ਸ਼ੈਮਰਾਕ ਸਕੂਲ ਵਿਖੇ 77ਵਾਂ ਗਣਤੰਤਰ ਦਿਵਸ ਬੜੀ ਸ਼ਾਨੋ-ਸ਼ੌਕਤ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ
ਸ਼ੈਮਰਾਕ ਸਕੂਲ ਵਿਖੇ ਗਣਤੰਤਰ ਦਿਵਸ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ
Publish Date: Tue, 27 Jan 2026 06:07 PM (IST)
Updated Date: Tue, 27 Jan 2026 06:10 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-69 ਵੱਲੋਂ ਭਾਰਤ ਦਾ 77ਵਾਂ ਗਣਤੰਤਰ ਦਿਵਸ ਸਕੂਲ ਕੈਂਪਸ ਵਿਚ ਬੜੇ ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਿੰਸ ਜਾਰਜ (ਕੈਨੇਡਾ) ਦੇ ਉੱਘੇ ਕਾਰੋਬਾਰੀ ਅਤੇ ਸ਼ੈਮਰਾਕ ਸਕੂਲ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਨਰਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸ਼ੈਮਰਾਕ ਅਤੇ ਓਕਫੀਲਡਜ਼ ਗਰੁੱਪ ਆਫ਼ ਸਕੂਲਜ਼ ਦੇ ਚੇਅਰਮੈਨ ਏਐੱਸ ਬਾਜਵਾ, ਪ੍ਰਿੰਸੀਪਲ ਪ੍ਰਨੀਤ ਸੋਹਲ, ਸਕੂਲ ਮੈਨੇਜਮੈਂਟ, ਅਧਿਆਪਕ, ਵਿਦਿਆਰਥੀ ਅਤੇ ਮਾਪੇ ਵੀ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਹੈੱਡ ਗਰਲ ਦੇ ਪ੍ਰੇਰਨਾਦਾਇਕ ਭਾਸ਼ਣ ਨਾਲ ਹੋਈ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਗਾਇਨ ਕੀਤਾ ਗਿਆ। ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਰਾਸ਼ਟਰੀ ਗੀਤ ਨਾਲ ਸਾਰਾ ਮਾਹੌਲ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਗਿਆ। ਸਮਾਗਮ ਦਾ ਇਕ ਵਿਸ਼ੇਸ਼ ਪਹਿਲੂ ਸਕੂਲ ਦੇ ਨਵ-ਨਵੀਨ ਕੀਤੇ ਗਏ ‘ਵਿਜ਼ਨ ਅਤੇ ਮਿਸ਼ਨ’ ਦਾ ਉਦਘਾਟਨ ਕਰਨਾ ਸੀ, ਜੋ ਸਕੂਲ ਦੀ ਸਰਵਪੱਖੀ ਸਿੱਖਿਆ ਅਤੇ ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਭਾਸ਼ਣ ਅਤੇ ਲੋਕਤੰਤਰ ਤੇ ਆਧਾਰਤ ਇਕ ਵਿਚਾਰ-ਉਤੇਜਕ ਨਾਟਕ ਪੇਸ਼ ਕੀਤਾ। ਇਸ ਤੋਂ ਇਲਾਵਾ ਇਕ ਵਿਸ਼ੇਸ਼ ਵੀਡੀਓ ਅਤੇ ਸ਼ਾਨਦਾਰ ਨ੍ਰਿਤ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ ਚੇਅਰਮੈਨ ਏਐੱਸ ਬਾਜਵਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡਾ ਉਦੇਸ਼ ਅਜਿਹੇ ਨੌਜਵਾਨ ਤਿਆਰ ਕਰਨਾ ਹੈ, ਜੋ ਨਾ ਸਿਰਫ਼ ਅਕਾਦਮਿਕ ਤੌਰ ਤੇ ਮਜ਼ਬੂਤ ਹੋਣ, ਸਗੋਂ ਆਪਣੇ ਦੇਸ਼ ਦੇ ਸੰਵਿਧਾਨਕ ਮੂਲ ਭਾਵਾਂ ਦਾ ਸਤਿਕਾਰ ਕਰਨ ਵਾਲੇ ਜ਼ਿੰਮੇਵਾਰ ਨਾਗਰਿਕ ਵੀ ਬਣਨ। ਅੱਜ ਦਾ ਦਿਨ ਸਾਨੂੰ ਸਾਡੇ ਅਧਿਕਾਰਾਂ ਅਤੇ ਕਰਤੱਵਾਂ ਦੀ ਯਾਦ ਦਿਵਾਉਂਦਾ ਹੈ। ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਵਰਗੇ ਸੰਵਿਧਾਨਕ ਮੁੱਲਾਂ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, ਸਕੂਲ ਦਾ ਨਵਾਂ ਵਿਜ਼ਨ ਅਤੇ ਮਿਸ਼ਨ ਸਾਡੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਅਤੇ ਉਨ੍ਹਾਂ ਦੇ ਨੈਤਿਕ ਵਿਕਾਸ ਲਈ ਸਾਡੀ ਨਵੀਂ ਉਮੀਦ ਦਾ ਪ੍ਰਤੀਕ ਹੈ। ਅਸੀਂ ਵਿਦਿਆਰਥੀਆਂ ਨੂੰ ਗਿਆਨਵਾਨ ਅਤੇ ਚੇਤੰਨ ਨਾਗਰਿਕ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਹਾਂਗੇ।