Punjab Weather Update: ਸੂਬੇ 'ਚ 4 ਦਿਨਾਂ ਲਈ ਮੌਸਮ ਦਾ 'ਯੈਲੋ ਅਲਰਟ'; ਮੀਂਹ- ਹਨੇਰੀ ਤੇ ਗੜੇਮਾਰੀ ਦੀ ਚਿਤਾਵਨੀ
ਮੌਸਮ ਵਿਭਾਗ ਮੁਤਾਬਕ ਆਉਂਦੀ 11 ਤੋਂ 14 ਮਈ ਤੱਕ ਪੰਜਾਬ ਵਿਚ ਧੂੜ ਵਾਲੀ ਹਵਾ, ਹਲਕੀ ਤੋਂ ਆਮ ਵਰਖਾ ਤੇ ਗੜੇਮਾਰੀ ਹੋ ਸਕਦੀ ਹੈ। ਹਵਾ ਦੀ ਰਫ਼ਤਾਰ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ, ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ।
Publish Date: Sat, 09 May 2026 08:20 AM (IST)
Updated Date: Sat, 09 May 2026 08:23 AM (IST)
ਜਾਸ, ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਉੱਪਰਲੇ ਹਿੱਸਿਆਂ ਵਿਚ ਦੁਬਾਰਾ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਪੰਜਾਬ ਵਿਚ ਮੌਸਮ ਮੁੜ ਬਦਲਣ ਵਾਲਾ ਹੈ। ਮੌਸਮ ਵਿਭਾਗ ਮੁਤਾਬਕ ਆਉਂਦੀ 11 ਤੋਂ 14 ਮਈ ਤੱਕ ਪੰਜਾਬ ਵਿਚ ਧੂੜ ਵਾਲੀ ਹਵਾ, ਹਲਕੀ ਤੋਂ ਆਮ ਵਰਖਾ ਤੇ ਗੜੇਮਾਰੀ ਹੋ ਸਕਦੀ ਹੈ। ਹਵਾ ਦੀ ਰਫ਼ਤਾਰ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ, ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ।
ਵਿਭਾਗ ਦੇ ਅਨੁਮਾਨ ਮੁਤਾਬਕ 10 ਮਈ ਤੱਕ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿਚ 25 ਤੋਂ 30 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਜਦਕਿ ਦਿਨ ਦੇ ਤਾਪਮਾਨ ਵਿਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ ਪਰ ਇਸ ਮਗਰੋਂ ਮੌਸਮ ਬਦਲੇਗਾ। ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਦਿਨ ਵੇਲੇ ਹਵਾ ਚੱਲਦੀ ਰਹੀ ਤੇ ਬਹੁਤੀ ਥਾਈਂ ਧੁੱਪ ਖਿ਼ੜੀ ਰਹੀ। ਹਾਲਾਂਕਿ ਦਿਨ ਦਾ ਤਾਪਮਾਨ ਕਈ ਜ਼ਿਲ੍ਹਿਆਂ ਵਿਚ ਚਾਰ ਤੋਂ ਪੰਜ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਬਠਿੰਡਾ ਵਿਚ ਦਿਨ ਦਾ ਤਾਪਮਾਨ ਸਭ ਤੋਂ ਵੱਧ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਤਾਪਮਾਨ 32 ਤੋਂ 34 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ। ਮੋਹਾਲੀ ਵਿਚ ਤਾਪਮਾਨ 32.5 ਡਿਗਰੀ, ਪਠਾਨਕੋਟ ਵਿਚ 32.6 ਡਿਗਰੀ, ਹੁਸ਼ਿਆਰਪੁਰ ਵਿਚ 32.9 ਡਿਗਰੀ, ਲੁਧਿਆਣਾ ਵਿਚ 33.5 ਡਿਗਰੀ, ਅੰਮ੍ਰਿਤਸਰ ਵਿਚ 33.6 ਡਿਗਰੀ, ਚੰਡੀਗੜ੍ਹ ਵਿਚ 33 ਡਿਗਰੀ, ਪਟਿਆਲਾ ਵਿਚ 33.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ।