ਇਹ ਵੀ ਹੈ ਕਿ ਬੱਚਿਆਂ ਲਈ ਇਸ ਨੂੰ ਖੁੱਲ੍ਹਾ ਵੀ ਨਹੀਂ ਛੱਡ ਸਕਦੇ। ਬੱਚੇ ਇੰਟਰਨੈੱਟ ਦਾ ਇਸਤੇਮਾਲ ਜ਼ਰੂਰ ਕਰਨ ਪਰ ਨਾਲ ਹੀ ਉਨ੍ਹਾਂ ਨੂੰ ਇੰਟਰਨੈੱਟ ਮੀਡੀਆ ਦੇ ਗਲਤ ਪ੍ਰਭਾਵ ਤੋਂ ਬਚਣਾ ਵੀ ਚਾਹੀਦਾ ਹੈ। ਸਕੂਲੀ ਬੱਚਿਆਂ ਨੂੰ ਇੰਟਰਨੈੱਟ ਮੀਡੀਆ ਤੋਂ ਕਿਵੇਂ ਦੂਰ ਰੱਖਣਾ ਹੈ ਤੇ ਉਨ੍ਹਾਂ ਨੂੰ ਕਿੰਨੀ ਛੋਟ ਹੋਣੀ ਚਾਹੀਦੀ ਹੈ, ਇਸ ’ਤੇ ਸਰਕਾਰ ਕੰਮ ਕਰ ਰਹੀ ਹੈ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਅਜੋਕੇ ਦੌਰ ’ਚ ਇੰਟਰਨੈੱਟ ਮੀਡੀਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅੱਜ ਬੱਚੇ ਪੜ੍ਹਾਈ ’ਚ ਵੀ ਇਸ ਦਾ ਕਾਫ਼ੀ ਇਸਤੇਮਾਲ ਕਰ ਰਹੇ ਹਨ। ਹੁਣ ਤਾਂ ਏਆਈ ਦਾ ਜ਼ਮਾਨਾ ਹੈ। ਇਸ ਹਾਲਤ ’ਚ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਹ ਵੀ ਹੈ ਕਿ ਬੱਚਿਆਂ ਲਈ ਇਸ ਨੂੰ ਖੁੱਲ੍ਹਾ ਵੀ ਨਹੀਂ ਛੱਡ ਸਕਦੇ। ਬੱਚੇ ਇੰਟਰਨੈੱਟ ਦਾ ਇਸਤੇਮਾਲ ਜ਼ਰੂਰ ਕਰਨ ਪਰ ਨਾਲ ਹੀ ਉਨ੍ਹਾਂ ਨੂੰ ਇੰਟਰਨੈੱਟ ਮੀਡੀਆ ਦੇ ਗਲਤ ਪ੍ਰਭਾਵ ਤੋਂ ਬਚਣਾ ਵੀ ਚਾਹੀਦਾ ਹੈ। ਸਕੂਲੀ ਬੱਚਿਆਂ ਨੂੰ ਇੰਟਰਨੈੱਟ ਮੀਡੀਆ ਤੋਂ ਕਿਵੇਂ ਦੂਰ ਰੱਖਣਾ ਹੈ ਤੇ ਉਨ੍ਹਾਂ ਨੂੰ ਕਿੰਨੀ ਛੋਟ ਹੋਣੀ ਚਾਹੀਦੀ ਹੈ, ਇਸ ’ਤੇ ਸਰਕਾਰ ਕੰਮ ਕਰ ਰਹੀ ਹੈ। ਸਰਕਾਰ ਨੇ ਇਸ ਦੀ ਸਟਡੀ ਲਈ ਇਕ ਕਮੇਟੀ ਬਣਾਈ ਹੈ। ਇਸ ਕਮੇਟੀ ’ਚ ਸਿੱਖਿਆ ਮਾਹਿਰ, ਅਧਿਆਪਕ, ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਚਾਈਲਡ ਵੈੱਲਫੇਅਰ ਵਿਭਾਗ ਦੇ ਅਧਿਕਾਰੀ ਸ਼ਾਮਲ ਹਨ। ਇਹ ਕਮੇਟੀ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਜਿਨ੍ਹਾਂ ਸੂਬਿਆਂ ਨੇ ਬੱਚਿਆਂ ਲਈ ਇੰਟਰਨੈੱਟ ਮੀਡੀਆ ’ਤੇ ਪਾਬੰਦੀ ਲਗਾਈ ਹੈ, ਉਸ ਦਾ ਕੀ ਨਤੀਜਾ ਸਾਹਮਣੇ ਆਇਆ ਹੈ। ਜਿੱਥੇ ਪਾਬੰਦੀ ਨਹੀਂ ਹੈ, ਉੱਥੇ ਬੱਚਿਆਂ ਦੇ ਨਤੀਜੇ ’ਚ ਕਿੰਨਾ ਫਰਕ ਪਿਆ ਹੈ। ਇਹ ਕਮੇਟੀ ਆਪਣੀ ਰਿਪੋਰਟ ਦੇਵੇਗੀ, ਜਿਸ ਤੋਂ ਬਾਅਦ ਸਰਕਾਰ ਤੈਅ ਕਰੇਗੀ ਕਿ ਸਕੂਲੀ ਵਿਦਿਆਰਥੀਆਂ ਦੇ ਇੰਟਰਨੈੱਟ ਮੀਡੀਆ ਦੇ ਇਸਤੇਮਾਲ ’ਤੇ ਕਿੰਨੀ ਤੇ ਕਿਸ ਤਰ੍ਹਾਂ ਦੀ ਪਾਬੰਦੀ ਲਗਾਈ ਜਾਵੇ। ਇਹ ਗੱਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਵੱਲੋਂ ਚੰਡੀਗੜ੍ਹ ’ਚ ਕਰਵਾਏ ‘ਜਾਗਰਣ ਵਿਮਰਸ਼ ਪ੍ਰੋਗਰਾਮ’ ਦੌਰਾਨ ਕਹੀਆਂ। ਬਲੈਕਬੋਰਡ ਤੋਂ ਸਟਾਰਡ ਬੋਰਡ ਤੱਕ-ਰਵਾਇਤੀ ਸਿੱਖਿਆ ਢਾਂਚਾ ਬਨਾਮ ਏਆਈ ਮੋਡ ਆਫ ਐਜੂਕੇਸ਼ਨ ਵਿਸ਼ੇ ’ਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇੰਟਰਨੈੱਟ ਮੀਡੀਆ ’ਤੇ ਪਹਿਲਾਂ ਹੀ ਇਹ ਨਿਯਮ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਲੋਕ ਆਪਣਾ ਅਕਾਊਂਟ ਨਹੀਂ ਬਣਾ ਸਕਦੇ•। ਇਸ ਦੇ ਬਾਵਜੂਦ ਬੱਚਿਆਂ ਦੇ ਅਕਾਊਂਟ ਕਈ ਸੋਸ਼ਲ ਸਾਈਟਾਂ ’ਤੇ ਬਣ ਜਾਂਦੇ ਹਨ। ਇਸ ਦਾ ਕਿਤੇ ਨਾ ਕਿਤੇ ਬੱਚਿਆਂ ’ਤੇ ਮਾੜਾ ਪ੍ਰਭਾਵ ਵੀ ਪੈ ਰਿਹਾ ਹੈ। ਅਹਿਮ ਗੱਲ ਇਹ ਵੀ ਹੈ ਕਿ ਬੱਚਿਆਂ ਨੂੰ ਸਕੂਲ ਪੱਧਰ ’ਤੇ ਹੀ ਬਦਲਦੀ ਤਕਨੀਕ ਨਾਲ ਅਪਡੇਟ ਕੀਤਾ ਜਾਵੇ।
ਬੈਂਸ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਤਰਜੀਹ ਵਿਦਿਆਰਥੀਆਂ ਨੂੰ ਸਕੂਲ ਪੱਧਰ ਤੋਂ ਹੀ ਇੰਟਰਪ੍ਰੇਨਯੋਰ ਬਣਾਉਣਾ ਹੈ, ਜਿਸ ਦੇ ਲਈ ਵਿਦਿਆਰਥੀਆਂ ਲਈ ਬਿਜ਼ਨਸ ਬਲਾਸਟਰ ਪ੍ਰੋਜੈਕਟ ਸ਼ੁਰੂ ਕੀਤਾ। ਇਸ ਤਹਿਤ ਹਰ ਬੱਚੇ ਨੂੰ ਇਕ-ਇਕ ਰੁਪਏ ਦੀ ਸੀਡ ਮਨੀ ਦੇ ਰੂਪ ’ਚ ਰਾਸ਼ੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਛੋਟੇ-ਛੋਟੇ ਬਿਜ਼ਨਸ ਆਇਡੀਆਜ਼ ਜ਼ਰੀਏ ਇੰਟਰਪ੍ਰੇਨਯੋਰ ਬਣਨ। ਹੁਣ ਤਾਂ ਕਾਲਜਾਂ ’ਚ ਪੜ੍ਹਨ ਵਾਲੇ ਹਰ ਵਿਦਿਆਰਥੀ ’ਤੇ ਇਸ ਨੂੰ ਲਾਗੂ ਕੀਤਾ ਹੈ, ਜਿਸ ਵਿਚ ਉਨ੍ਹਾਂ ਨੂੰ ਕ੍ਰੈਡਿਟ ਸਕੋਰ ਹੀ ਉਸੇ ਆਧਾਰ ’ਤੇ ਮਿਲੇਗਾ। ਹਰ ਵਿਦਿਆਰਥੀ ਨੂੰ ਸਟਾਰਟਅਪ ਆਇਡੀਆਜ਼ ਦੇਣ ਤੇ ਉਸ ’ਤੇ ਕੰਮ ਕਰਨਾ ਪਵੇਗਾ। ਇਸ ਦੇ ਨਾਲ-ਨਾਲ ਵਿਦਿਆਰਥੀਆਂ ਦੇ ਬਿਹਤਰੀਨ ਆਇਡੀਆਜ਼ ਨੂੰ ਸਾਕਾਰ ਕਰਨ ਲਈ ਪ੍ਰੋਫੈਸ਼ਨਲ ਬਾਡੀਜ਼ ਦਾ ਸਾਥ ਦਿਵਾਇਆ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਸਟਾਰਟਅੱਪ ਆਇਡੀਆਜ਼ ਨੂੰ ਵੱਡੇ ਪੱਧਰ ਤੱਕ ਲਿਜਾ ਸਕਣ।
ਪੰਜਾਬ ਪਹਿਲਾ ਸੂਬਾ, ਜਿਸ ਨੇ ਆਪਣੇ ਸਕੂਲਾਂ ’ਚ ਏਆਈ ਲਾਂਚ ਕੀਤਾ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਦੇਸ਼ ’ਚ ਪੰਜਾਬ ਪਹਿਲਾ ਸੂਬਾ ਹੈ, ਜਿੱਥੇ ਛੇਵੀਂ ਤੋਂ 12ਵੀਂ ਕਲਾਸ ਤੱਕ ਸਕੂਲਾਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਵਿਸ਼ੇ ਨੂੰ ਸ਼ੁਰੂ ਕੀਤਾ ਗਿਆ ਹੈ। ਵਿਦਿਆਰਥੀ ਛੇਵੀਂ ਕਲਾਸ ਤੋਂ ਹੀ ਏਆਈ ਦੇ ਨਾਲ ਕੋਡਿੰਗ ਵੀ ਪੜ੍ਹਨਗੇ ਤੇ ਸਿੱਖਣਗੇ। ਛੇਵੀਂ ਦਾ ਬੱਚਾ ਜਦੋਂ ਤੱਕ 12ਵੀਂ ’ਚ ਪਹੁੰਚੇਗਾ, ਉਦੋਂ ਤੱਕ ਏਆਈ ’ਚ ਵੀ ਕਈ ਬਦਲਾਅ ਆ ਚੁੱਕੇ ਹੋਣਗੇ। ਅਸੀਂ ਚਾਹੁੰਦੇ ਹਾਂ ਕਿ ਉਹ ਨਾਲ-ਨਾਲ ਕੋਡਿੰਗ ਵੀ ਸਿੱਖਣ ਅਤੇ 12ਵੀਂ ਤੱਕ ਕੋਡਿੰਗ ’ਚ ਮਾਸਟਰ ਬਣ ਕੇ ਸਕੂਲ ਤੋਂ ਬਾਹਰ ਨਿਕਲਣ। ਸਕੂਲਾਂ ’ਚ ਸਿਰਫ਼ ਵਿਦਿਆਰਥੀ ਪੜ੍ਹਨਗੇ ਹੀ ਨਹੀਂ, ਬਲਕਿ ਉਸ ਨੂੰ ਬਾਰੀਕੀ ਨਾਲ ਸਮਝਣਗੇ ਵੀ। ਸਿਰਫ਼ ਇੰਟਰਐਕਟਿਵ ਸੈਸ਼ਨ ਹੀ ਨਹੀਂ, ਬਲਕਿ ਪ੍ਰੈਕਟੀਕਲ ਵਰਕ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਲਈ ਪੰਜਾਬ ਦੇ ਹਰ ਸਕੂਲ ਨੂੰ ਵਾਈਫਾਈ ਦਿੱਤਾ ਗਿਆ ਹੈ। ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਜੇਈਈ ਤੇ ਨੀਟ ਦੀਆਂ ਮੁਕਾਬਲੇਬਾਜ਼ੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਦਿਵਾਈ ਜਾ ਰਹੀ ਹੈ। ਉਨ੍ਹਾਂ ਤੋਂ ਪਹਿਲਾਂ ਕਿਸੇ ਨੇ ਇਸ ਬਾਰੇ ਸੋਚਿਆ ਵੀ ਨਹੀਂ ਸੀ। ਪਰ ਅੱਜ ਵਿਦਿਆਰਥੀਆਂ ਨੂੰ ਨਾਮੀ ਕੋਚਿੰਗ ਇੰਸਟੀਚਿਊਟਸ ਦੇ ਐਕਸਪਰਟ ਕੋਚਿੰਗ ਦੇ ਰਹੇ ਹਨ। ਜੇਈਈ ਮੇਨਸ-1 ’ਚ ਕੋਚਿੰਗ ਦੇ ਬਿਹਤਰ ਨਤੀਜੇ ਆਏ ਹਨ ਤੇ ਨੀਟ ਦੇ ਨਤੀਜਿਆਂ ਦਾ ਇੰਤਜ਼ਾਰ ਹੈ। ਉੱਥੇ ਜੇਈਈ-2 ਲਈ ਕੋਚਿੰਗ ਵਿਦਿਆਰਥੀ ਲੈ ਰਹੇ ਹਨ। ਆਉਣ ਵਾਲੇ ਸਮੇਂ ’ਚ ਇਸ ਦੇ ਬਿਹਤਰ ਨਤੀਜੇ ਹੀ ਨਹੀਂ ਆਉਣਗੇ ਸਗੋਂ ਰਿਕਾਰਡ ਵੀ ਬਣਨਗੇ।
ਅਧਿਆਪਕ ਅਪਡੇਟ ਹੋਣ ਤੇ ਜਾਣਨ ਦੇਸ਼-ਵਿਦੇਸ਼ ’ਚ ਕੀ ਤਰੀਕੇ ਅਪਣਾਏ ਜਾ ਰਹੇ ਨੇ
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਅਧਿਆਪਕਾਂ ਨੂੰ ਦੇਸ਼-ਵਿਦੇਸ਼ ’ਚ ਟੀਚਰ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਹੈ। ਹਾਲੀਆ ਮੁੜ ਫਿਨਲੈਂਡ ਤੇ ਅਹਿਮਦਾਬਾਦ ਟੀਚਰ ਟ੍ਰੇਨਿੰਗ ਲਈ ਵੀ ਅਧਿਆਪਕ ਜਾਣ ਲਈ ਤਿਆਰ ਹਨ। ਉਹ ਕਹਿੰਦੇ ਹਨ ਕਿ ਅਸੀਂ ਭਾਵੇਂ ਕਿਸੇ ਵੀ ਫੀਲਡ ’ਚ ਕਿਉਂ ਨਾ ਹੋਈਏ, ਸਮੇਂ ਦੇ ਨਾਲ-ਨਾਲ ਖੁਦ ਨੂੰ ਅਪਡੇਟ ਰੱਖਣਾ ਜ਼ਰੂਰੀ ਹੈ। ਇਸੇ ਮਕਸਦ ਨੂੰ ਮੁੱਖ ਰੱਖਦਿਆਂ ਟੀਚਰ ਟ੍ਰੇਨਿੰਗ ਕਰਵਾਈ ਗਈ ਜਿਸ ਦੇ ਬਿਹਤਰ ਨਤੀਜੇ ਵੀ ਦਿਖਾਈ ਦਿੱਤੇ ਹਨ। ਅਧਿਆਪਕਾਂ ਦੀ ਟ੍ਰੇਨਿੰਗ ਸਿੱਖਿਆ ਵਿਭਾਗ ਦੀ ਜਾਨ ਹੈ...। ਸਿੱਖਿਆ ਵਿਭਾਗ ’ਚ ਕਿਤੇ ਨਾ ਕਿਤੇ ਕਮੀ ਤਾਂ ਜ਼ਰੂਰ ਹੈ ਪਰ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਉਸ ਫਰਕ ਨੂੰ ਘੱਟ ਕਰ ਸਕਣ। ਹਾਲੀਆ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਦੀਆਂ ਖਬਰਾਂ ਜ਼ਰੀਏ ਸਕੂਲਾਂ ਦੀਆਂ ਕਮੀਆਂ ਰਾਹੀਂ ਸਕੂਲਾਂ ਦੀਆਂ ਕਮੀਆਂ ਵੀ ਪਤਾ ਲੱਗੀਆਂ ਸਨ, ਉਨ੍ਹਾਂ ਨੂੰ ਸਮਝਿਆ ਤੇ ਦੂਰ ਕਰਵਾਇਆ। ਭਵਿੱਖ ’ਚ ਉਹ ਸਿੱਖਿਆ ਵਿਭਾਗ, ਸਕੂਲਾਂ ਤੇ ਵਿਦਿਆਰਥੀਆਂ ਦੀ ਬਿਹਤਰੀ ਲਈ ਆਪਣਾ 100 ਫ਼ੀਸਦੀ ਦਿੰਦੇ ਰਹਿਣਗੇ।
ਜਾਗਰਣ ਵਿਮਰਸ਼ ’ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਮੰਚ ’ਤੇ ਹਾਜ਼ਰ ਡੀਸੀਐੱਮ ਗਰੁੱਪ ਆਫ ਸਕੂਲਸ ਫਿਰੋਜ਼ਪੁਰ ਦੇ ਸੀਈਓ ਡਾ. ਅਨਿਰੁੱਧ ਗੁਪਤਾ ਨੇ ਕਿਹਾ ਕਿ ਬੱਚਿਆਂ ’ਚ ਪੜ੍ਹਾਈ ਦੇ ਨਾਲ-ਨਾਲ ਹੁਨਰ ਦੇ ਗੁਰ ਹੋਣੇ ਹੀ ਚਾਹੀਦੇ ਹਨ ਜਿਹੜੇ ਉਨ੍ਹਾਂ ’ਚ ਬਿਹਤਰ ਇੰਟਰਪ੍ਰੇਨਯੋਰ ਥਿੰਕਿੰਗ ਨੂੰ ਵਧਾਉਣਗੇ। ਸਕੂਲ ਪੱਧਰ ’ਤੇ ਹੀ ਸਟਾਰਟਅੱਪ ਸ਼ੁਰੂ ਕਰਨ ਦੀ ਪਹਿਲ ਸ਼ਲਾਘਾਯੋਗ ਹੈ। ਇਸ ਦੇ ਲਈ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਕੰਮ ਕੀਤੇ ਜਾ ਰਹੇ ਹਨ ਤੇ ਸਕੂਲਾਂ ’ਚ ਅਜਿਹਾ ਸੈਟਅੱਪ ਤਿਆਰ ਕਰਨਾ ਹੀ ਬਹੁਤ ਅਹਿਮ ਕਦਮ ਹੈ। ਅਧਿਆਪਕਾਂ ਦੀ ਟ੍ਰੇਨਿੰਗ ਜ਼ਰੂਰੀ ਹੈ ਤਾਂ ਹੀ ਬੱਚਿਆਂ ਦਾ ਬਿਹਤਰ ਭਵਿੱਖ ਤਿਆਰ ਕੀਤਾ ਜਾ ਸਕੇਗਾ। ਸਿੱਖਣ-ਸਿਖਾਉਣ ਦਾ ਦੌਰ ਸਾਡੇ ਸਾਰਿਆਂ ’ਤੇ ਲਾਗੂ ਹੁੰਦਾ ਹੈ।
ਸਿੱਖਿਆ ਮਾਹਿਰ ਤੇ ਰਾਸ਼ਟਰਪਤੀ ਐਵਾਰਡੀ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਗੁਰੂ-ਚੇਲੇ ਦੀ ਪਰੰਪਰਾ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਭਾਵੇਂ ਕਿਸੇ ਵੀ ਧਰਮ ਤੋਂ ਕੋਈ ਕਿਉਂ ਨਾ ਹੋਵੇ, ਉਨ੍ਹਾਂ ਨੂੰ ਆਪਣੇ ਸੰਸਕਾਰ ਬਣਾਈ ਰੱਖਣੇ ਪੈਣਗੇ। ਅੱਜ ਸਰਕਾਰੀ ਸਕੂਲ ਏਨੇ ਸਮਰੱਥ ਹੋ ਚੁੱਕੇ ਹਨ ਕਿ ਬੱਚਿਆਂ ਨੂੰ ਕੋਚਿੰਗ ਕਲਾਸਾਂ ’ਚ ਜਾਣ ਦੀ ਜ਼ਰੂਰਤ ਨਹੀਂ। ਸਕੂਲਾਂ ’ਚ ਅਧਿਆਪਕ ਬਹੁਤ ਸਮਰੱਥ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ’ਤੇ ਸਕੂਲ ਦੀ ਪੜ੍ਹਾਈ ਤੇ ਕੋਚਿੰਗ ਦਾ ਪ੍ਰੈਸ਼ਰ ਨਾ ਪਾਉਣ ਕਿਉਂਕਿ ਬੱਚੇ ਤਾਂ ਸਕੂਲ ਤੇ ਕੋਚਿੰਗ ’ਚ ਹੀ ਫਸ ਕੇ ਰਹਿ ਗਏ ਹਨ।
ਮਾਈਂਡ ਟ੍ਰੀ ਸਕੂਲਸ ਤੇ ਹਿੱਟ ਬੁਲਸਆਈ ਚੰਡੀਗੜ੍ਹ ਦੇ ਕੋ-ਫਾਊਂਡਰ ਹਿਰਦੇਸ਼ ਮਦਾਨ ਨੇ ਕਿਹਾ ਕਿ ਅੱਜ ਏਆਈ ਬੱਚਿਆਂ ’ਤੇ ਹਾਵੀ ਹੁੰਦਾ ਜਾ ਰਿਹਾ ਹੈ। ਬੱਚਿਆਂ ਨੂੰ ਕੋਈ ਵੀ ਅਸਾਈਨਮੈਂਟ ਮਿਲੀ ਹੋਵੇ, ਉਹ ਏਆਈ ਜ਼ਰੀਏ ਆਪਣੀ ਅਸਾਈਨਮੈਂਟਸ ਨੂੰ ਪੂਰਾ ਕਰ ਰਹੇ ਹਨ ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਿਰਫ਼ ਉਸ ਨੂੰ ਦੇਖ ਕੇ ਕਾਪੀ ’ਤੇ ਉਤਾਰ ਰਹੇ ਹਨ। ਇਸ ਹਾਲਤ ’ਚ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਦੇਖਣ ਕਿ ਬੱਚੇ ਨੇ ਜਿਹੜੀ ਵੀ ਅਸਾਈਨਮੈਂਟ ਲਿਖਾਈ ਹੈ, ਉਹ ਉਸ ਨੂੰ ਆਉਂਦੀ ਵੀ ਹੈ ਜਾਂ ਨਹੀਂ। ਉਸ ਨੂੰ ਸਮਝਣ ਦੀ ਸਮਝ ਬੱਚਿਆਂ ’ਚ ਵਿਕਸਤ ਕਰੇ। ਦੇਖਣ ਕਿ ਉਨ੍ਹਾਂ ਨੂੰ ਕੀ ਆਉਂਦਾ ਹੈ ਤੇ ਕੀ ਨਹੀਂ। ਉਹ ਬੱਚਿਆਂ ਦੀ ਸਮੱਸਿਆ ਦਾ ਹੱਲ ਕੱਢਣ ਵਾਲੇ ਬਣਨ।