ਚੰਡੀਗੜ੍ਹ ਮਗਰੋਂ ਹੁਣ ਮੁਹਾਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਦਹਿਸ਼ਤ ਦੇ ਮਾਹੌਲ ਦਰਮਿਆਨ ਛੁੱਟੀ
ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਅੱਜ ਸਵੇਰੇ ਮੁਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਕਈ ਪ੍ਰਾਈਵੇਟ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ।
Publish Date: Wed, 11 Feb 2026 09:20 AM (IST)
Updated Date: Wed, 11 Feb 2026 09:40 AM (IST)
ਰਣਜੀਤ ਸਿੰਘ ਰਾਣਾ ਐਸ ਏ ਐਸ ਨਗਰ : ਬੁੱਧਵਾਰ ਸਵੇਰੇ ਮੋਹਾਲੀ ਸ਼ਹਿਰ ਦੇ ਕਰੀਬ 16 ਸਕੂਲਾਂ ਅਤੇ ਜ਼ੀਰਕਪੁਰ ਤੇ ਖਰੜ ਦੇ ਇੱਕ-ਇੱਕ ਸਕੂਲ ਨੂੰ ਭੇਜੇ ਗਏ ਬੰਬ ਹੋਣ ਦੀ ਧਮਕੀ ਭਰੇ ਈਮੇਲ ਮਿਲਣ ਤੋਂ ਬਾਅਦ ਮੋਹਾਲੀ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ।
ਲਰਨਿੰਗ ਪਾਥਸ ਸਕੂਲ, ਸੈਕਟਰ-67 ਦੇ ਬਾਹਰ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਹ ਧਮਕੀ ਭਰੇ ਈਮੇਲ ਸਵੇਰੇ ਲਗਭਗ 7:30 ਤੋਂ 8:00 ਵਜੇ ਦਰਮਿਆਨ ਨਿੱਜੀ ਸਕੂਲਾਂ ਨੂੰ ਮਿਲੇ। ਜਾਣਕਾਰੀ ਮਿਲਦੇ ਹੀ ਐੱਸ.ਪੀਜ਼, ਡੀ.ਐੱਸ.ਪੀਜ਼ ਅਤੇ ਐੱਸ.ਐੱਚ.ਓਜ਼ ਦੀ ਅਗਵਾਈ ਹੇਠ ਪੁਲਿਸ ਟੀਮਾਂ, ਐਂਟੀ-ਸਾਬੋਟਾਜ ਟੀਮਾਂ ਅਤੇ ਬੰਬ ਨਿਰੋਧਕ ਦਸਤਿਆਂ ਸਮੇਤ ਤੁਰੰਤ ਸਕੂਲਾਂ ਵਿੱਚ ਪਹੁੰਚ ਗਈਆਂ।
ਉਨ੍ਹਾਂ ਕਿਹਾ ਕਿ ਵਾਧੂ ਫੋਰਸ ਅਤੇ ਗੁਆਂਢੀ ਜ਼ਿਲ੍ਹਿਆਂ ਤੇ ਚੰਡੀਗੜ੍ਹ ਮੁੱਖ ਦਫ਼ਤਰ ਤੋਂ ਆਈਆਂ ਵਿਸ਼ੇਸ਼ ਟੀਮਾਂ ਦੇ ਸਹਿਯੋਗ ਨਾਲ ਲਗਭਗ ਢਾਈ ਘੰਟਿਆਂ ਵਿੱਚ ਸਾਰੇ ਸਕੂਲਾਂ ਦੀ ਚੈਕਿੰਗ ਮੁਕੰਮਲ ਕਰ ਲਈ ਗਈ।
ਤਲਾਸ਼ੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਅਤੇ ਸਟਾਫ ਲਈ ਖਾਲੀ ਕਰਵਾ ਕੇ ਬੰਦ ਕਰ ਦਿੱਤਾ ਗਿਆ ਸੀ। “ਪ੍ਰਮਾਤਮਾ ਦੀ ਕਿਰਪਾ ਨਾਲ ਕਿਸੇ ਵੀ ਥਾਂ ਤੋਂ ਕੋਈ ਵੀ ਧਮਾਕੇਖੇਜ਼ ਸਮੱਗਰੀ ਨਹੀਂ ਮਿਲੀ,” ਐੱਸ.ਐੱਸ.ਪੀ. ਹਾਂਸ ਨੇ ਕਿਹਾ।
ਇਹ ਸਰਚ ਓਪਰੇਸ਼ਨ ਐੱਸ.ਪੀ. ਸਿਟੀ ਦਿਲਪ੍ਰੀਤ ਸਿੰਘ ਐੱਸ.ਪੀ. ਨਵਨੀਤ ਸਿੰਘ ਮਾਹਲ, ਮੋਹਿਤ ਅਗਰਵਾਲ, ਸੁਖਨਾਜ ਸਿੰਘ, ਰਮਨਦੀਪ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ; ਡੀ.ਐੱਸ.ਪੀ. ਸਿਟੀ-1 ਪ੍ਰਿਥਵੀ ਸਿੰਘ ਚਾਹਲ, ਡੀ.ਐੱਸ.ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਅਤੇ ਸਾਰੇ ਐੱਸ.ਐੱਚ.ਓਜ਼ ਵੱਲੋਂ ਕੀਤਾ ਗਿਆ।
ਜਿਨ੍ਹਾਂ ਸਕੂਲਾਂ ਵਿੱਚ ਚੈਕਿੰਗ ਕੀਤੀ ਗਈ, ਉਨ੍ਹਾਂ ਵਿੱਚ ਐਮਿਟੀ ਸਕੂਲ, ਦੂਨ ਸਕੂਲ, ਲਰਨਿੰਗ ਪਾਥਸ, ਗੁਰੁਕੁਲ ਸਕੂਲ, ਵਿਵੇਕ ਹਾਈ ਸਕੂਲ, ਪੈਰਾਗਨ ਸਕੂਲ, ਵਾਈ.ਪੀ.ਐੱਸ., ਸੇਂਟ ਮੇਰੀਜ਼ ਸਕੂਲ, ਮਾਨਵ ਰਚਨਾ ਸਕੂਲ, ਲਾਰੈਂਸ ਸਕੂਲ, ਜੈਮ ਪਬਲਿਕ ਸਕੂਲ, ਰਾਮ ਤੀਰਥ ਸਕੂਲ, ਸ਼ਿਵਾਲਿਕ ਪਬਲਿਕ ਸਕੂਲ ਅਤੇ ਸੰਤ ਈਸ਼ਰ ਸਿੰਘ ਸਕੂਲ ਸਮੇਤ ਹੋਰ ਸਕੂਲ ਸ਼ਾਮਲ ਸਨ।
ਐੱਸ.ਐੱਸ.ਪੀ. ਹਾਂਸ ਨੇ ਕਿਹਾ ਕਿ ਮੋਹਾਲੀ ਪੁਲਿਸ ਅਜਿਹੀਆਂ ਘਟਨਾਵਾਂ ਪ੍ਰਤੀ ਪੂਰੀ ਤਰ੍ਹਾਂ ਚੌਕਸ ਹੈ। ਐੱਫ.ਆਈ.ਆਰ ਦਰਜ ਕੀਤੀ ਜਾ ਰਹੀ ਹੈ ਅਤੇ ਕੇਸ ਨੂੰ ਧਮਕੀ ਭਰੇ ਈਮੇਲ ਦੇ ਮੂਲ ਦਾ ਪਤਾ ਲਗਾਉਣ ਅਤੇ ਵਿਸਥਾਰਪੂਰਵਕ ਜਾਂਚ ਲਈ ਸਾਇਬਰ ਪੁਲਿਸ ਸਟੇਸ਼ਨ, ਫੇਜ਼-7, ਮੋਹਾਲੀ ਨੂੰ ਸੌਂਪ ਦਿੱਤਾ ਗਿਆ ਹੈ।