ਕੰਗ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੀ ਖਾਦ ਸੁਰੱਖਿਆ ਵਿਚ ਬੇਮਿਸਾਲ ਯੋਗਦਾਨ ਦਿੱਤਾ ਹੈ ਪਰ ਇਸ ਮਾਡਲ ਦੇ ਵਾਤਾਵਰਣਕ ਤੇ ਸਿਹਤ ਸਬੰਧੀ ਨੁਕਸਾਨ ਹੁਣ ਸਪਸ਼ਟ ਹੋ ਰਹੇ ਹਨ। ਪੰਜਾਬ ਵਿਚ ਭੂ-ਗਰਭ ਜਲ ਪੱਧਰ ਖਤਰਨਾਕ ਤਰੀਕੇ ਨਾਲ ਹੇਠਾਂ ਚਲਾ ਗਿਆ ਹੈ ਤੇ ਸੂਬਾ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ ਵਿਚ ਕੈਂਸਰ ਸਮੇਤ ਕਈ ਬਿਮਾਰੀਆਂ ਦੇ ਮਾਮਲੇ ਵੱਧ ਰਹੇ ਹਨ।

ਨਵੀਂ ਦਿੱਲੀ/ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਵੀਰਵਾਰ ਨੂੰ ਲੋਕ ਸਭਾ ਵਿਚ ਅਨੁਪੂਰਕ ਮੰਗਾਂ ’ਤੇ ਚਰਚਾ ਦੌਰਾਨ ਪੰਜਾਬ ਵਿਚ ਖੇਤੀਬਾੜੀ ਤੇ ਸਿੰਚਾਈ ਨਾਲ ਸਬੰਧਤ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਚੁੱਕਿਆ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਪੰਜਾਬ ਵਿਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਖਾਸ ਪੈਕੇਜ ਤੇ ਵਾਧੂ ਗ੍ਰਾਂਟਾਂ ਦੇਣ ਦੀ ਮੰਗ ਕੀਤੀ।
ਕੰਗ ਨੇ ਦੇਸ਼ ਦੀ ਖਾਦ ਸੁਰੱਖਿਆ ਵਿਚ ਪੰਜਾਬ ਦੇ ਇਤਿਹਾਸਕ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਦੋਂ ਭਾਰਤ ਖਾਦ ਅਨਾਜ ਦੀ ਘਾਟ ਦਾ ਸਾਹਮਣਾ ਕਰ ਰਿਹਾ ਸੀ, ਉਸ ਸਮੇਂ ਜਵਾਹਰ ਲਾਲ ਨਹਿਰੂ ਅਤੇ ਮਸ਼ਹੂਰ ਖੇਤੀ ਵਿਗਿਆਨੀ ਐਮਐਸ. ਸਵਾਮੀਨਾਥਨ ਦੀ ਅਗਵਾਈ ਵਿਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ, ਜਿਸ ਵਿੱਚ ਪੰਜਾਬ ਨੇ ਪੂਰੇ ਦੇਸ਼ ਲਈ ਅਨਾਜ ਉਪਲਬਧ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਕੰਗ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੀ ਖਾਦ ਸੁਰੱਖਿਆ ਵਿਚ ਬੇਮਿਸਾਲ ਯੋਗਦਾਨ ਦਿੱਤਾ ਹੈ ਪਰ ਇਸ ਮਾਡਲ ਦੇ ਵਾਤਾਵਰਣਕ ਤੇ ਸਿਹਤ ਸਬੰਧੀ ਨੁਕਸਾਨ ਹੁਣ ਸਪਸ਼ਟ ਹੋ ਰਹੇ ਹਨ। ਪੰਜਾਬ ਵਿਚ ਭੂ-ਗਰਭ ਜਲ ਪੱਧਰ ਖਤਰਨਾਕ ਤਰੀਕੇ ਨਾਲ ਹੇਠਾਂ ਚਲਾ ਗਿਆ ਹੈ ਤੇ ਸੂਬਾ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਜਿਨ੍ਹਾਂ ਵਿਚ ਕੈਂਸਰ ਸਮੇਤ ਕਈ ਬਿਮਾਰੀਆਂ ਦੇ ਮਾਮਲੇ ਵੱਧ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ ਦਾ ਮਜ਼ਬੂਤ ਕੇਂਦਰ ਹੋਣ ਦੇ ਬਾਵਜੂਦ ਅਪੰਜਾਬ ਵਿੱਚ ਵੱਡੇ ਪੱਧਰ ’ਤੇ ਅਜਿਹੀਆਂ ਫਸਲਾਂ ਦੀ ਕਾਸ਼ਤ ਹੋ ਰਹੀ ਹੈ ਜੋ ਇਸ ਦੀ ਮਿੱਟੀ ਅਤੇ ਪਾਣੀ ਦੀਆਂ ਹਾਲਤਾਂ ਲਈ ਕਾਫ਼ੀ ਨਹੀਂ ਹਨ, ਖਾਸਕਰ ਝੋਨਾ। ਦੂਜੇ ਪਾਸੇ ਦੇਸ਼ ਅਜੇ ਵੀ ਦਾਲਾਂ, ਫਲਾਂ ਅਤੇ ਸਬਜ਼ੀਆਂ ਵਰਗੀਆਂ ਕਈ ਜ਼ਰੂਰੀ ਚੀਜ਼ਾਂ ਦਰਾਮਦ ਕਰ ਰਿਹਾ ਹੈ। ਪੰਜਾਬ ਵਿਚ ਫ਼ਸਲੀ ਵਿਭਿੰਨਤਾ ਲਈ ਕਈ ਸੰਭਾਵਨਾਵਾਂ ਹਨ। ਅਸੀਂ ਦਾਲਾਂ, ਫਲ, ਡੇਅਰੀ ਉਤਪਾਦ, ਕਪਾਹ, ਮੱਕੀ, ਗੰਨਾ ਅਤੇ ਆਲੂ ਵੱਡੀ ਮਾਤਰਾ ਵਿੱਚ ਉਤਪਾਦਨ ਕਰ ਸਕਦੇ ਹਾਂ, ਜਿਸ ਨਾਲ ਦੇਸ਼ ਨੂੰ ਦਰਾਮਦ ’ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਉਨ੍ਹਾਂ ਸਦਨ ਨੂੰ ਜਾਣਕਾਰੀ ਦਿੱਤੀ ਕਿ ‘ਆਪ’ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਵਿਚ ਸਿਰਫ਼ ਲਗਭਗ 21 ਫੀਸਦ ਖੇਤੀਬਾੜੀ ਜ਼ਮੀਨ ਨੂੰ ਨਹਿਰਾਂ ਜਾਂ ਦਰਿਆਵਾਂ ਦਾ ਪਾਣੀ ਮਿਲਦਾ ਸੀ। ਅੱਜ ਇਹ ਅੰਕੜਾ ਵੱਧ ਕੇ ਲਗਭਗ 78 ਫੀਸਦੀ ਹੋ ਗਿਆ ਏ। ਕੰਗ ਨੇ ਅੰਤ ਵਿੱਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਪ੍ਰੋਜੈਕਟਾਂ, ਸਿੰਚਾਈ ਵਿਕਾਸ ਅਤੇ ਫਸਲ ਵਿਭਿੰਨਤਾ ਨਾਲ ਸਬੰਧਤ ਖੋਜ ਵਿੱਚ ਪੰਜਾਬ ਨੂੰ ਤਰਜੀਹ ਦਿੱਤੀ ਜਾਵੇ।