ਜ਼ੀਰਕਪੁਰ ’ਚ ਕੜਾਕੇ ਦੀ ਠੰਢ ਨੇ ਲਈ ਇੱਕ ਹੋਰ ਜਾਨ
ਜ਼ੀਰਕਪੁਰ ਵਿਚ ਕੜਾਕੇ ਦੀ ਠੰਢ ਨੇ ਲਈ ਇਕ ਹੋਰ ਜਾਨ, ਫਲਾਈਓਵਰ ਹੇਠਾਂ ਰਹਿ ਰਹੇ ਵਿਅਕਤੀ ਦੀ ਮੌਤ,
Publish Date: Sun, 04 Jan 2026 09:08 PM (IST)
Updated Date: Sun, 04 Jan 2026 09:11 PM (IST)

- ਫਲਾਈਓਵਰ ਹੇਠਾਂ ਰਹਿ ਰਹੇ ਵਿਅਕਤੀ ਦੀ ਮੌਤ, ਪ੍ਰਸ਼ਾਸਨ ਦੇ ਪ੍ਰਬੰਧਾਂ ’ਤੇ ਉੱਠੇ ਸਵਾਲ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ੀਰਕਪੁਰ ਵਿਚ ਕੜਾਕੇ ਦੀ ਠੰਢ ਨੇ ਇੱਕ ਵਾਰ ਫਿਰ ਇੱਕ ਬੇਸਹਾਰਾ ਵਿਅਕਤੀ ਦੀ ਜਾਨ ਲੈ ਗਈ ਹੈ। 27 ਦਸੰਬਰ 2025 ਨੂੰ ਫਲਾਈਓਵਰ ਹੇਠਾਂ ਹੋਈ ਇੱਕ ਮੌਤ ਤੋਂ ਬਾਅਦ, ਹੁਣ ਬੀਤੀ ਰਾਤ ਇੱਕ ਹੋਰ ਵਿਅਕਤੀ ਨੇ ਠੰਢ ਨਾਲ ਜੂਝਦੇ ਹੋਏ ਦਮ ਤੋੜ ਦਿੱਤਾ। ਇਹ ਘਟਨਾ ਪ੍ਰਸ਼ਾਸਨ ਦੇ ਰੈਣ-ਬਸੇਰਿਆਂ ਦੇ ਦਾਵਿਆਂ ਅਤੇ ਜ਼ਮੀਨੀ ਹਕੀਕਤ ਦੇ ਫਰਕ ਨੂੰ ਉਜਾਗਰ ਕਰਦੀ ਹੈ। ਖੁੱਲ੍ਹੇ ਆਸਮਾਨ ਹੇਠਾਂ ਅਕੜਿਆ ਮਿਲਿਆ ਸਰੀਰ : ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9:00 ਵਜੇ ਜ਼ੀਰਕਪੁਰ ਫਲਾਈਓਵਰ ਦੇ ਹੇਠਾਂ ਖੁੱਲ੍ਹੇ ਅਸਮਾਨ ਹੇਠ ਰਹਿ ਰਹੇ ਇੱਕ ਵਿਅਕਤੀ ਦੀ ਭਿਆਨਕ ਠੰਢ ਕਾਰਨ ਮੌਤ ਹੋ ਗਈ। ਆਸ-ਪਾਸ ਦੇ ਲੋਕਾਂ ਅਨੁਸਾਰ ਜਦੋਂ ਵਿਅਕਤੀ ਨੂੰ ਦੇਖਿਆ ਗਿਆ ਤਾਂ ਉਸ ਦਾ ਸਰੀਰ ਪੂਰੀ ਤਰ੍ਹਾਂ ਅਕੜ ਚੁੱਕਾ ਸੀ। ਸਥਾਨਕ ਲੋਕਾਂ ਵਿਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਸਰਦੀਆਂ ਵਿਚ ਬੇਸਹਾਰਾ ਲੋਕਾਂ ਦੀ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਅਸਲ ਵਿਚ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਯੂਪੀ ਦਾ ਰਹਿਣ ਵਾਲਾ ਸੀ ਮ੍ਰਿਤਕ : ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਡੇਰਾਬੱਸੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ। ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸ਼ੀਸ਼ਪਾਲ (42) ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਮ੍ਰਿਤਕ ਪ੍ਰੀਤ ਕਾਲੋਨੀ ਸਥਿਤ ਸਬਜ਼ੀ ਮੰਡੀ ਵਿਚ ਕੰਮ ਕਰਦਾ ਸੀ ਅਤੇ ਪੁਲ਼ ਦੇ ਹੇਠਾਂ ਹੀ ਰਹਿੰਦਾ ਸੀ। ਮ੍ਰਿਤਕ ਦੀ ਪਛਾਣ ਰਾਮਗੜ੍ਹ ਭੁੱਡਾ ਵਿਚ ਰਹਿਣ ਵਾਲੇ ਉਸ ਦੇ ਭਰਾ ਸਤੀਸ਼ ਕੁਮਾਰ ਨੇ ਕੀਤੀ ਹੈ। ਪ੍ਰਬੰਧਾਂ ਦੀ ਘਾਟ ਕਾਰਨ ਜਾਨਾਂ ਖ਼ਤਰੇ ’ਚ : ਇਸ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੜਾਕੇ ਦੀ ਠੰਢ ਦੌਰਾਨ ਬੇਸਹਾਰਾ ਲੋਕਾਂ ਲਈ ਢੁੱਕਵੇਂ ਪ੍ਰਬੰਧਾਂ ਦੀ ਭਾਰੀ ਘਾਟ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਸੜਕਾਂ ’ਤੇ ਰਹਿ ਰਹੇ ਲੋਕਾਂ ਨੂੰ ਰੈਣ-ਬਸੇਰਿਆਂ ’ਚ ਭੇਜਣ ਦੀ ਮੁਹਿੰਮ ਚਲਾਵੇ ਤਾਂ ਜੋ ਹੋਰ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।