ਪੰਜਾਬੀ ਲਿਖਾਰੀ ਸਭਾ ਦੀ ਮਹੀਨਾਵਾਰ ਇਕੱਤਰਤਾ ਹੋਈ
ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਹੋਈ
Publish Date: Sun, 25 Jan 2026 05:29 PM (IST)
Updated Date: Sun, 25 Jan 2026 05:31 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਸਭਾ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਨੂੰ ਸਮਰਪਿਤ ਕੀਤੀ ਗਈ। ਇਸ ਦੌਰਾਨ ਸਭਾ ਨੇ ਵੋਟਰ ਦਿਵਸ ਨੂੰ ਮੁੱਖ ਰੱਖ ਕੇ ਲੋਕਤੰਤਰੀ ਕੀਮਤਾਂ ਵਿਚ ਵਿਸ਼ਵਾਸ ਰੱਖਣ ਦੀ ਸਹੁੰ ਚੁੱਕੀ। ਬੀਬੀ ਅਮਰਜੀਤ ਕੌਰ ਮੋਰਿੰਡਾ ਨੂੰ ਮੀਤ ਪ੍ਰਧਾਨ ਅਤੇ ਮਹਾਂਵੀਰ ਸਿੰਘ ਮਾਜਰੀ ਨੂੰ ਸਕੱਤਰ ਸਰਬਸੰਮਤੀ ਨਾਲ ਚੁਣਿਆ ਗਿਆ। ਪੁਰਾਣੇ ਅਹੁਦੇਦਾਰਾਂ ਨੂੰ ਬਰਕਰਾਰ ਰੱਖਦਿਆਂ ਪ੍ਰਧਾਨ ਹਰਦੀਪ ਸਿੰਘ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਮੋਹਨ ਸਿੰਘ ਪਪਰਾਲਾ ਨੇ ਲੋਕ ਤੱਤ ਪੇਸ਼ ਕੀਤੇ, ਜਦਕਿ ਮਹਾਂਵੀਰ ਸਿੰਘ ਨੇ ਤਿਰੰਗਾ ਸਾਡਾ ਕਵਿਤਾ ਪੜ੍ਹੀ। ਜਸਵਿੰਦਰ ਸਿੰਘ ਨੇ ਆਦਰਸ਼ ਲੋਕਤੰਤਰ ਬਾਰੇ ਕਵਿਤਾ ਪੇਸ਼ ਕੀਤੀ। ਇਸ ਮੌਕੇ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਸੁਝਾਅ ਦਿੱਤੇ। ਇਸ ਦੌਰਾਨ ਐੱਸਡੀਓ ਗੁਰਨਾਮ ਸਿੰਘ ਬਿਜਲੀ ਨੇ ਆਜ਼ਾਦੀ ਕਵਿਤਾ ਪੇਸ਼ ਕੀਤੀ, ਜਦਕਿ ਅਮਰਜੀਤ ਕੌਰ ਨੇ ਦੇਸ ਦੀ ਵੰਡ ਦੇ ਦੁਖਾਂਤ ਨੂੰ ਕਵਿਤਾ ਦਾ ਵਿਸ਼ਾ ਬਣਾਇਆ। ਕੁਲਵਿੰਦਰ ਸਿੰਘ ਖੈਰਾਬਾਦੀ ਨੇ ਵਿਛੜਿਆ ਕਵੀ ਕਵਿਤਾ ਪੇਸ਼ ਕੀਤੀ। ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਨਾਮਧਾਰੀ ਬਾਬਾ ਰਾਮ ਸਿੰਘ ਵੱਲੋਂ ਆਜ਼ਾਦੀ, ਸਮਾਜ ਸੁਧਾਰ ਅਤੇ ਇਸਤਰੀ ਦੇ ਉਥਾਨ ਲਈ ਪਾਏ ਯੋਗਦਾਨ ਬਾਰੇ ਦੱਸਿਆ। ਇਸ ਮੌਕੇ ਹਰਦੀਪ ਸਿੰਘ ਗਿੱਲ ਨੇ ਗਣਤੰਤਰ ਦਿਵਸ ਦੇ ਮਹੱਤਵ ਅਤੇ ਨਾਰੀ ਦੇ ਸਨਮਾਨ ਬਾਰੇ ਸਮਾਜ ਨੂੰ ਜਾਗਰੂਕ ਕੀਤਾ। ਸਭਾ ਨੇ ਚਾਈਨਾ ਡੋਰ ਦੇ ਸ਼ਿਕਾਰ ਬਣੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਸਰਕਾਰ ਅਤੇ ਸਮਾਜ ਦੋਵਾਂ ਨੂੰ ਸਮੱਸਿਆ ਪ੍ਰਤੀ ਗੰਭੀਰ ਹੋਣ ਦੀ ਅਪੀਲ ਕੀਤੀ। ਮੰਚ ਦਾ ਸੰਚਾਲਨ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਕੀਤਾ।