ਇਸ ’ਤੇ ਤਿਆਰ ਕੀਤੇ ਜਾ ਰਹੇ ਔਨਲਾਈਨ ਡਿਜੀਟਲ ਦਾਖ਼ਲਾ ਖਾਰਜ ਰਜਿਸਟਰ ਰਾਹੀਂ ਇੰਦਰਾਜ਼ ਕੀਤੇ ਵਿਦਿਆਰਥੀਆਂ ਦੇ ਸਾਰੇ ਵੇਰਿਵਆਂ ਸਮੇਤ ਦਾਖ਼ਲਾ ਨੰਬਰ ਅਤੇ ਦਾਖ਼ਲਾ ਮਿਤੀ ਹੱਥ ਲਿਖਤ "ਦਾਖ਼ਲਾ ਖਾਰਜ ਰਜਿਸਟਰ" ਦੇ ਆਧਾਰ ’ਤੇ ਸ਼੍ਰੇਣੀ ਵਾਈਜ਼ ਪੋਰਟਲ ਵਿਚ ਦਰਸਾਏ ਫਾਰਮ ਵਿਚ ਦਰਜ਼ ਕਰਨਾ ਲਾਜ਼ਮੀ ਕੀਤਾ ਗਿਆ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2026-27 ਤੋਂ ਅੱਠਵੀਂ, ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਔਨਲਾਈਨ ਰਜਿਸਟਰੇਸ਼ਨ/ਕੰਟੀਨਿਊਸ਼ਨ ਕਰਨ ਲਈ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ’ਤੇ ਤਿਆਰ ਕੀਤੇ ਜਾ ਰਹੇ ਔਨਲਾਈਨ ਡਿਜੀਟਲ ਦਾਖ਼ਲਾ ਖਾਰਜ ਰਜਿਸਟਰ ਰਾਹੀਂ ਇੰਦਰਾਜ਼ ਕੀਤੇ ਵਿਦਿਆਰਥੀਆਂ ਦੇ ਸਾਰੇ ਵੇਰਿਵਆਂ ਸਮੇਤ ਦਾਖ਼ਲਾ ਨੰਬਰ ਅਤੇ ਦਾਖ਼ਲਾ ਮਿਤੀ ਹੱਥ ਲਿਖਤ "ਦਾਖ਼ਲਾ ਖਾਰਜ ਰਜਿਸਟਰ" ਦੇ ਆਧਾਰ ’ਤੇ ਸ਼੍ਰੇਣੀ ਵਾਈਜ਼ ਪੋਰਟਲ ਵਿਚ ਦਰਸਾਏ ਫਾਰਮ ਵਿਚ ਦਰਜ਼ ਕਰਨਾ ਲਾਜ਼ਮੀ ਕੀਤਾ ਗਿਆ ਹੈ।
ਇਹ ਪੋਰਟਲ ਸੈਸ਼ਨ 2026-27 ਲਈ ਪੰਜਾਬ ਬੋਰਡ ਵੱਲੋਂ ਨਿਰਧਾਰਤ ਦਾਖ਼ਲਾ ਸ਼ਡਿਊਲ ਦੀ ਅੰਤਿਮ ਮਿਤੀ ਤੱਕ ਹੀ ਖੁੱਲ੍ਹਾ ਰਹੇਗਾ। ਇਸ ਤੋਂ ਬਾਅਦ ਪੋਰਟਲ ਵਿਚ ਐਂਟਰੀ ਨਹੀਂ ਕੀਤੀ ਜਾ ਸਕੇਗੀ। ਇਸ ਕਰ ਕੇ ਦਾਖ਼ਲੇ ਦੀ ਨਿਰਧਾਰਤ ਅੰਤਿਮ ਮਿਤੀ ਤੱਕ ਦਾਖ਼ਲ ਕੀਤੇ ਗਏ ਵਿਦਿਆਰਥੀਆਂ ਦੀ ਪੋਰਟਲ ਵਿਚ ਐਂਟਰੀ ਕਰ ਕੇ ਬੋਰਡ ਵੱਲੋਂ ਡਿਜੀਟਲ ਦਾਖ਼ਲਾ ਖਾਰਜ ਰਜਿਸਟਰ ਨੂੰ ਈ-ਸਾਈਨ ਕਰ ਕੇ ਸਬਮਿਟ ਕਰਨਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ਼) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਸਿੱਖਿਆ ਬੋਰਡ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਵਿਚ ਜਨਮ ਲੈਣ ਵਾਲੇ ਵਿਦਿਆਰਥੀਆਂ ਨੂੰ ਜਨਮ ਅਤੇ ਮੌਤ ਰਜਿਸ਼ਟਰੇਸ਼ਨ ਦਫ਼ਤਰ ਵੱਲੋਂ ਸੇਵਾ ਕੇਂਦਰ ਰਾਹੀਂ ਜਾਰੀ ਕੀਤੇ ਗਏ ਡਿਜੀਟਲ ਜਨਮ ਸਰਟੀਫ਼ਿਕੇਟ ਦਾ ਰਜਿਸਟਰੇਸ਼ਨ ਨੰਬਰ ਭਰਿਆ ਜਾਣਾ ਲਾਜ਼ਮੀ ਹੋਵੇਗਾ ਜੋ ਆਟੋਮੈਟਿਕ ਔਨਲਾਈਨ ਵਿਧੀ ਨਾਲ ਹੀ ਵੈਰੀਫਾਈ ਹੋਵੇਗਾ, ਜਦਕਿ ਬਾਹਰਲੇ ਸੂਬੇ ਵਿਚ ਜਨਮੇ ਵਿਦਿਆਰਥੀਆਂ ਦੇ ਜਨਮ ਸਰਟੀਫ਼ਿਕੇਟ ਸਕੂਲ ਮੁਖੀ ਵੱਲੋਂ ਆਪਣੇ ਪੱਧਰ 'ਤੇ ਵੈਰੀਫਾਈ ਕਰ ਕੇ ਸਹੀ ਹੋਣ ’ਤੇ ਪੋਰਟਲ ਵਿਚ ਐਂਟਰੀ ਕੀਤੀ ਜਾਵੇਗੀ।
ਇਸ ਤਰ੍ਹਾਂ ਪੰਜਾਬ ਦੇ ਵਸਨੀਕਾਂ ਲਈ ਔਨਲਾਈਨ ਡਿਜੀਟਲ ਜਨਮ ਸਰਟੀਫ਼ਿਕੇਟ ਦੀ ਸ਼ਰਤ ਥੋਪਣੀ ਗ਼ੈਰ-ਵਾਜ਼ਬ ਹੈ। ਇੰਜ ਜਿਨ੍ਹਾਂ ਮਾਪਿਆਂ ਕੋਲ ਪਹਿਲਾਂ ਦਸਤੀ ਬਣੇ ਹੋਏ ਜਨਮ ਸਰਟੀਫ਼ਿਕੇਟ ਬੇਕਾਰ ਹੋ ਜਾਣਗੇ ਅਤੇ ਮਾਪਿਆਂ ਦੀ ਸੇਵਾ ਕੇਂਦਰਾਂ ਵਿਚ ਸਰਟੀਫ਼ਿਕੇਟ ਡਿਜੀਟਲ ਕਰਾਉਣ ਲਈ ਖੱਜਲ-ਖ਼ੁਆਰੀ ਹੋਵੇਗੀ। ਵਿਭਾਗ ਵੱਲੋਂ ਜਿੱਥੇ ਸਿੱਖਿਆ ਅਧਿਕਾਰ ਕਾਨੂੰਨ ਤਹਿਤ ਮਾਪਿਆਂ ਨੂੰ ਬੱਚਿਆਂ ਦੇ ਜਨਮ ਸਬੂਤ ਉਪਲਬਧ ਨਾ ਕਰਵਾ ਸਕਣ ਦੀ ਹਾਲਤ ਵਿਚ ਹੋਰਨਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਦਾਖ਼ਲਾ ਕਰਨ ਦੀ ਛੋਟ ਦਿੱਤੀ ਗਈ ਹੈ, ਉੱਥੇ ਡਿਜੀਟਲ ਜਨਮ ਸਰਟੀਫ਼ਿਕੇਟ ਦਾ ਲਾਜ਼ਮੀ ਕਰਨਾ ਸਕੂਲ ਮੁਖੀਆਂ ਅਤੇ ਮਾਪਿਆਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਗਿਆ ਹੈ।
ਇਸ ਤੋਂ ਇਲਾਵਾ ਅੱਠਵੀਂ ਜਮਾਤ ਵਿਚ ਪਹਿਲਾਂ ਹੀ ਬੋਰਡ ਨਾਲ ਰਜਿਸਟਰ ਹੋਏ ਵਿਦਿਆਰਥੀਆਂ ਤੋਂ ਨੌਵੀਂ/ ਦਸਵੀਂ/ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿਚ ਡਿਜੀਟਲ ਜਨਮ ਸਰਟੀਫ਼ਿਕੇਟ ਮੰਗਣਾ ਬਿਲਕੁਲ ਵਾਜਬ ਨਹੀਂ ਹੈ। ਡੀਟੀਐੱਫ਼ ਨੇ ਮੰਗ ਕੀਤੀ ਕਿ ਸਿੱਖਿਆ ਬੋਰਡ ਪਹਿਲਾਂ ਤੋਂ ਚੱਲ ਰਹੀ ਪ੍ਰਕਿਰਿਆ ਅਨੁਸਾਰ ਸਕੂਲ ਮੁਖੀਆਂ ਵੱਲੋਂ ਵੈਰੀਫਾਈ ਕੀਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਹੀ ਜਨਮ ਮਿਤੀ ਦਾ ਇੰਦਰਾਜ਼ ਕਰਨ ਲਈ ਹਦਾਇਤ ਕੀਤੀ ਜਾਵੇ ਅਤੇ ਡਿਜੀਟਲ ਜਨਮ ਸਰਟੀਫ਼ਿਕੇਟ ਦੀ ਗ਼ੈਰ ਵਾਜ਼ਬ ਸ਼ਰਤ ਨੂੰ ਤੁਰੰਤ ਵਾਪਸ ਲਈ ਜਾਵੇ।