ਉਧਰ, ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਲੌਂਗੋਵਾਲ ਸਮੇਤ ਹੋਰਨਾਂ ਕਈ ਆਗੂਆਂ ਨੂੰ ਪੰਜਾਬ ਅਤੇ ਪੰਥ ਦਾ ਵਾਸਤਾ ਦੇ ਕੇ ਅਕਾਲੀ ਦਲਾਂ ਵਿਚ ਏਕਾ ਕਰਨ ਲਈ ਮਨਾਉਣ ਲਈ ਯਤਨ ਜਾਰੀ ਹਨ ਪ੍ਰੰਤੂ ਹਾਲੇ ਪਰਮਿੰਦਰ ਢੀਂਡਸਾ ਤੇ ਹੋਰ ਮੰਨਣ ਲਈ ਤਿਆਰ ਨਹੀਂ ਹਨ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਵਿਧਾਨ ਸਭ ਦੀਆਂ ਆਗਾਮੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਹੋਰ ਵੀ ਵੱਡੇ ਝਟਕੇ ਲੱਗਣ ਦੇ ਆਸਾਰ ਬਣਦੇ ਜਾ ਰਹੇ ਹਨ। ਜਿੱਥੇ ਸ਼ਨਿਚਰਵਾਰ ਨੂੰ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਅਤੇ ਸੀਨੀਅਰ ਆਗੂ ਮੱਖਣ ਬਰਾੜ ਅਕਾਲੀ ਦਲ ਪੁਨਰ ਸੁਰਜੀਤ ਤੋਂ ਅਸਤੀਫ਼ਾ ਦੇ ਕੇ ਬਾਗ਼ੀ ਧੜੇ ਤੋਂ ਵੱਖ ਹੋ ਗਏ ਹਨ, ਉੱਥੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਉਨ੍ਹਾਂ ਦੇ ਸਪੁੱਤਰ ਤੇ ਸਨੌਰ ਹਲਕੇ ਤੋਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਮੁੱਖ ਮੰਤਰੀ ਮਰਹੂਮ ਸੁਰਜੀਤ ਸਿੰਘ ਬਰਨਾਲਾ ਦੇ ਸਪੁੱਤਰ ਤੇ ਸਾਬਕਾ ਵਿਧਾਇਕ ਗਗਨਦੀਪ ਸਿੰਘ ਬਰਨਾਲਾ ਵੱਲੋਂ ਵੀ ਜਲਦੀ ਪੁਨਰ ਸੁਰਜੀਤ ਨੂੰ ਅਲਵਿਦਾ ਕਹਿਣ ਦੇ ਚਰਚੇ ਹਨ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਪੰਜਾਬ ਅਤੇ ਪੰਥ ਦੇ ਭਲੇ ਦੇ ਮੁੱਦੇ ’ਤੇ ਕਈ ਵੱਡੇ ਆਗੂਆਂ ਦੀ ਫਿਰ ਤੋਂ ਆਪਣੀ ਮਾਂ ਪਾਰਟੀ ਅਤੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਕੀਤੀ ਜਾ ਸਕਦੀ ਹੈ। ਸਿਆਸੀ ਹਲਕਿਆਂ ਵਿਚ ਅਜਿਹੀਆਂ ਚਰਚਾਵਾਂ ਦਾ ਮਾਹੌਲ ਕਾਫ਼ੀ ਗਰਮ ਹੈ। ਉਧਰ, ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਲੌਂਗੋਵਾਲ ਸਮੇਤ ਹੋਰਨਾਂ ਕਈ ਆਗੂਆਂ ਨੂੰ ਪੰਜਾਬ ਅਤੇ ਪੰਥ ਦਾ ਵਾਸਤਾ ਦੇ ਕੇ ਅਕਾਲੀ ਦਲਾਂ ਵਿਚ ਏਕਾ ਕਰਨ ਲਈ ਮਨਾਉਣ ਲਈ ਯਤਨ ਜਾਰੀ ਹਨ ਪ੍ਰੰਤੂ ਹਾਲੇ ਪਰਮਿੰਦਰ ਢੀਂਡਸਾ ਤੇ ਹੋਰ ਮੰਨਣ ਲਈ ਤਿਆਰ ਨਹੀਂ ਹਨ।
ਇਸ ਸਬੰਧੀ ਸੰਪਰਕ ਕਰਨ ’ਤੇ ਦੋ ਸੀਨੀਅਰ ਅਕਾਲੀ ਆਗੂ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਦੱਸਿਆ ਕਿ ਅਕਾਲੀ ਦਲਾਂ ਵਿਚ ਏਕਾ ਸਮੇਂ ਦੀ ਮੁੱਖ ਲੋੜ ਹੈ। ਹਾਲਾਂਕਿ ਪਹਿਲਾਂ ਇਹ ਗੱਲ ਪ੍ਰਚਾਰੀ ਜਾ ਰਹੀ ਸੀ ਕਿ ਪਟਿਆਲਾ ਵਿਚ ਐਤਵਾਰ ਨੂੰ ਬਿੱਟੂ ਚੱਠਾ ਵੱਲੋਂ ਕੀਤੀ ਜਾ ਰਹੀ ਸਿਆਸੀ ਰੈਲੀ ਵਿਚ ਚੰਦੂਮਾਜਰਾ ਤੇ ਹੋਰ ਆਗੂ ਘਰ ਵਾਪਸੀ ਕਰਨਗੇ ? ਪ੍ਰੰਤੂ ਅੱਜ ਚੰਦੂਮਾਜਰਾ ਦੇ ਵੱਡੇ ਭਰਾ ਹਰੀ ਸਿੰਘ ਚੰਦੂਮਾਜਰਾ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਚੰਦੂਮਾਜਰਾ ਵਿਚ ਹੋਣ ਕਾਰਨ ਘਰ ਵਾਪਸੀ ਦਾ ਪ੍ਰੋਗਰਾਮ ਅੱਗੇ ਟਲ ਗਿਆ ਹੈ। ਉਂਜ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਰਧਾਂਜਲੀ ਸਮਾਗਮ ਵਿਚ ਕਿਹੜੇ-ਕਿਹੜੇ ਵੱਡੇ ਆਗੂ ਪਹੁੰਚਦੇ ਹਨ, ਉਨ੍ਹਾਂ ਦੀ ਸ਼ਮੂਲੀਅਤ ਨੂੰ ਵੀ ਘਰ ਵਾਪਸੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਇਸ ਸਬੰਧੀ ਇਕ ਸਾਬਕਾ ਅਕਾਲੀ ਵਿਧਾਇਕ ਨੇ ਦੱਸਿਆ ਕਿ ਐਤਵਾਰ ਨੂੰ ਤਾਂ ਅਜਿਹਾ ਸੰਭਵ ਨਹੀਂ ਹੈ ਪਰ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਅਕਾਲੀ ਦਲਾਂ ਵਿਚ ਏਕਾ ਸਮੇਂ ਦੀ ਮੁੱਖ ਮੰਗ ਤੇ ਲੋੜ ਵੀ ਹੈ ਕਿਉਂਕਿ ਪਹਿਲਾਂ ਵੀ ਨਾਰਾਜ਼ ਆਗੂਆਂ ਵੱਲੋਂ ਅਲੱਗ ਪਾਰਟੀਆਂ ਬਣਾ ਕੇ ਆਪਣਾ ਵੱਖਰਾ ਚੁੱਲ੍ਹਾ ਚਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਪ੍ਰੰਤੂ ਬਾਅਦ ਵਿਚ ਜ਼ਿਆਦਾਤਰ ਧੜਿਆਂ ਅਤੇ ਪ੍ਰਮੁੱਖ ਆਗੂਆਂ ਨੂੰ ਮੁੜ ਅਕਾਲੀ ਦਲ ਵਿਚ ਸ਼ਾਮਲ ਹੋਣਾ ਪਿਆ ਸੀ।
ਸਾਲ 1997 ਵਿਚ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਸਰਕਾਰ ਬਣੀ ਸੀ। ਉਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਵੀ ਵੱਡੇ ਬਾਦਲ ਹੀ ਸਨ ਜਦੋਂਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ। ਕੁੱਝ ਸਮੇਂ ਬਾਅਦ ਜਥੇਦਾਰ ਟੌਹੜਾ ਦੇ ਇਕ ਬਿਆਨ ਨੂੰ ਲੈ ਕੇ ਵੱਡੇ ਬਾਦਲ ਅਤੇ ਜਥੇਦਾਰ ਟੌਹੜਾ ਵਿਚ ਦੂਰੀਆਂ ਵਧ ਗਈਆਂ ਅਤੇ ਜਥੇਦਾਰ ਟੌਹੜਾ ਵੱਲੋਂ ਸਰਬ ਹਿੰਦ ਅਕਾਲੀ ਦਲ ਬਣਾਇਆ ਗਿਆ। ਜਿਸ ਦੇ ਪ੍ਰਧਾਨ ਜਥੇਦਾਰ ਟੌਹੜਾ ਖ਼ੁਦ ਬਣੇ ਜਦਕਿ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਸਰਪ੍ਰਸਤ ਥਾਪਿਆ ਗਿਆ ਸੀ। ਕਾਫ਼ੀ ਸਮੇਂ ਬਾਅਦ ਸਰਬ ਹਿੰਦ ਅਕਾਲੀ ਦਲ ਦਾ ਮੁੜ ਬਾਦਲ ਧੜੇ ਨਾਲ ਰਲੇਵਾਂ ਹੋ ਗਿਆ। ਇੰਜ ਹੀ ਪਿੱਛੇ ਜਿਹੇ ਸਾਬਕਾ ਕੇਂਦਰੀ ਮੰਤਰੀ ਰਹੇ ਜਥੇਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਇਆ ਸੀ। ਬਾਅਦ ਵਿਚ ਇਸ ਦਾ ਨਾਂ ਬਦਲ ਕੇ ਅਕਾਲੀ ਦਲ ਸੰਯੁਕਤ ਰੱਖਿਆ ਗਿਆ। ਇਹ ਦਲ ਵੀ ਬਹੁਤੀ ਦੇਰ ਨਹੀਂ ਚੱਲ ਸਕਿਆ।
ਅਕਾਲੀ ਦਲ ਲੌਂਗੋਵਾਲ ਵੀ ਹੋਂਦ ਵਿਚ ਆਇਆ ਸੀ। ਹੁਣ ਕੁੱਝ ਸਮਾਂ ਪਹਿਲਾਂ ਸਾਰੇ ਨਾਰਾਜ਼ ਆਗੂਆਂ ਨੇ ਮਿਲ ਕੇ ਅਕਾਲੀ ਦਲ ਪੁਨਰ ਸੁਰਜੀਤ ਬਣਾ ਲਿਆ। ਜਿਸ ਦਾ ਪ੍ਰਧਾਨ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਥਾਪਿਆ ਗਿਆ ਪਰ ਹੁਣ ਇਸ ਵੱਖਰੇ ਚੁੱਲ੍ਹੇ ਦੇ ਕਈ ਵੱਡੇ ਆਗੂਆਂ ਨੇ ਇਕ-ਇਕ ਕਰਕੇ ਵੱਖ ਹੋਣਾ ਸ਼ੁਰੂ ਕਰ ਦਿੱਤਾ ਹੈ। ਅਗਲੇ ਸਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਵੱਡੇ ਪੱਧਰ ’ਤੇ ਆਗੂਆਂ ਦੀ ਦਲ ਬਦਲੀ ਕਰਨ ਦੇ ਚਰਚੇ ਹਨ।