PSEB ਵੱਲੋਂ ਵਾਧੂ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦਾ ਸ਼ਡਿਊਲ ਜਾਰੀ, ਇਨ੍ਹਾਂ ਤਰੀਕਾਂ ਨੂੰ ਲਿਆ ਜਾਵੇਗਾ ਪੇਪਰ
ਇਹ ਪ੍ਰੀਖਿਆ 30 ਅਤੇ 31 ਅਕਤੂਬਰ 2025 ਨੂੰ ਆਯੋਜਿਤ ਕੀਤੀ ਜਾਵੇਗੀ। ਪ੍ਰੀਖਿਆ ਲਈ ਪੰਜਾਬੀ ਏ ਤੇ ਬੀ ਦੇ ਦੋ ਪੇਪਰ ਹੋਣਗੇ। ਜ਼ਿਲ੍ਹੇ ਭਰ ’ਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਦਾਖ਼ਲਾ ਫਾਰਮ ਭਰਨ ਦੀ ਪ੍ਰਕਿਰਿਆ ਆਨਲਾਈਨ ਚੱਲੇਗੀ। ਪ੍ਰੀਖਿਆ ਫਾਰਮ ਬੋਰਡ ਦੀ ਵੈੱਬਸਾਈਟ 'ਤੇ 1 ਅਕਤੂਬਰ ਤੋਂ ਅਪਲੋਡ ਹੋ ਜਾਣਗੇ।
Publish Date: Wed, 01 Oct 2025 10:45 AM (IST)
Updated Date: Wed, 01 Oct 2025 11:21 AM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਉਨ੍ਹਾਂ ਉਮੀਦਵਾਰਾਂ ਲਈ ਵਾਧੂ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ, ਜੋ ਪੰਜਾਬ ’ਚ ਸਰਕਾਰੀ ਨੌਕਰੀਆਂ ਦੀ ਇੱਛਾ ਰੱਖਦੇ ਹਨ ਪਰ ਪੰਜਾਬੀ ਦੀ ਪੜ੍ਹਾਈ ਨਾ ਹੋਣ ਕਾਰਨ ਅਪਲਾਈ ਨਹੀਂ ਕਰ ਪਾ ਰਹੇ ਸਨ। ਬੋਰਡ ਵੱਲੋਂ ਹਰ ਸਾਲ 4 ਵਾਰ ਇਹ ਵਾਧੂ ਪ੍ਰੀਖਿਆ ਲਈ ਜਾਵੇਗੀ। ਇਸ ਲੜੀ ਤਹਿਤ ਸਾਲ 2025 ਦੀ ਤੀਜੀ ਤਿਮਾਹੀ (ਅਕਤੂਬਰ ਮਹੀਨੇ) ਦੀ ਪ੍ਰੀਖਿਆ ਲਈ ਸਮਾਂ-ਸਾਰਣੀ ਜਾਰੀ ਕਰ ਦਿੱਤੀ ਗਈ ਹੈ।
ਇਹ ਪ੍ਰੀਖਿਆ 30 ਅਤੇ 31 ਅਕਤੂਬਰ 2025 ਨੂੰ ਆਯੋਜਿਤ ਕੀਤੀ ਜਾਵੇਗੀ। ਪ੍ਰੀਖਿਆ ਲਈ ਪੰਜਾਬੀ ਏ ਤੇ ਬੀ ਦੇ ਦੋ ਪੇਪਰ ਹੋਣਗੇ। ਜ਼ਿਲ੍ਹੇ ਭਰ ’ਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਦਾਖ਼ਲਾ ਫਾਰਮ ਭਰਨ ਦੀ ਪ੍ਰਕਿਰਿਆ ਆਨਲਾਈਨ ਚੱਲੇਗੀ। ਪ੍ਰੀਖਿਆ ਫਾਰਮ ਬੋਰਡ ਦੀ ਵੈੱਬਸਾਈਟ 'ਤੇ 1 ਅਕਤੂਬਰ ਤੋਂ ਅਪਲੋਡ ਹੋ ਜਾਣਗੇ। ਪ੍ਰੀਖਿਆ ਫਾਰਮ ਤੇ ਫੀਸ ਭਰਨ ਦੀ ਆਖ਼ਰੀ ਮਿਤੀ 17 ਅਕਤੂਬਰ ਤੈਅ ਕੀਤੀ ਗਈ ਹੈ। ਵਿਦਿਆਰਥੀਆਂ ਨੂੰ ਪ੍ਰੀਖਿਆ ਫਾਰਮ ਦੀ ਹਾਰਡ ਕਾਪੀ 21 ਅਕਤੂਬਰ ਤੱਕ ਜਮ੍ਹਾਂ ਕਰਵਾਉਣੀ ਹੋਵੇਗੀ। ਇਸ ਤੋਂ ਬਾਅਦ ਰੋਲ ਨੰਬਰ 24 ਅਕਤੂਬਰ ਨੂੰ ਬੋਰਡ ਦੀ ਵੈੱਬਸਾਈਟ 'ਤੇ ਜਾਰੀ ਕਰ ਦਿੱਤੇ ਜਾਣਗੇ।
ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਸਮੇਂ ਪ੍ਰੀਖਿਆਰਥੀਆਂ ਨੂੰ ਆਪਣੇ ਦਸਵੀਂ ਪਾਸ ਦਾ ਅਸਲ ਸਰਟੀਫਿਕੇਟ, ਫੋਟੋ ਪਛਾਣ ਪੱਤਰ ਤੇ ਇਨ੍ਹਾਂ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ ਨਾਲ ਲੈ ਕੇ ਆਉਣੀਆਂ ਜ਼ਰੂਰੀ ਹਨ। ਨਿਰਧਾਰਿਤ ਤਾਰੀਕ ਤਕ ਪ੍ਰੀਖਿਆ ਫਾਰਮ ਦੀ ਤਸਦੀਕਸ਼ੁਦਾ ਹਾਰਡ ਕਾਪੀ, ਦਸਵੀਂ ਦੇ ਸਰਟੀਫਿਕੇਟ ਦੀ ਤਸਦੀਕਸ਼ੁਦਾ ਕਾਪੀ ਅਤੇ ਆਧਾਰ ਕਾਰਡ ਦੀ ਕਾਪੀ ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ। ਅਜਿਹਾ ਨਾ ਕਰਨ 'ਤੇ ਸਬੰਧਤ ਪ੍ਰੀਖਿਆਰਥੀ ਦਾ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਵਿਦਿਆਰਥੀ ਦੀ ਹੋਵੇਗੀ। ਪ੍ਰੀਖਿਆ ਸਬੰਧੀ ਹੋਰ ਜਾਣਕਾਰੀ ਲਈ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਵੇਖੀ ਜਾਵੇ।