ਸੁਰੱਖਿਆ ਏਜੰਸੀਆਂ ਇਸ ਨੂੰ ਵੱਖੋ-ਵੱਖ ਘਟਨਾਵਾਂ ਨਹੀਂ ਮੰਨ ਰਹੀਆਂ, ਬਲਕਿ ਇਕ ਵੱਡੇ ਪੈਟਰਨ ਵਜੋਂ ਦੇਖ ਰਹੀਆਂ ਹਨ। ਇਸ ’ਚ ਰੇਲ ਨੈੱਟਵਰਕ ਨੂੰ ਲਗਾਤਾਰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਸਾਹਮਣੇ ਆ ਰਹੀਆਂ ਹਨ।

ਰੋਹਿਤ ਕੁਮਾਰ, ਚੰਡੀਗੜ੍ਹ: ਪੰਜਾਬ ’ਚ ਰੇਲ ਪਟੜੀਆਂ ਲਗਾਤਾਰ ਸ਼ੱਕੀ ਗਤੀਵਿਧੀਆਂ ਦੇ ਘੇਰੇ ’ਚ ਆ ਰਹੀਆਂ ਹਨ। ਹਾਲੀਆ ਪਟਿਆਲਾ ਦੇ ਰਾਜਪੁਰਾ-ਸ਼ੰਭੂ ਰੇਲ ਸੈਕਸ਼ਨ ’ਤੇ ਹੋਏ ਧਮਾਕੇ ਅਤੇ ਮੌਕੇ ’ਤੇ ਸ਼ੱਕੀ ਸਮੱਗਰੀ ਮਿਲਣ ਦੀ ਘਟਨਾ ਨੇ ਇਸ ਇਲਾਕੇ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਸੁਰੱਖਿਆ ਏਜੰਸੀਆਂ ਇਸ ਨੂੰ ਵੱਖੋ-ਵੱਖ ਘਟਨਾਵਾਂ ਨਹੀਂ ਮੰਨ ਰਹੀਆਂ, ਬਲਕਿ ਇਕ ਵੱਡੇ ਪੈਟਰਨ ਵਜੋਂ ਦੇਖ ਰਹੀਆਂ ਹਨ। ਇਸ ’ਚ ਰੇਲ ਨੈੱਟਵਰਕ ਨੂੰ ਲਗਾਤਾਰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਸਾਹਮਣੇ ਆ ਰਹੀਆਂ ਹਨ।
ਜਾਣਕਾਰੀ ਮੁਤਾਬਕ, ਪਹਿਲਾਂ ਵੀ ਰੇਲਵੇ ਟਰੈਕ ਦੇ ਲਾਗੇ ਸ਼ੱਕੀ ਢੰਗ ਨਾਲ ਸੀਸੀਟੀਵੀ ਕੈਮਰੇ ਲਗਾਏ ਜਾਣ ਦੇ ਮਾਮਲੇ ਸਾਹਮਣੇ ਆਏ ਸਨ। ਜਾਂਚ ’ਚ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਇਹਨਾਂ ਦਾ ਇਸਤੇਮਾਲ ਜਾਸੂਸੀ ਅਤੇ ਟਰੈਕ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਕੀਤਾ ਜਾ ਸਕਦਾ ਹੈ।
ਇਸ ਲੜੀ ’ਚ ਹਾਲ ਹੀ ’ਚ ਲਖਨਊ ਏਟੀਐੱਸ ਵੱਲੋਂ ਇੱਕ ਅਜਿਹੇ ਨੈੱਟਵਰਕ ਦਾ ਖੁਲਾਸਾ ਕੀਤਾ ਗਿਆ, ਜੋ ਵੱਖ-ਵੱਖ ਇਲਾਕਿਆਂ ’ਚ ਰੇਲਵੇ ਟਰੈਕ ਦੇ ਲਾਗੇ ਅੱਗ ਲੱਗਣ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਗਤਿਵਿਧੀਆਂ ਵੱਡੇ ਹਮਲਿਆਂ ਦੀ ਤਿਆਰੀ ਦਾ ਹਿੱਸਾ ਹੋ ਸਕਦੀਆਂ ਹਨ।
ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ’ਚ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਜਨਵਰੀ 2026 ’ਚ ਸਰਹਿੰਦ ਨੇੜੇ ਡੈਡੀਕੇਟਿਡ ਫਰੇਟ ਕੋਰੀਡੋਰ (ਡੀਐੱਫਸੀ) ਟਰੈਕ ’ਤੇ ਧਮਾਕਾ ਹੋਇਆ, ਜਿਸ ’ਚ ਲਗਭਗ 60 ਫੁੱਟ ਪਟੜੀ ਨੁਕਸਾਨੀ ਗਈ। ਇਸੇ ਤਰ੍ਹਾਂ, 2024 ਅਤੇ 2025 ’ਚ ਕਈ ਵਾਰ ਟਰੈਕ ’ਤੇ ਲੋਹੇ ਦਾ ਸਰੀਆ ਜਾਂ ਹੋਰ ਵਸਤਾਂ ਰੱਖ ਕੇ ਰੇਲ ਨੂੰ ਪਟਰੀ ਤੋਂ ਉਤਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਮਾਹਰਾਂ ਦਾ ਕਹਿਣਾ ਹੈ ਕਿ ਰੇਲ ਟਰੈਕ, ਖ਼ਾਸਕਰ ਮਾਲਗੱਡੀਆਂ ਦੇ ਰੂਟ, ਦੇਸ਼ ਦੀ ਸਪਲਾਈ ਚੇਨ ਦੀ ਰੀੜ੍ਹ ਹੈ। ਕੋਲਾ, ਖ਼ਾਦ, ਅਨਾਜ ਅਤੇ ਉਦਯੋਗਿਕ ਸਮਾਨ ਦੀ ਢੋਆ ਢੁਆਈ ਸਿਰਫ਼ ਇਨ੍ਹਾਂ ਮਾਰਗਾਂ ’ਤੇ ਹੀ ਹੁੰਦੀ ਹੈ। ਅਜਿਹੇ ’ਚ ਇਨ੍ਹਾਂ ਉੱਤੇ ਹਮਲਾ ਜਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਸਿੱਧੇ ਤੌਰ ’ਤੇ ਆਰਥਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਸੁਰੱਖਿਆ ਏਜੰਸੀਆਂ ਦੇ ਮੁਤਾਬਿਕ, ਟਰੈਕ ਦੇ ਆਲੇ ਦੁਆਲੇ ਜਾਸੂਸੀ, ਛੋਟੀਆਂ ਘਟਨਾਵਾਂ ਰਾਹੀਂ ਮਾਹੌਲ ਬਣਾਉਣਾ ਅਤੇ ਫਿਰ ਵੱਡੇ ਹਮਲੇ ਦੀ ਕੋਸ਼ਿਸ਼ ਇਹ ਇੱਕ ਸੰਭਾਵਿਤ ਪੈਟਰਨ ਹੋ ਸਕਦਾ ਹੈ। ਇਸ ਤਰ੍ਹਾਂ ਦੇ ਇਨਪੁੱਟ ਵੀ ਮਿਲੇ ਹਨ ਕਿ ਸੰਵੇਦਨਸ਼ੀਲ ਰੂਟ ਅਤੇ ਰਣਨੀਤਿਕ ਥਾਵਾਂ ਨੂੰ ਚੁਣ ਕੇ ਜ਼ਿਆਦਾ ਅਸਰ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਲਹਾਲ ਰੇਲਵੇ, ਆਰਪੀਐੱਫ ਅਤੇ ਸੂਬਾ ਪੁਲਿਸ ਨੇ ਸੰਵੇਦਨਸ਼ੀਲ ਇਲਾਕਿਆਂ ’ਚ ਪੈਟ੍ਰੋਲਿੰਗ ਵਧਾ ਦਿੱਤੀ ਹੈ। ਟ੍ਰੈਕ ਦੇ ਆਲੇ-ਦੁਆਲੇ ਨਿਗਰਾਨੀ, ਤਕਨੀਕੀ ਸਰਵਲਾਂਸ ਅਤੇ ਖੁਫੀਆ ਇਨਪੁੱਟ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਲਗਾਤਾਰ ਸਾਹਮਣੇ ਆ ਰਹੀਆਂ ਇਹ ਘਟਨਾਵਾਂ ਇਹ ਸਪੱਸ਼ਟ ਕਰ ਦਿੰਦੀਆਂ ਹਨ ਕਿ ਰੇਲ ਪਟੜੀਆਂ ਹੁਣ ਸਿਰਫ਼ ਆਵਾਜਾਈ ਦਾ ਜ਼ਰੀਆ ਨਹੀਂ ਰਹੀਆਂ, ਬਲਕਿ ਸੁਰੱਖਿਆ ਦੇ ਲਹਾਜ਼ ਨਾਲ ਵੀ ਹਾਈ-ਰਿਸਕ ਜ਼ੋਨ ਬਣਦੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਏਜੰਸੀਆਂ ਦੇ ਸਾਹਮਣੇ ਚੁਣੌਤੀ ਹੈ ਕਿ ਇਨ੍ਹਾਂ ਨੂੰ ਸਮਾਂ ਰਹਿੰਦਿਆਂ ਅਸਫਲ ਕੀਤਾ ਜਾਵੇ।