ਮੋਹਾਲੀ 'ਚ ਸਫ਼ਾਈ ਕਾਮਿਆਂ ਨੇ ਕੀਤੀ ਨੰਗੇ ਧੜ ਨਾਅਰੇਬਾਜ਼ੀ, ਮੰਗਾਂ ਨਾ ਮੰਨਣ 'ਤੇ ਦਿੱਤੀ ਨਿਗਮ ਚੋਣਾਂ 'ਚ ਮੂੰਹ ਤੋੜ ਜਵਾਬ ਦੇਣ ਦੀ ਚਿਤਾਵਨੀ
ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ, ਚੇਅਰਮੈਨ ਰਾਜਪਾਲ, ਜਨਰਲ ਸਕੱਤਰ ਪਰਵਿੰਦਰ ਸਿੰਘ ਨੇ ਸੂਬਾ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਵਿਰੁੱਧ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ। ਸਫਾਈ ਸੇਵਕਾਂ ਨੇ ਅੱਤ ਦੀ ਗਰਮੀ ਵਿੱਚ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਨੰਗੇ ਧੜ ਹੋ ਕੇ ਨਾਅਰੇਬਾਜ਼ੀ ਕੀਤੀ।
Publish Date: Wed, 06 May 2026 03:35 PM (IST)
Updated Date: Wed, 06 May 2026 03:46 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ: ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਬੁੱਧਵਾਰ ਨੂੰ ਸ਼ਹਿਰ ਦੇ ਸਫ਼ਾਈ ਕਾਮਿਆਂ ਨੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ।
ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਜੀਤ ਸਿੰਘ, ਚੇਅਰਮੈਨ ਰਾਜਪਾਲ, ਜਨਰਲ ਸਕੱਤਰ ਪਰਵਿੰਦਰ ਸਿੰਘ ਨੇ ਸੂਬਾ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਵਿਰੁੱਧ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ। ਸਫਾਈ ਸੇਵਕਾਂ ਨੇ ਅੱਤ ਦੀ ਗਰਮੀ ਵਿੱਚ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਨੰਗੇ ਧੜ ਹੋ ਕੇ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਕਿਹਾ ਕਿ ਸਫ਼ਾਈ ਮਜ਼ਦੂਰਾਂ ਵੱਲੋਂ ਪੰਜ ਮਹੀਨੇ ਪਹਿਲਾਂ ਆਪਣੀਆਂ ਮੰਗਾਂ ਨੂੰ ਲੈ ਕੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਉਨ੍ਹਾਂ ਨੂੰ ਸੜਕ 'ਤੇ ਆਉਣ ਲਈ ਮਜ਼ਬੂਰ ਹੋਣਾ ਪਿਆ ਹੈ।
ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਅਤੇ ਕਮਿਸ਼ਨਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਫਾਈ ਸੇਵਕਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਕਰਮ ਸਿੰਘ ਕੁਰੜੀ, ਦਲਜੀਤ ਸਿੰਘ, ਰਾਹੁਲ, ਮਲਕੀਤ ਸਿੰਘ, ਦਰਸ਼ਨ ਸਿੰਘ, ਕਰਮਜੀਤ ਸਿੰਘ, ਮਲਕੀਤ ਸਿੰਘ, ਬੂਟਾ ਸਿੰਘ, ਅਮਨਦੀਪ ਸਿੰਘ ਤੇ ਸਨੀ ਹਾਜ਼ਰ ਸਨ।