ਮੁਹਾਲੀ ਅਦਾਲਤ ਨੇ ਵਾਹਨ ਚੋਰ ਗਿਰੋਹ ਦੇ ਸਰਗਨਾ 'ਜੋਜੀ' ਦੀ ਦੂਜੀ ਜ਼ਮਾਨਤ ਅਰਜ਼ੀ ਕੀਤੀ ਰੱਦ
ਵਾਹਨ ਚੋਰ ਗਿਰੋਹ ਦੇ ਸਰਗਨਾ ਦੀ
Publish Date: Fri, 19 Dec 2025 08:17 PM (IST)
Updated Date: Fri, 19 Dec 2025 08:19 PM (IST)

ਜਾਅਲਸਾਜ਼ੀ ਅਤੇ ਚੋਰੀ ਦੇ ਗੰਭੀਰ ਦੋਸ਼ਾਂ ਦੇ ਚਲਦਿਆਂ ਅਦਾਲਤ ਨੇ ਨਹੀਂ ਦਿੱਤੀ ਕੋਈ ਰਾਹਤ; ਮੁਲਜ਼ਮ ਖ਼ਿਲਾਫ਼ ਦਿੱਲੀ ਵਿਚ ਵੀ ਦਰਜ ਹਨ 10 ਮਾਮਲੇ ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੀ ਇਕ ਅਦਾਲਤ ਨੇ ਵਾਹਨ ਚੋਰੀ ਅਤੇ ਦਸਤਾਵੇਜ਼ਾਂ ਦੀ ਜਾਅਲਸਾਜ਼ੀ ਦੇ ਗੰਭੀਰ ਦੋਸ਼ਾਂ ਵਿਚ ਘਿਰੇ ਮੁਲਜ਼ਮ ਰਣਬੀਰ ਸਿੰਘ ਉਰਫ਼ ਜੋਜੀ ਦੀ ਦੂਜੀ ਨਿਯਮਤ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਪਹਿਲੀ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਹਾਲਾਤਾਂ ਵਿਚ ਕੋਈ ਅਜਿਹਾ ਬਦਲਾਅ ਨਹੀਂ ਆਇਆ ਹੈ, ਜਿਸ ਦੇ ਆਧਾਰ ਤੇ ਮੁਲਜ਼ਮ ਨੂੰ ਰਾਹਤ ਦਿੱਤੀ ਜਾ ਸਕੇ। ਪੁਲਿਸ ਨੇ ਅਦਾਲਤ ਵਿਚ ਦੱਸਿਆ ਕਿ ਰਣਬੀਰ ਸਿੰਘ ਉਸ ਗਿਰੋਹ ਦਾ ਮੁੱਖ ਸਰਗਨਾ (ਕਿੰਗਪਿਨ) ਹੈ, ਜੋ ਵਾਹਨ ਚੋਰੀ ਕਰਕੇ ਉਨ੍ਹਾਂ ਦੇ ਇੰਜਣ ਅਤੇ ਚੈਸੀ ਨੰਬਰਾਂ ਨਾਲ ਛੇੜਛਾੜ ਕਰਦਾ ਸੀ ਅਤੇ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਉਨ੍ਹਾਂ ਨੂੰ ਅੱਗੇ ਵੇਚਦਾ ਸੀ। ਪੁਲਿਸ ਨੇ 18 ਅਗਸਤ ਨੂੰ ਇਕ ਗੁਪਤ ਸੂਚਨਾ ਦੇ ਆਧਾਰ ਤੇ ਏਅਰਪੋਰਟ ਰੋਡ ਤੇ ਨਾਕਾਬੰਦੀ ਦੌਰਾਨ ਮੁਲਜ਼ਮ ਨੂੰ ਉਸ ਦੇ ਸਾਥੀਆਂ ਸਮੇਤ ਇਕ ਚੋਰੀ ਦੀ ਥਾਰ ਜੀਪ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਸ ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ। ਤਫ਼ਤੀਸ਼ ਦੌਰਾਨ ਪੁਲਿਸ ਨੇ ਮੁਲਜ਼ਮ ਕੋਲੋਂ ਚਾਰ ਚੋਰੀ ਦੇ ਵਾਹਨ ਅਤੇ ਇੰਜਣ ਨੰਬਰ ਬਦਲਣ ਲਈ ਵਰਤੀ ਜਾਣ ਵਾਲੀ ਡਾਟ ਮਾਰਕਿੰਗ ਮਸ਼ੀਨ ਵੀ ਬਰਾਮਦ ਕੀਤੀ ਹੈ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਮੁਲਜ਼ਮ ਖ਼ਿਲਾਫ਼ ਨਵੀਂ ਦਿੱਲੀ ਵਿਚ ਵਾਹਨ ਚੋਰੀ ਦੀਆਂ 10 ਐੱਫਆਈਆਰ ਪਹਿਲਾਂ ਹੀ ਦਰਜ ਹਨ। ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਮੁਲਜ਼ਮ 18 ਅਗਸਤ ਤੋਂ ਹਿਰਾਸਤ ਵਿਚ ਹੈ ਅਤੇ ਜਾਂਚ ਮੁਕੰਮਲ ਹੋ ਚੁੱਕੀ ਹੈ, ਪਰ ਅਦਾਲਤ ਨੇ ਇਨ੍ਹਾਂ ਦਲੀਲਾਂ ਨੂੰ ਨਾਕਾਫ਼ੀ ਮੰਨਦਿਆਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਰਫ਼ ਲੰਬੀ ਹਿਰਾਸਤ ਜ਼ਮਾਨਤ ਦਾ ਆਧਾਰ ਨਹੀਂ ਬਣ ਸਕਦੀ।