ਮੀਟਿੰਗ ਦੌਰਾਨ ਬੈਕਫਿੰਕੋ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ ਸਵੈ-ਰੋਜ਼ਗਾਰ ਲਈ ਘੱਟ ਵਿਆਜ ਦਰਾਂ ‘ਤੇ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ। ਇਸ ਤਹਿਤ ਕਰਿਆਨੇ ਦੀਆਂ ਦੁਕਾਨਾਂ, ਡੇਅਰੀ ਫਾਰਮਿੰਗ ਵਰਗੀਆਂ ਗਤੀਵਿਧੀਆਂ ਲਈ 18 ਤੋਂ 55 ਸਾਲ ਦੇ ਪੰਜਾਬ ਦੇ ਵਸਨੀਕ ਯੋਗ ਹਨ।

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ‘ਸੂਬਾ ਸਰਕਾਰ ਪੱਛੜੀਆਂ ਸ੍ਰੇਣੀਆਂ ਦੀ ਸਮਾਜਿਕ ਤੇ ਆਰਥਿਕ ਤਰੱਕੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ’। ਇਹ ਗੱਲ ਮਲਕੀਤ ਸਿੰਘ ਥਿੰਦ, ਚੇਅਰਮੈਨ, ਪੰਜਾਬ ਰਾਜ ਪੱਛੜੀਆਂ ਸ੍ਰੇਣੀਆਂ ਕਮਿਸ਼ਨ ਨੇ ਪੰਜਾਬ ਭਵਨ ਵਿਚ ਪੱਛੜੀਆਂ ਸ੍ਰੇਣੀਆਂ ਲਈ ਨਵ-ਗਠਿਤ 11 ਬੋਰਡਾਂ ਦੇ ਚੇਅਰਮੈਨ, ਵਾਈਸ ਚੇਅਰਮੈਨ ਤੇ ਮੈਂਬਰਾਂ ਨਾਲ ਮੀਟਿੰਗ ਦੌਰਾਨ ਕਹੀ। ਉਨ੍ਹਾਂ ਦੱਸਿਆ ਕਿ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਸਹਿਯੋਗ ਨਾਲ ਪਹਿਲਾਂ ਹੀ ਕਈ ਭਲਾਈ ਕਾਰਜ ਕੀਤੇ ਜਾ ਰਹੇ ਹਨ ਤੇ ਹੁਣ ਨਵੇਂ ਬੋਰਡਾਂ ਦੀ ਸਥਾਪਨਾ ਨਾਲ ਇਹ ਯਤਨ ਹੋਰ ਮਜ਼ਬੂਤ ਹੋਣਗੇ।
ਮੀਟਿੰਗ ਦੌਰਾਨ ਬੈਕਫਿੰਕੋ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ ਸਵੈ-ਰੋਜ਼ਗਾਰ ਲਈ ਘੱਟ ਵਿਆਜ ਦਰਾਂ ‘ਤੇ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ। ਇਸ ਤਹਿਤ ਕਰਿਆਨੇ ਦੀਆਂ ਦੁਕਾਨਾਂ, ਡੇਅਰੀ ਫਾਰਮਿੰਗ ਵਰਗੀਆਂ ਗਤੀਵਿਧੀਆਂ ਲਈ 18 ਤੋਂ 55 ਸਾਲ ਦੇ ਪੰਜਾਬ ਦੇ ਵਸਨੀਕ ਯੋਗ ਹਨ। ਅਸ਼ੀਰਵਾਦ ਸਕੀਮ ਸਬੰਧੀ ਦੱਸਿਆ ਗਿਆ ਕਿ ਸਾਲ 2025-26 ਦੌਰਾਨ 89 ਕਰੋੜ ਰੁਪਏ ਜਾਰੀ ਕਰ ਕੇ 17,533 ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਗਿਆ ਹੈ। ਇਸੇ ਤਰ੍ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਓਬੀਸੀ ਅਧੀਨ 12.59 ਕਰੋੜ ਰੁਪਏ ਦਾ ਬਜਟ ਪ੍ਰਬੰਧ ਕੀਤਾ ਗਿਆ ਹੈ ਅਤੇ ਐੱਨਐੱਸਪੀ ਪੋਰਟਲ ਰਾਹੀਂ 10,092 ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਓਬੀਸੀ ਵਿਦਿਆਰਥੀਆਂ ਲਈ ਹੋਸਟਲਾਂ ਦੀ ਉਸਾਰੀ ਲਈ ਪ੍ਰਸਤਾਵ ਕੇਂਦਰ ਸਰਕਾਰ ਕੋਲ ਭੇਜੇ ਗਏ ਹਨ ਅਤੇ ਜਲਦੀ ਹੀ ਫੰਡ ਪ੍ਰਾਪਤ ਹੋਣ ਦੀ ਉਮੀਦ ਹੈ। ਸਰਕਾਰੀ ਨੌਕਰੀਆਂ ਅਤੇ ਦਾਖਲਿਆਂ ਵਿਚ ਪੱਛੜੀਆਂ ਸ੍ਰੇਣੀਆਂ ਲਈ ਰਿਜ਼ਰਵੇਸ਼ਨ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ।
ਮੀਟਿੰਗ ਦੌਰਾਨ ਸੁਖਵਿੰਦਰ ਸਿੰਘ ਚੇਅਰਮੈਨ ਕੰਬੋਜ ਭਲਾਈ ਬੋਰਡ, ਅਬਦੁੱਲ ਬਾਰੀ ਸਲਮਾਨੀ ਚੇਅਰਮੈਨ ਪੰਜਾਬ ਰਾਜ ਮੁਸਲਿਮ ਭਲਾਈ ਬੋਰਡ, ਰਾਮ ਕੁਮਾਰ ਮੁਕਾਰੀ ਚੇਅਰਮੈਨ ਸੈਣੀ ਭਲਾਈ ਬੋਰਡ, ਗੁਰਮੀਤ ਸਿੰਘ ਬਾਵਾ ਚੇਅਰਮੈਨ ਵੈਰਾਗੀ ਭਲਾਈ ਬੋਰਡ, ਸੇਵਾ ਮੁਕਤ ਬ੍ਰਿਗ-ਰਾਜ ਕੁਮਾਰ, ਚੇਅਰਮੈਨ ਗੁੱਜਰ ਭਲਾਈ ਬੋਰਡ, ਕੇਸ਼ਵ ਵਰਮਾ ਚੇਅਰਮੈਨ ਸਵਰਨਕਾਰ ਭਲਾਈ ਬੋਰਡ, ਮੱਖਣ ਲਾਲ ਪਲਾਂ ਚੇਅਰਮੈਨ ਸੈਣ ਸਮਾਜ ਭਲਾਈ ਬੋਰਡ, ਡੈਨੀਅਲ ਮਸੀਹ ਚੇਅਰਮੈਨ ਮਸੀਹ ਭਲਾਈ ਬੋਰਡ, ਸਤਪਾਲ ਸਿੰਘ ਸੋਖੀ ਚੇਅਰਮੈਨ ਰਾਮਗੜ੍ਹੀਆ ਭਲਾਈ ਬੋਰਡ ਅਤੇ ਰਾਜੂ ਕਨੌਜੀਆ ਚੇਅਰਮੈਨ ਕਨੌਜੀਆ ਭਲਾਈ ਬੋਰਡ ਹਾਜਰ ਸਨ। ਇਸ ਤੋਂ ਇਲਵਾ ਸਮਾਜਿਕ ਨਿਆ ਵਿਭਾਗ ਦੇ ਨੋਡਲ ਅਫਸਰ ਸੁੱਖਸਾਗਰ ਸਿੰਘ ਅਤੇ ਬੈਕਫਿੰਕੋ ਦੇ ਅਧਿਕਾਰੀ ਸੁਖਵਿੰਦਰ ਸਿੰਘ ਵੀ ਹਾਜਰ ਸਨ।