ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੀ ਸਖ਼ਤ ਚੇਤਾਵਨੀ : ਜੇ ਮੰਗਾਂ ਨਾ ਮੰਨੀਆਂ ਤਾਂ ਅਗਲੇ ਹਫ਼ਤੇ ਤੋਂ ਅਣਮਿੱਥੇ ਸਮੇਂ ਲਈ ਹੜਤਾਲ
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੀ ਸਖ਼ਤ ਚੇਤਾਵਨੀ : ਅਗਲੇ ਹਫ਼ਤੇ ਤੋਂ ਅਣਮਿੱਥੇ ਸਮੇਂ ਲਈ ਹੜਤਾਲ
Publish Date: Sat, 15 Nov 2025 06:08 PM (IST)
Updated Date: Sat, 15 Nov 2025 06:11 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਫ਼ਾਈ ਸੇਵਕਾਂ ਦੀਆਂ ਲਟਕਦੀਆਂ ਮੰਗਾਂ ਅਤੇ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਸ਼ਨਿੱਚਰਵਾਰ ਨੂੰ ਮਿਊਂਸੀਪਲ ਭਵਨ, ਸੈਕਟਰ 68, ਮੁਹਾਲੀ ਵਿਖੇ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੀ ਇਕ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ। ਇਹ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸਫ਼ਾਈ ਸੇਵਕਾਂ ਦੀਆਂ ਮੁੱਖ ਮੰਗਾਂ ’ਤੇ ਵਿਚਾਰ ਵਟਾਂਦਰਾ ਕਰਨ ਉਪਰੰਤ, ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਪਿੱਛੇ ਭੱਜ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਬਣਨ ਤੋਂ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਲਗਭਗ 4 ਸਾਲ ਬੀਤਣ ਦੇ ਬਾਵਜੂਦ ਪੰਜਾਬ ਦਾ ਇਕ ਵੀ ਸਫ਼ਾਈ ਸੇਵਕ ਪੱਕਾ ਨਹੀਂ ਕੀਤਾ ਗਿਆ ਹੈ। ਆਗੂਆਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ, ਦਿੱਲੀ ਵਾਲੇ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਮਿਲ ਕੇ, ਉਨ੍ਹਾਂ ਦੀਆਂ ਪ੍ਰਾਈਵੇਟ ਕੰਪਨੀਆਂ ਨੂੰ ਡੋਰ-ਟੂ-ਡੋਰ ਕੂੜਾ ਚੁੱਕਣ ਦਾ ਠੇਕਾ ਦੇਣ ਦੀ ਆੜ ਵਿਚ ਪੰਜਾਬ ਨੂੰ ਲੁੱਟਣ ਅਤੇ ਸਮੂਚੇ ਵਾਲਮੀਕਿ ਸਮਾਜ ਨੂੰ ਆਰਥਿਕ ਗੁਲਾਮ ਬਣਾਉਣ ਦਾ ਰਾਹ ਪੱਧਰਾ ਕਰ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਵਾਲਮੀਕਿ ਸਮਾਜ ਇਸ ਕਾਰਵਾਈ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ। ਪਵਨ ਗੋਡਯਾਲ ਅਤੇ ਮੋਹਣ ਸਿੰਘ ਨੇ ਯਾਦ ਕਰਵਾਇਆ ਕਿ 2011 ਵਿਚ ਅਕਾਲੀ ਦਲ ਬਾਦਲ ਸਰਕਾਰ ਵੱਲੋਂ ਵੀ ਵਿਦੇਸ਼ੀ ਕੰਪਨੀਆਂ ਲਿਆ ਕੇ ਠੇਕਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੇ ਵਿਰੋਧ ਵਿਚ ਸਮੂਚੇ ਵਾਲਮੀਕਿ ਸਮਾਜ ਨੂੰ ਹੜਤਾਲ ਤੇ ਉਤਰਨਾ ਪਿਆ ਸੀ ਅਤੇ ਬਾਦਲ ਸਰਕਾਰ ਨੂੰ ਠੇਕਾ ਰੋਕਣ ਲਈ ਮਜਬੂਰ ਹੋਣਾ ਪਿਆ ਸੀ। ਆਗੂਆਂ ਵੱਲੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਮਕੈਨੀਕਲ ਸਵੀਪਿੰਗ ਦੇ ਨਾਂ ਤੇ ਅਧਿਕਾਰੀਆਂ ਵੱਲੋਂ ਨਗਰ ਨਿਗਮ ਨੂੰ ਲੁੱਟਣ ਦੀ ਬਜਾਏ, ਮਕੈਨੀਕਲ ਸਫ਼ਾਈ ਦਾ ਦਿੱਤਾ ਠੇਕਾ ਰੱਦ ਕਰਕੇ ਸਿੱਧੀ ਭਰਤੀ ਕੀਤੀ ਜਾਵੇ। ਕੰਟਰੈਕਟ ਬੇਸ ਤੇ ਭਰਤੀ ਕੀਤੇ ਗਏ ਅਤੇ ਤਿੰਨ ਸਾਲ ਪੂਰੇ ਕਰ ਚੁੱਕੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਡੋਰ-ਟੂ-ਡੋਰ ਕੂੜਾ ਚੁੱਕਣ ਦੇ ਠੇਕੇ ਦੇ ਨਾਂ ਤੇ ਵਾਲਮੀਕਿ ਸਮਾਜ ਨੂੰ ਆਰਥਿਕ ਗੁਲਾਮ ਬਣਾਉਣ ਦੀ ਕੋਝੀ ਕਾਰਵਾਈ ਨੂੰ ਪੂਰੀ ਤਰ੍ਹਾਂ ਰੋਕਿਆ ਜਾਵੇ। ਪ੍ਰਸ਼ਾਸਨ ਰਾਜਨੀਤੀ ਕਰਨ ਦੀ ਬਜਾਏ ਸਾਰੇ ਆਰਐੱਮਸੀ ਪੁਆਇੰਟ ਖਾਲੀ ਕਰਵਾਏ ਅਤੇ ਡੰਪਿੰਗ ਸਾਈਟ ਦਾ ਪੱਕਾ ਪ੍ਰਬੰਧ ਕਰੇ। ਜਥੇਬੰਦੀ ਵੱਲੋਂ ਗਿੱਲਾ-ਸੁੱਕਾ ਕੂੜਾ ਵੱਖਰਾ ਕਰਵਾ ਕੇ ਦਿੱਤਾ ਜਾਵੇਗਾ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਹੀ ਇਨ੍ਹਾਂ ਮੰਗਾਂ ਤੇ ਅਮਲ ਨਾ ਕੀਤਾ ਗਿਆ, ਤਾਂ ਅਗਲੇ ਹਫ਼ਤੇ ਕਿਸੇ ਵੀ ਵੇਲੇ ਸਫ਼ਾਈ ਸੇਵਕਾਂ ਵੱਲੋਂ ਸ਼ਹਿਰ ਦੀ ਸਫ਼ਾਈ, ਸੀਵਰੇਜ ਦੀ ਸਫ਼ਾਈ ਅਤੇ ਕੂੜਾ ਚੁੱਕਣ ਦਾ ਕੰਮ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਤੇ ਜਾਣ ਲਈ ਮਜਬੂਰ ਹੋਣਾ ਪਵੇਗਾ।