ਰਾਘਵ ਚੱਢਾ ਨੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਘੰਟਿਆਂ 'ਚ ਪੰਜਾਬ ਵਿਚ ਦੋ ਬੰਬ ਧਮਾਕੇ ਹੋਏ ਹਨ, ਇਕ ਜਲੰਧਰ ਤੇ ਦੂਜਾ ਅੰਮ੍ਰਿਤਸਰ 'ਚ। ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਸਥਿਤੀ ਚਿੰਤਾਜਨਕ ਹੈ; ਇਹ ਬੰਬ ਧਮਾਕੇ ਪੰਜਾਬ ਦੀ ਅਮਨ-ਸ਼ਾਂਤੀ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਹਨ।

ਡਿਜੀਟਲ ਡੈਸਕ, ਚੰਡੀਗੜ੍ਹ : ਪੰਜਾਬ ਦੇ ਜਲੰਧਰ ਤੇ ਅੰਮ੍ਰਿਤਸਰ 'ਚ ਹੋਏ ਬੰਬ ਧਮਾਕਿਆਂ ਨੂੰ ਲੈ ਕੇ ਭਾਜਪਾ ਆਗੂ ਤੇ ਸੰਸਦ ਮੈਂਬਰ ਰਾਘਵ ਚੱਢਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਘੰਟਿਆਂ 'ਚ ਪੰਜਾਬ ਵਿਚ ਦੋ ਬੰਬ ਧਮਾਕੇ ਹੋਏ ਹਨ, ਇਕ ਜਲੰਧਰ ਤੇ ਦੂਜਾ ਅੰਮ੍ਰਿਤਸਰ 'ਚ। ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਸਥਿਤੀ ਚਿੰਤਾਜਨਕ ਹੈ; ਇਹ ਬੰਬ ਧਮਾਕੇ ਪੰਜਾਬ ਦੀ ਅਮਨ-ਸ਼ਾਂਤੀ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਹਨ।
ਰਾਘਵ ਚੱਢਾ ਨੇ ਕਿਹਾ, "ਪੰਜਾਬ ਦੇ ਡੀਜੀਪੀ ਸਾਹਿਬ ਨੇ ਮੌਕੇ 'ਤੇ ਜਾ ਕੇ ਸ਼ੁਰੂਆਤੀ ਜਾਂਚ ਵਿਚ ਇਹ ਪਾਇਆ ਕਿ ਇਸ ਵਾਰਦਾਤ ਪਿੱਛੇ ਪਾਕਿਸਤਾਨ ਦੀ ISI ਦਾ ਹੱਥ ਹੈ। ਦੂਜੇ ਪਾਸੇ ਪੰਜਾਬ ਦੇ ਸੀਐਮ ਬਿਆਨ ਦੇ ਰਹੇ ਹਨ ਕਿ ਇਸ ਵਾਰਦਾਤ ਪਿੱਛੇ ਪਾਕਿਸਤਾਨ ਦੀ ISI ਦਾ ਹੱਥ ਨਹੀਂ ਬਲਕਿ ਭਾਜਪਾ ਦਾ ਹੱਥ ਹੈ। ਮੈਂ ਸਿੱਧੇ ਤੌਰ 'ਤੇ ਪੁੱਛਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਸੀਐਮ ਪਾਕਿਸਤਾਨ ਦੀ ISI ਨੂੰ ਕਿਉਂ ਕਲੀਨ ਚਿੱਟ ਦੇਣਾ ਚਾਹੁੰਦੇ ਹਨ ਤੇ ਕੀ ਭਾਜਪਾ ਨਾਲ ਉਨ੍ਹਾਂ ਦੀ ਇੰਨੀ ਦੁਸ਼ਮਣੀ ਹੋ ਗਈ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਦੀ ISI ਦੀ ਗੋਦੀ 'ਚ ਜਾ ਕੇ ਬੈਠਣਾ ਪੈ ਰਿਹਾ ਹੈ... ਉਨ੍ਹਾਂ ਦਾ ਬਿਆਨ ਬਹੁਤ ਚਿੰਤਾਜਨਕ ਹੈ, ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਦੀ ਅਜਿਹੀ ਕੀ ਮਜਬੂਰੀ ਹੈ ਕਿ ਉਨ੍ਹਾਂ ਨੂੰ ਅਜਿਹੇ ਬਿਆਨ ਦੇਣੇ ਪੈ ਰਹੇ ਹਨ?"
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ 'ਚ ਹੋਏ ਬੰਬ ਧਮਾਕਿਆਂ ਨੂੰ ਲੈ ਕੇ ਵਿਰੋਧੀ ਧਿਰ 'ਤੇ ਹਮਲਾ ਬੋਲਿਆ। ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ 'ਸ਼ੁਕਰਾਨਾ ਯਾਤਰਾ' ਸ਼ੁਰੂ ਕਰਨ ਦੌਰਾਨ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਧਮਾਕੇ ਭਾਜਪਾ ਦੀ ਚੋਣ ਤਿਆਰੀ ਦਾ ਹਿੱਸਾ ਹਨ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਚੋਣਾਂ ਤੋਂ ਪਹਿਲਾਂ ਲੋਕਾਂ 'ਚ ਡਰ ਅਤੇ ਤਣਾਅ ਦਾ ਮਾਹੌਲ ਬਣਾ ਕੇ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਕਰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਭਾਜਪਾ ਆਗੂਆਂ ਨੇ ਖ਼ੁਦ ਕਿਹਾ ਸੀ ਕਿ ਹੁਣ ਪੰਜਾਬ ਦੀ ਵਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦਾ ਤਰੀਕਾ ਇਹੀ ਰਿਹਾ ਹੈ ਕਿ ਜਿੱਥੇ ਚੋਣਾਂ ਆਉਂਦੀਆਂ ਹਨ, ਉੱਥੇ ਪਹਿਲਾਂ ਲੋਕਾਂ ਨੂੰ ਆਪਸ 'ਚ ਲੜਾਇਆ ਜਾਂਦਾ ਹੈ ਅਤੇ ਫਿਰ ਡਰ ਦਾ ਮਾਹੌਲ ਬਣਾ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੋਹਰੇ ਬੰਬ ਧਮਾਕਿਆਂ ਲਈ ਭਾਜਪਾ ਨੂੰ ਦੋਸ਼ੀ ਠਹਿਰਾਏ ਜਾਣ 'ਤੇ ਕਿਹਾ, 'ਪਾਕਿਸਤਾਨ ਅਤੇ ਆਈਐਸਆਈਐਸ ਹਮੇਸ਼ਾ ਸਾਡੇ ਸਰਹੱਦੀ ਖੇਤਰਾਂ 'ਚ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਅਜਿਹਾ ਹੈ ਜੋ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦੇਵੇਗਾ।'