Punjab News : ਸਰਕਾਰੀ ਹਸਪਤਾਲਾਂ ’ਚ ਇਲਾਜ ਲਈ ‘ਆਭਾ’ ਐੱਪ ’ਤੇ ਰਜਿਸਟਰੇਸ਼ਨ ਹੋਈ ਲਾਜ਼ਮੀ, ਹੁਣ ਮੋਬਾਈਲ ਰਾਹੀਂ ਘਰ ਬੈਠੇ ਬੁੱਕ ਹੋਵੇਗਾ ਟੋਕਨ
ਭਾਰਤ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਹੁਣ ਮਰੀਜ਼ਾਂ ਲਈ ‘ਆਭਾ’ ਐੱਪ ’ਤੇ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਹਸਪਤਾਲ ਵਿਚ ਪਰਚੀ ਬਣਵਾਉਣ ਵਿਚ ਮੁਸ਼ਕਲ ਆ ਸਕਦੀ ਹੈ।
Publish Date: Sat, 10 Jan 2026 08:09 PM (IST)
Updated Date: Sat, 10 Jan 2026 08:12 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਭਾਰਤ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਹੁਣ ਮਰੀਜ਼ਾਂ ਲਈ ‘ਆਭਾ’ ਐੱਪ ’ਤੇ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਹਸਪਤਾਲ ਵਿਚ ਪਰਚੀ ਬਣਵਾਉਣ ਵਿਚ ਮੁਸ਼ਕਲ ਆ ਸਕਦੀ ਹੈ।
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਆਭਾ’ ਐੱਪ ਰਾਹੀਂ ਮਰੀਜ਼ ਹਸਪਤਾਲ ਜਾਣ ਤੋਂ ਕਰੀਬ ਇਕ ਘੰਟਾ ਪਹਿਲਾਂ ਹੀ ਘਰ ਬੈਠੇ ਆਪਣਾ ਟੋਕਨ ਬੁੱਕ ਕਰ ਸਕਦੇ ਹਨ। ਇਸ ਨਾਲ ਹਸਪਤਾਲ ਵਿਚ ਲੰਮੀਆਂ ਲਾਈਨਾਂ ’ਚ ਖੜ੍ਹੇ ਹੋਣ ਦੀ ਲੋੜ ਨਹੀਂ ਪਵੇਗੀ। ਰਜਿਸਟਰੇਸ਼ਨ ਦੀ ਇਹ ਸਾਰੀ ਪ੍ਰਕਿਰਿਆ ਮਹਿਜ਼ 5 ਮਿੰਟਾਂ ’ਚ ਪੂਰੀ ਹੋ ਜਾਂਦੀ ਹੈ।
ਇਸ ਐੱਪ ’ਚ ਮਰੀਜ਼ ਦੀਆਂ ਬਿਮਾਰੀਆਂ ਅਤੇ ਇਲਾਜ ਨਾਲ ਸਬੰਧਤ ਸਾਰਾ ਰਿਕਾਰਡ ਡਿਜੀਟਲ ਰੂਪ ਵਿਚ ਸੁਰੱਖਿਅਤ ਰਹੇਗਾ। ਹੁਣ ਮਰੀਜ਼ਾਂ ਨੂੰ ਭਾਰੀ ਫਾਈਲਾਂ ਜਾਂ ਕਾਗਜ਼ਾਤ ਸਾਂਭ ਕੇ ਰੱਖਣ ਦੀ ਲੋੜ ਨਹੀਂ ਪਵੇਗੀ। ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਸਥਿਤ ਸਰਕਾਰੀ ਹਸਪਤਾਲ ਵਿਚ ਇਸ ਐੱਪ ਰਾਹੀਂ ਡਾਕਟਰ ਮਰੀਜ਼ ਦਾ ਪੁਰਾਣਾ ਰਿਕਾਰਡ ਦੇਖ ਕੇ ਇਲਾਜ ਸ਼ੁਰੂ ਕਰ ਸਕਣਗੇ।