ਪੰਜਾਬ ਦੀ ਧੀ ਨੇ ਵਧਾਇਆ ਮਾਣ: ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਬੇਟੀ ਬਣੀ Indian Navy 'ਚ ਸਬ-ਲੈਫਟੀਨੈਂਟ
ਭਾਰਤੀ ਨੇਵੀ ਦੀ ਸਿੱਖਿਆ ਸ਼ਾਖਾ ਵਿੱਚ ਕਮਿਸ਼ਨ ਹਾਸਲ ਕਰਨ ਵਾਲੀ ਸਬ ਲੈਫਟੀਨੈਂਟ ਨਿਸ਼ਾ ਦੇ ਪਿਤਾ ਦਿਨੇਸ਼ ਚੰਦਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸੀਨੀਅਰ ਸਹਾਇਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
Publish Date: Fri, 29 May 2026 04:42 PM (IST)
Updated Date: Fri, 29 May 2026 04:44 PM (IST)
ਸਟਾਫ ਰਿਪੋਰਟਰ, ਮੁਹਾਲੀ : ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ) ਫਾਰ ਗਰਲਜ਼, ਐਸਏਐਸ ਨਗਰ (ਮੁਹਾਲੀ) ਦੀ ਇੱਕ ਹੋਰ ਕੈਡਿਟ ਨਿਸ਼ਾ ਨੂੰ ਭਾਰਤੀ ਜਲ ਸੈਨਾ ਵਿੱਚ ਸਬ ਲੈਫਟੀਨੈਂਟ ਵਜੋਂ ਕਮਿਸ਼ਨ ਮਿਲਿਆ ਹੈ। ਉਸ ਨੇ ਇੰਡੀਅਨ ਨੇਵਲ ਅਕੈਡਮੀ, ਏਝੀਮਾਲਾ (ਕੇਰਲਾ) ਤੋਂ ਸਫਲਤਾਪੂਰਵਕ ਪਾਸ ਆਊਟ ਕੀਤਾ ਅਤੇ ਆਪਣੀ ਸੰਸਥਾ ਅਤੇ ਪਰਿਵਾਰ ਦਾ ਮਾਣ ਵਧਾਇਆ। ਇਸ ਪ੍ਰਭਾਵਸ਼ਾਲੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਵਾਈਸ ਐਡਮਿਰਲ ਸਮੀਰ ਸਕਸੈਨਾ, ਜੋ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਦੱਖਣੀ ਨੇਵਲ ਕਮਾਂਡ ਹਨ, ਵੱਲੋਂ ਕੀਤਾ ਗਿਆ।
ਭਾਰਤੀ ਨੇਵੀ ਦੀ ਸਿੱਖਿਆ ਸ਼ਾਖਾ ਵਿੱਚ ਕਮਿਸ਼ਨ ਹਾਸਲ ਕਰਨ ਵਾਲੀ ਸਬ ਲੈਫਟੀਨੈਂਟ ਨਿਸ਼ਾ ਦੇ ਪਿਤਾ ਦਿਨੇਸ਼ ਚੰਦਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸੀਨੀਅਰ ਸਹਾਇਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਸਬ ਲੈਫਟੀਨੈਂਟ ਨਿਸ਼ਾ ਨੂੰ ਉਸਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਸਦੀ ਸਫਲਤਾ ਪੰਜਾਬ ਦੀਆਂ ਹੋਰ ਧੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਦੀਆਂ ਚਾਹਵਾਨ ਲੜਕੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਪ੍ਰਤੀ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਜੁਲਾਈ 2023 ਵਿੱਚ ਮਾਈ ਭਾਗੋ ਏਐਫਪੀਆਈ ਵਿਖੇ ਕੁੜੀਆਂ ਲਈ ਇੱਕ ਐਨਡੀਏ ਪ੍ਰਾਪਰੇਟਰੀ ਵਿੰਗ ਵੀ ਸਥਾਪਤ ਕੀਤਾ ਗਿਆ ਹੈ, ਜਿਸ ਦਾ ਤੀਜਾ ਬੈਚ ਇਸ ਸਮੇਂ ਸਿਖਲਾਈ ਪ੍ਰਾਪਤ ਕਰ ਰਿਹਾ ਹੈ।
ਮਾਈ ਭਾਗੋ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐਸ.ਐਮ. (ਸੇਵਾਮੁਕਤ) ਨੇ ਸਬ ਲੈਫਟੀਨੈਂਟ ਨਿਸ਼ਾ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਹਥਿਆਰਬੰਦ ਸੈਨਾਵਾਂ ਵਿੱਚ ਹੋਰ ਲੜਕੀਆਂ ਨੂੰ ਸ਼ਾਮਲ ਕਰਨ ਸਬੰਧੀ ਸੂਬਾ ਸਰਕਾਰ ਦੇ ਯਤਨਾਂ ਨੂੰ ਵੱਡਾ ਹੁਲਾਰਾ ਦੇਵੇਗੀ। ਉਨ੍ਹਾਂ ਨੇ ਨਵੀਂ ਕਮਿਸ਼ਨਡ ਅਫਸਰ ਨੂੰ ਭਾਰਤੀ ਜਲ ਸੈਨਾ ਵਿੱਚ ਉੱਜਵਲ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।