CM Bhagant Singh Mann ਦੀ ਅਗਵਾਈ ਵਾਲੀ ਸਰਕਾਰ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਕੱਦ ਵਿਚ ਹੋਰ ਵਾਧਾ ਕਰਦਿਆਂ ਉਨ੍ਹਾਂ ਨੂੰ ਹੁਣ ਟਰਾਂਸਪੋਰਟ ਵਿਭਾਗ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਹੈ। ਵਿੱਤ ਮੰਤਰਾਲੇ ਦੇ ਨਾਲ-ਨਾਲ ਹੁਣ ਚੀਮਾ ਸੂਬੇ ਦੇ ਟਰਾਂਸਪੋਰਟ ਪ੍ਰਬੰਧਾਂ 'ਤੇ ਵੀ ਨਜ਼ਰ ਰੱਖਣਗੇ।

ਜੈ ਸਿੰਘ ਛਿੱਬਰ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ 'ਚ ਕੈਬਨਿਟ ਤੋਂ ਹਟਾਏ ਗਏ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਵਿਭਾਗਾਂ ਦਾ ਚਾਰਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਡਾ. ਰਵਜੋਤ ਸਿੰਘ ਨੂੰ ਸੌਂਪ ਦਿੱਤਾ ਹੈ। ਹਰਪਾਲ ਚੀਮਾ ਕੋਲ ਹੁਣ ਟਰਾਂਸਪੋਰਟ ਵਿਭਾਗ ਤੇ ਡਾ. ਰਵਜੋਤ ਕੋਲ ਜੇਲ੍ਹ ਵਿਭਾਗ ਦਾ ਚਾਰਜ ਰਹੇਗਾ। ਇਹ ਦੋਵੇਂ ਵਿਭਾਗ ਪਹਿਲਾਂ ਮੰਤਰੀ ਲਾਲਜੀਤ ਸਿੰਘ ਭੁੱਲਰ ਕੋਲ ਸਨ, ਜਿਨ੍ਹਾਂ ਨੂੰ ਸ਼ਨਿਚਰਵਾਰ ਨੂੰ ਕੈਬਨਿਟ ਤੋਂ ਹਟਾ ਦਿੱਤਾ ਗਿਆ ਸੀ ਅਤੇ ਸੋਮਵਾਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੇ ਵਿਭਾਗ ਹਰਪਾਲ ਸਿੰਘ ਚੀਮਾ ਤੇ ਡਾ. ਰਵਜੋਤ ਨੂੰ ਸੌਂਪ ਕੇ ਮੁੱਖ ਮੰਤਰੀ ਨੇ ਇਹ ਸੰਕੇਤ ਜ਼ਰੂਰ ਦੇ ਦਿੱਤਾ ਹੈ ਕਿ ਕੈਬਨਿਟ 'ਚ ਖਾਲੀ ਹੋਏ ਇਸ ਅਹੁਦੇ ਨੂੰ ਭਰਨ ਵਿੱਚ ਉਹ ਕੋਈ ਜਲਦਬਾਜ਼ੀ ਨਹੀਂ ਕਰਨਗੇ।
ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੇ ਸਲਫ਼ਾਸ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਮਰਨ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰ ਕੇ ਮੰਤਰੀ ਲਾਲਜੀਤ ਸਿੰਘ ਭੁੱਲਰ 'ਤੇ ਉਨ੍ਹਾਂ ਨੂੰ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਸੇ ਸਮੇਂ ਉਨ੍ਹਾਂ ਨੂੰ ਕੈਬਨਿਟ ਤੋਂ ਹਟਾ ਦਿੱਤਾ ਸੀ, ਪਰ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਰਿੰਦਰ ਪਾਲ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪੀਏ (PA) ਨੂੰ ਗ੍ਰਿਫਤਾਰ ਕਰਨ ਲਈ ਦਬਾਅ ਬਣਾਉਂਦਿਆਂ ਧਰਨਾ ਦਿੱਤਾ ਸੀ।
ਉਨ੍ਹਾਂ ਦੀ ਗ੍ਰਿਫਤਾਰੀ 'ਚ ਹੋ ਰਹੀ ਦੇਰੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਕਾਫੀ ਨਾਰਾਜ਼ ਦਿਖਾਈ ਦੇ ਰਹੀਆਂ ਸਨ। ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਹ ਮਾਮਲਾ ਲੋਕ ਸਭਾ 'ਚ ਵੀ ਚੁੱਕਿਆ ਸੀ, ਜਿਸ 'ਤੇ ਕੇਂਦਰੀ ਗ੍ਰਹਿ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਲਿਖ ਕੇ ਦੇਣ ਲਈ ਕਿਹਾ ਅਤੇ ਇਹ ਭਰੋਸਾ ਵੀ ਦਿੱਤਾ ਕਿ ਇਸ ਦੀ ਜਾਂਚ ਸੀਬੀਆਈ (CBI) ਤੋਂ ਕਰਵਾਈ ਜਾਵੇਗੀ। ਇਹ ਬਿਆਨ ਆਉਂਦੇ ਹੀ ਸ਼ਾਮ ਨੂੰ ਲਾਲਜੀਤ ਸਿੰਘ ਭੁੱਲਰ ਨੇ ਗੋਬਿੰਦਗੜ੍ਹ ਦੇ ਥਾਣੇ ਵਿੱਚ ਆਤਮ-ਸਮਰਪਣ ਕਰ ਦਿੱਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੇਂ ਅੱਜ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਬਾਰੇ ਕੋਈ ਸੰਕੇਤ ਨਹੀਂ ਦਿੱਤਾ, ਪਰ ਵਿਭਾਗਾਂ ਦੀ ਵੰਡ ਕੇ ਇਹ ਜ਼ਰੂਰ ਸਪੱਸ਼ਟ ਕਰ ਦਿੱਤਾ ਹੈ ਕਿ ਫਿਲਹਾਲ ਮੰਤਰੀ ਮੰਡਲ 'ਚ ਕੋਈ ਨਵਾਂ ਚਿਹਰਾ ਸ਼ਾਮਲ ਕਰਨ ਦੀ ਜਲਦੀ ਨਹੀਂ ਹੈ।