ਉਸ ਨੇ ਵਿਦੇਸ਼ੀ ਪਿਸਤੌਲ ਨਾਲ ਪੁਲਿਸ ’ਤੇ ਹਮਲਾ ਕਰ ਦਿੱਤਾ ਤਾਂ ਏਜੀਟੀਐੱਫ਼ ਮੈਂਬਰ ਤੇ ਡੀਐੱਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਨੇ ਜਵਾਬੀ ਕਾਰਵਾਈ ਕਰਦਿਆਂ ਹਰਪਿੰਦਰ ਮਿੱਡੂ ਦਾ ਮੁਕਾਬਲਾ ਕੀਤਾ ਸੀ। ਐਸ਼ਦੀਪ ਬੰਬੀਹਾ ਗੈਂਗ ਅਤੇ ਡੌਨੀ ਬੱਲ ਗੈਂਗ ਨਾਲ ਜੁੜਿਆ ਹੋਇਆ ਹੈ।

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਬੀਤੀ ਦਿਨੀਂ ਜ਼ਿਲ੍ਹਾ ਮੁਹਾਲੀ ਦੇ ਸੋਹਾਣਾ ਵਿਚ ਕਬੱਡੀ ਖਿਡਾਰੀ ਤੇ ਪ੍ਰਮੋਟਰ ਦਿਗਵਿਜੇ ਰਾਣਾ ਬਲਾਚੌਰੀਆ ਦਾ ਚੱਲਦੇ ਟੂਰਨਾਮੈਂਟ ਵਿਚ ਗੋਲ਼ੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਲੰਘੇ ਕੱਲ੍ਹ ਲਾਲੜੂ ਦੇ ਲੈਹਲੀ ਵਿਚ ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰ ਹਰਪਿੰਦਰ ਮਿੱਡੂ ਵਾਸੀ ਨੌਸ਼ਹਿਰਾ ਪੰਨੂਆਂ, ਤਰਨਤਾਰਨ ਮਾਰਿਆ ਗਿਆ ਸੀ। ਵੀਰਵਾਰ ਨੂੰ ਸਿਵਲ ਹਸਪਤਾਲ ਵਿਚ ਤਿੰਨ ਡਾਕਟਰਾਂ ਦੀ ਹਾਜ਼ਰੀ ਵਿਚ ਐੱਸਡੀਐੱਮ ਡੇਰਾਬੱਸੀ ਅਮਿਤ ਗੁਪਤਾ-ਕਮ-ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਮਿੱਡੂ ਦਾ ਪੋਸਟਮਾਰਟਮ ਕਰ ਦਿੱਤਾ ਗਿਆ। ਢਾਈ ਘੰਟੇ ਚੱਲੇ ਇਸ ਪੋਸਟਮਾਰਟਮ ਦੀ ਬਾਕਾਇਦਾ ਵੀਡੀਓਗ੍ਰਾਫੀ ਕਰਵਾਈ ਗਈ ਤੇ ਭਾਰੀ ਪੁਲਿਸ ਫੋਰਸ ਹਸਪਤਾਲ ਵਿਚ ਤਾਇਨਾਤ ਸੀ। ਮ੍ਰਿਤਕ ਹਰਪਿੰਦਰ ਮਿੱਡੂ ਦੀ ਲਾਸ਼ ਨੂੰ ਲੈਣ ਲਈ ਉਸ ਦਾ ਬਿਰਧ ਦਾਦਾ ਪੁੱਜਾ ਤੇ ਉਸ ਨੇ ਪੱਤਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਮ੍ਰਿਤਕ ਦਾ ਦਾਦਾ ਕਾਫ਼ੀ ਸਹਿਮ ਵਿਚ ਸੀ, ਜੋ ਲਾਸ਼ ਲੈਣ ਮਗਰੋਂ ਸਿੱਧਾ ਆਪਣੇ ਘਰ ਵੱਲ ਨਿਕਲ ਗਿਆ।
ਮਿੱਡੂ ਦਾ ਹਾਲੇ ਵਿਆਹ ਨਹੀਂ ਹੋਇਆ ਸੀ : ਡਾਕਟਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਪਿੰਦਰ ਸਿੰਘ ਦੀ ਛਾਤੀ ਵਿਚ ਪੰਜ ਗੋਲ਼ੀਆਂ ਲੱਗੀਆਂ ਸਨ, ਜੋ ਸਾਰੀ ਆਰ-ਪਾਰ ਹੋ ਗਈਆਂ ਸਨ। ਇਸ ਗੋਲ਼ੀਬਾਰੀ ਦੌਰਾਨ ਦੋ ਪੁਲਿਸ ਹੌਲਦਾਰ ਦੇ ਵੀ ਗੋਲ਼ੀਆਂ ਲੱਗੀਆਂ ਸਨ। ਇਨ੍ਹਾਂ ਵਿਚ ਇਕ ਤਾਂ ਹੌਲਦਾਰ ਗੁਲਾਬ ਸਿੰਘ ਹੈ, ਜਿਸ ਦੀ ਲੱਤ ਵਿਚ ਗੋਲ਼ੀ ਲੱਗਣ ਮਗਰੋਂ ਆਰ-ਪਾਰ ਹੋ ਗਈ ਸੀ, ਜਦਕਿ ਹੌਲਦਾਰ ਕੁਮਾਰ ਸ਼ਰਮਾ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਣ ਕਾਰਨ ਉਸ ਦਾ ਬਚਾਅ ਹੋ ਗਿਆ। ਜ਼ਖ਼ਮੀ ਹੌਲਦਾਰ ਗੁਲਾਬ ਸਿੰਘ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ, ਉਹਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਿੱਡੂ ’ਤੇ ਰਾਣਾ ਬਲਾਚੌਰੀਆ ਦਾ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਭਜਾਉਣ ਤੇ ਵਾਰਦਾਤ ਨੂੰ ਅੰਜਾਮ ਦੇਣ ਵਿਚ ਮਦਦ ਕਰਨ ਦਾ ਦੋਸ਼ ਸੀ।
ਪੁਲਿਸ ਨੇ ਇਸ ਕਤਲ ਦੇ ਮਾਸਟਰਮਾਈਂਡ ਐਸ਼ਦੀਪ ਸਿੰਘ ਨੂੰ ਉਸ ਵੇਲੇ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਹ ਦੇਸ਼ ਛੱਡ ਕੇ ਭੱਜਣ ਦੇ ਯਤਨਾਂ ਵਿਚ ਸੀ। ਐਸ਼ਦੀਪ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਮਿੱਡੂ ਨੂੰ ਗ੍ਰਿਫ਼ਤਾਰ ਕਰਨ ਲਈ ਲਾਲੜੂ ਦੇ ਲੈਹਲੀ ਖੇਤਰ ਵਿਚ ਘੇਰਾ ਪਾਇਆ ਹੋਇਆ ਸੀ, ਜਿਸ ਦੌਰਾਨ ਉਸ ਨੇ ਵਿਦੇਸ਼ੀ ਪਿਸਤੌਲ ਨਾਲ ਪੁਲਿਸ ’ਤੇ ਹਮਲਾ ਕਰ ਦਿੱਤਾ ਤਾਂ ਏਜੀਟੀਐੱਫ਼ ਮੈਂਬਰ ਤੇ ਡੀਐੱਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਨੇ ਜਵਾਬੀ ਕਾਰਵਾਈ ਕਰਦਿਆਂ ਹਰਪਿੰਦਰ ਮਿੱਡੂ ਦਾ ਮੁਕਾਬਲਾ ਕੀਤਾ ਸੀ। ਐਸ਼ਦੀਪ ਬੰਬੀਹਾ ਗੈਂਗ ਅਤੇ ਡੌਨੀ ਬੱਲ ਗੈਂਗ ਨਾਲ ਜੁੜਿਆ ਹੋਇਆ ਹੈ। ਡੌਨੀ ਬੱਲ ਗੈਂਗ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੈਂਗ ਦਾ ਵਿਰੋਧੀ ਗਿਰੋਹ ਹੈ। ਦੂਜੇ ਪਾਸੇ ਵੀਰਵਾਰ ਮੁਕਾਬਲੇ ਦੀ ਅਗਵਾਈ ਕਰ ਰਹੇ ਡੀਐੱਸਪੀ ਬਰਾੜ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀ ਹੌਲਦਾਰ ਗੁਲਾਬ ਸਿੰਘੀ, ਜਿਸ ਦੀ ਲੱਤ ਵਿਚ ਗੋਲ਼ੀ ਵੱਜੀ ਸੀ, ਉਸ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਛੇਤੀ ਇਸ ਕਤਲ ਦੇ ਮੁੱਖ ਸ਼ੂਟਰਾਂ ਨੂੰ ਕਾਬੂ ਕਰ ਲਿਆ ਜਾਵੇਗਾ।