ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੇ ਐਲਾਨ ਦੌਰਾਨ ਵੀਰਵਾਰ ਨੂੰ ਕੇਂਦਰੀ ਖ਼ੁਰਾਕ ਸਪਲਾਈ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ, ਖੇਤੀ ਮੰਤਰੀ ਅਰਜੁਨ ਮੁੰਡਾ ਤੇ ਨਿੱਤਿਆਨੰਦ ਰਾਏ ਨੇ ਵੀਰਵਾਰ ਨੂੰ ਚੰਡੀਗੜ੍ਹ ’ਚ ਕਿਸਾਨ ਜਥੇਬੰਦੀਆਂ ਨਾਲ ਕਰੀਬ ਚਾਰ ਘੰਟੇ ਗੱਲਬਾਤ ਕੀਤੀ।

ਇੰਦਰਪ੍ਰੀਤ ਸਿੰਘ, ਚੰਡੀਗੜ੍ਹ :ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੇ ਐਲਾਨ ਦੌਰਾਨ ਵੀਰਵਾਰ ਨੂੰ ਕੇਂਦਰੀ ਖ਼ੁਰਾਕ ਸਪਲਾਈ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ, ਖੇਤੀ ਮੰਤਰੀ ਅਰਜੁਨ ਮੁੰਡਾ ਤੇ ਨਿੱਤਿਆਨੰਦ ਰਾਏ ਨੇ ਵੀਰਵਾਰ ਨੂੰ ਚੰਡੀਗੜ੍ਹ ’ਚ ਕਿਸਾਨ ਜਥੇਬੰਦੀਆਂ ਨਾਲ ਕਰੀਬ ਚਾਰ ਘੰਟੇ ਗੱਲਬਾਤ ਕੀਤੀ। ਇਸ ਬੈਠਕ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ। ਬੈਠਕ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨੂੰ ਆਪਣਾ ਅੰਦੋਲਨ ਵਾਪਸ ਲੈਣ ਦੀ ਅਪੀਲ ਕੀਤੀ ਪਰ ਬੈਠਕ ’ਚ ਮੌਜੂਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਣ ਸਿੰਘ ਪੰਧੇਰ, ਦਿਲਬਾਗ਼ ਸਿੰਗ ਤੇ ਰਮਨਦੀਪ ਸਿੰਘ ਨੇ ਕੇਂਦਰੀ ਮੰਤਰੀਆਂ ਦੀ ਅਪੀਲ ਮੰਨਣ ਤੋਂ ਇਨਕਾਰ ਕਰ ਦਿੱਤਾ। ਉੱਥੇ ਹੀ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਤਜਵੀਜ਼ਸ਼ੁਦਾ ਅੰਦੋਲਨ ਤੋਂ ਪਹਿਲਾਂ ਇਕ ਵਾਰ ਫਿਰ ਬੈਠਕ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਕ ਵਾਰ ਫਿਰ ਤੋਂ ਕਿਸਾਨ ਅੰਦੋਲਨ ਦੀ ਆਹਟ ਨੂੰ ਭਾਂਪਦੇ ਹੋਏ ਕੇਂਦਰ ਸਰਕਾਰ ਨੇ ਕਮਾਨ ਸੰਭਾਲ ਲਈ ਹੈ ਤਾਂ ਜੋ ਇਸ ਵਾਰੀ ਸਾਲ 2020 ਵਾਂਗ ਗੱਲ ਹੱਥੋਂ ਨਾ ਨਿਕਲ ਜਾਵੇ।
ਬੈਠਕ ਤੋਂ ਬਾਅਦ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰੀ ਆਗੂਆਂ ਨੇ ਸਾਡੇ ਕੋਲੋਂ ਸਮਾਂ ਮੰਗਿਆ ਹੈ, ਇਸ ਲਈ ਸਾਡਾ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਫ਼ੈਸਲਾ ਜਿਉਂ ਦਾ ਤਿਉਂ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਮੰਗਾਂ ਵਿਸਥਾਰ ਨਾਲ ਤੱਥਾਂ ਸਮੇਤ ਰੱਖੀਆਂ ਹਨ। ਅਸੀਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਨ੍ਹਾਂ ਨੇ ਖ਼ੁਦ ਆਪਣੀ ਰਿਪੋਰਟ ’ਚ ਕਿਹਾ ਸੀ ਕਿ ਸਾਰੀਆਂ ਫਸਲਾਂ ’ਤੇ ਐੱਮਐੱਸਪੀ ਹੋਣੀ ਚਾਹੀਦੀ ਹੈ। ਹੁਣ ਕਿਉਂ ਨਹੀਂ ਦੇ ਰਹੇ।
ਬੀਕੇਯੂ ਆਗੂ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਬੈਠਕ ਕਰਵਾਈ ਹੈ। ਅਸੀਂ ਕੇਂਦਰੀ ਮੰਤਰੀਆਂ ਨਾਲ ਵਿਸਥਾਰ ਨਾਲ ਗੱਲ ਕੀਤੀ। ਸਾਡੇ ਦਰਵਾਜ਼ੇ ਖੁੱਲ੍ਹੇ ਹਨ। ਗੱਲਬਾਤ ’ਚ ਜਿਹੜੇ ਤੱਥ ਨਿਕਲ ਕੇ ਆਏ ਹਨ, ਉਨ੍ਹਾਂ ’ਤੇ ਅਸੀਂ ਗੱਲ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਮੰਤਰੀਆਂ ਨੂੰ ਕਿਹਾ ਕਿ ਇਕ ਪਾਸੇ ਸਾਡੇ ਨਾਲ ਗੱਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਹਰਿਆਣਾ ’ਚ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਟ੍ਰੈਕਟਰਾਂ ’ਚ ਤੇਲ ਨਾ ਪਾਉਣ ਦੇ ਪੈਟਰੋਲ ਪੰਪਾਂ ’ਤੇ ਨੋਟਿਸ ਲਗਾਏ ਜਾ ਰਹੇ ਹਨ। ਕਿਸਾਨ ਆਗੂ ਨੇ ਮੰਤਰੀਆਂ ਨੂੰ ਕਿਹਾ ਕਿ ਇਸ ਤਰ੍ਹਾਂ ਕਰੋਗੇ ਤਾਂ ਸਾਡਾ ਭਰੋਸਾ ਟੁੱਟ ਜਾਵੇਗਾ। ਉਨ੍ਹਾਂ ਕਿਹਾ ਕਿ ਪੀਐੱਮ ਚਾਹੁਣ ਤਾਂ ਇਸੇ ਸੈਸ਼ਨ ’ਚ ਐੱਮਐੱਸਪੀ ਦਾ ਕਾਨੂੰਨ ਆ ਸਕਦਾ ਹੈ। ਇਸ ਦੇ ਨਾਲ ਹੀ ਕਿਹਾ ਕਿ ਅੰਦੋਲਨ ਲਈ ਪਿੰਡ-ਪਿੰਡ ਤੋਂ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ।
------------
ਵਿਦੇਸ਼ ਤੋਂ ਦਾਲਾਂ ਮੰਗਵਾਉਣ ਦੀ ਬਜਾਏ ਦੇਸ਼ ਦੇ ਕਿਸਾਨਾਂ ਨੂੰ ਦਿਓ ਐੱਮਐੱਸਪੀ : ਮਾਨ
ਚਾਰ ਘੰਟੇ ਚੱਲੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੈਠਕ ’ਚ ਕਿਸਾਨਾਂ ਦੀਆਂ ਕਈ ਮੰਗਾਂ ’ਤੇ ਸਹਿਮਤੀ ਹੋ ਗਈ ਹੈ ਪਰ ਕਿਸਾਨਾਂ ਦੀ ਮੁੱਖ ਮੰਤਰੀ ਸਾਰੀਆਂ ਫ਼ਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ ’ਤੇ ਕੋਈ ਸਹਿਮਤੀ ਨਹੀਂ ਬਣੀ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇਹ ਨੀਤੀਗਤ ਮੁੱਦਾ ਹੈ, ਇਸ ’ਤੇ ਇਸ ਮੌਕੇ ’ਤੇ ਫ਼ੈਸਲਾ ਨਹੀਂ ਕੀਤਾ ਜਾ ਸਕਦਾ। ਇਸ ਮੁੱਦੇ ’ਤੇ ਦਿੱਲੀ ਜਾ ਕੇ ਹੀ ਗੱਲ ਹੋ ਸਕੇਗੀ। ਹਾਲਾਂਕਿ ਮੁੱਖ ਮੰਤਰੀ ਨੇ ਕਿਹਾ ਕਿ ਪਰਾਲੀ ਸਾੜਨ ਦਾ ਵੀ ਮੁੱਦਾ ਇਸ ਵਿਚ ਉੱਠਿਆ। ਅਸੀਂ ਉਨ੍ਹਾਂ ਨੂੰ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਕੇਸ ਦਰਜ ਕਰਨ ਤੇ ਉਨ੍ਹਾਂ ਨੂੁੰ ਐੱਮਐੱਸਪੀ ਨਾ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਕੀ ਅਜਿਹਾ ਕਰਨਾ ਸਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਵਿਦੇਸ਼ਾਂ ਤੋਂ ਇਕ ਲੱਖ ਕਰੋੜ ਰੁਪਏ ਦੀਆਂ ਦਾਲਾਂ ਮੰਗਵਾਉਂਦੀ ਹੈ। ਇਹ ਪੈਸਾ ਸਾਡੇ ਕਿਸਾਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ। ਇਸਦੇ ਇਲਾਵਾ ਕਿਸਾਨਾਂ ਦੇ ਕਰਜ਼ ਨੂੰ ਮਾਫ਼ ਕਰਨ ਸਬੰਧੀ ਵੀ ਲੰਬੀ ਚਰਚਾ ਹੋਈ। ਮੁੱਖ ਮੰਤਰੀ ਨੇ ਕਿਹਾ ਕਿ ਇਸਦੇ ਇਲਾਵਾ ਕਈ ਮੰਗਾਂ ’ਤੇ ਵਿਚਾਰ ਕੀਤਾ ਗਿਆ। ਕਿਸਾਨਾਂ ’ਤੇ ਦਰਜ ਕੇਸਾਂ ਨੂੰ ਵਾਪਸ ਲੈਣ ’ਤੇ ਵੀ ਲਗਪਗ ਸਹਿਮਤੀ ਬਣ ਗਈ ਹੈ।
ਕਿਸਾਨ ਸੰਗਠਨ ਨਹੀਂ ਦਿਸੇ ਇਕਜੁੱਟ
ਹਾਲਾਂਕਿ ਇਸ ਵਾਰੀ ਕਿਸਾਨ ਸੰਗਠਨ ਇਕਜੁੱਟ ਦਿਖਾਈ ਨਹੀਂ ਦੇ ਰਹੇ। ਬੀਕੇਯੂ ਉਗਰਾਹਾਂ ਤੇ ਬੀਕੇਯੂ ਰਾਜੇਵਾਲ ਵਰਗੇ ਸੰਗਠਨਾਂ ਨੇ ਦਿੱਲੀ ਕੂਚ ਤੋਂ ਆਪਣੇ ਆਪ ਨੂੰ ਦੂੁਰ ਰੱਖਿਆ ਹੈ। ਬੀਕੇਯੂ ਰਾਜੇਵਾਲ ਨੇ ਤਾਂ 16 ਫਰਵਰੀ ਨੂੰ ਆਪਣੇ ਦੇਸ਼ ਭਰ ਦੇ ਸਹਿਯੋਗੀ ਸੰਗਠਨਾਂ ਦੇ ਭਾਰਤ ਬੰਦ ਦੀ ਕਾਲ ਦੇ ਦਿੱਤੀ ਹੋਈ ਹੈ ਤੇ ਉਨ੍ਹਾਂ ਦਾ ਦਾਅਵਾ ਹੈ ਕਿ ਇਸ ਵਿਚ ਵੱਖ ਵੱਖ ਬੈਂਕਾਂ ਦੇ ਮੁਲਾਜ਼ਮ ਸੰਗਠਨ ਵੀ ਉਨ੍ਹਾਂ ਨੂੰ ਸਮਰਥਨ ਦੇ ਰਹੇ ਹਨ।