇਸ ਲਈ ਜਥੇਬੰਦੀ ਨੂੰ ਮਜ਼ਬੂਤ ਤੇ ਸਰਗਰਮ ਬਣਾਉਣ ਲਈ ਵੱਡੇ ਫ਼ੈਸਲੇ ਕੀਤੇ ਜਾ ਸਕਦੇ ਹਨ।
ਸੂਤਰਾਂ ਮੁਤਾਬਕ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨਗੀ ਅਹੁਦੇ ਦੀ ਦੌੜ ਵਿਚ ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ ਦਾ ਨਾਂ ਸਭ ਤੋਂ ਅੱਗੇ ਹੈ। ਇਸ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਵਿੱਚੋਂ ਕਿਸੇ ਇਕ ਨੂੰ ਚੋਣ ਮੁਹਿੰਮ ਕਮੇਟੀ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਇਵੇਂ ਹੀ ਜਲੰਧਰ ਤੋਂ ਵਿਧਾਇਕ ਅਤੇ ਸਾਬਕਾ ਓਲੰਪੀਅਨ ਪਰਗਟ ਸਿੰਘ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ ਦੀ ਚਰਚਾ ਹੋ ਰਹੀ ਹੈ। ਹਾਲਾਂਕਿ, ਕਾਂਗਰਸ ਵੱਲੋਂ ਹੁਣ ਤੱਕ ਕਿਸੇ ਵੀ ਬਦਲਾਅ ’ਤੇ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਦਿੱਲੀ ਵਿਚ ਬੁਲਾਈ ਗਈ ਬੈਠਕ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਨਵੀਂ ਰਾਜਨੀਤਕ ਚਰਚਾ ਸ਼ੁਰੂ ਹੋ ਗਈ ਹੈ। ਪਾਰਟੀ ਦੇ ਵਰਕਰਾਂ ਤੇ ਨੇਤਾਵਾਂ ਦੀ ਨਜ਼ਰ ਹੁਣ ਹਾਈ ਕਮਾਨ ਦੇ ਫੈਸਲੇ ’ਤੇ ਟਿਕੀ ਹੋਈ ਹੈ। ਆਉਣ ਵਾਲੇ ਦਿਨਾਂ ਵਿਚ ਪੰਜਾਬ ਕਾਂਗਰਸ ਵਿਚ ਵੱਡੇ ਜਥੇਬੰਦਕ ਬਦਲਾਅ ਦੇ ਸਬੰਧ ਵਿਚ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।