ਪ੍ਰਾਪਰਟੀ ਡੀਲਰ ਦੇ ਦਫ਼ਤਰ ਦੀ ਤਲਵਾਰਾਂ ਤੇ ਡੰਡਿਆਂ ਨਾਲ ਕੀਤੀ ਭੰਨਤੋੜ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪ੍ਰਾਪਰਟੀ ਡੀਲਰ ਦੇ ਦਫ਼ਤਰ ਦੀ ਤਲਵਾਰਾਂ ਤੇ ਡੰਡਿਆਂ ਨਾਲ ਕੀਤੀ ਭੰਨਤੋੜ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
Publish Date: Sat, 10 Jan 2026 06:58 PM (IST)
Updated Date: Sat, 10 Jan 2026 07:00 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਗਰ ਕੌਂਸਲ ਡੇਰਾਬੱਸੀ ਅਧੀਨ ਪੈਂਦੇ ਪਿੰਡ ਡੇਰਾ ਜਗਾਧਰੀ ਤੋਂ ਧਨੌਨੀ ਰੋਡ ਤੇ ਸਥਿਤ ਪ੍ਰੀਤ ਕਾਲੋਨੀ ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਨੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਤੇ ਹਮਲਾ ਕਰ ਕੇ ਭਾਰੀ ਭੰਨਤੋੜ ਕੀਤੀ। ਹਮਲੇ ਸਮੇਂ ਦਫ਼ਤਰ ਚ ਕੋਈ ਵੀ ਮੌਜੂਦ ਨਹੀਂ ਸੀ। ਹਮਲਾਵਰ ਦਫ਼ਤਰ ਤੇ ਕੈਮਰਿਆਂ ਦੀ ਭੰਨਤੋੜ ਕਰਨ ਤੋਂ ਬਾਅਦ ਡੀਵੀਆਰ ਆਪਣੇ ਨਾਲ ਲੈ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਪ੍ਰਾਪਰਟੀ ਡੀਲਰ ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ਡੇਰਾ ਜਗਾਧਰੀ ਤੋਂ ਧਨੌਨੀ ਰੋਡ ਤੇ ਪ੍ਰੀਤ ਕਾਲੋਨੀ ਚ ਉਸ ਦਾ ਹਰਮਨ ਬਿਲਡਰ ਐਂਡ ਪ੍ਰਮੋਟਰਜ਼ ਨਾਂਅ ਦਾ ਦਫ਼ਤਰ ਹੈ, ਜਿਸ ਦੀ ਰਜਿਸਟਰੀ ਉਸ ਦੇ ਭਰਾ ਦੇ ਨਾਂਅ ਤੇ ਹੈ, ਜੋ ਡਰਾਈਵਿੰਗ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਦੁਪਹਿਰ ਕਰੀਬ ਡੇਢ ਵਜੇ ਤਲਵਾਰਾਂ, ਡੰਡਿਆਂ ਅਤੇ ਹਥੋੜਿਆਂ ਨਾਲ ਲੈਸ ਸੱਤ-ਅੱਠ ਵਿਅਕਤੀ ਉਸ ਦੇ ਦਫ਼ਤਰ ਪਹੁੰਚੇ ਤੇ ਉਸਦੀ ਗ਼ੈਰ-ਹਾਜ਼ਰੀ ਚ ਖੁੱਲ੍ਹੇ ਦਫ਼ਤਰ ਚ ਭੰਨਤੋੜ ਕੀਤੀ। ਦਫ਼ਤਰ ਦੇ ਅੰਦਰ ਤੇ ਬਾਹਰ ਲੱਗੇ ਸ਼ੀਸ਼ਿਆਂ ਸਮੇਤ ਸਾਰਾ ਸਾਮਾਨ ਤੋੜ ਦਿੱਤਾ ਗਿਆ। ਜਸਬੀਰ ਸਿੰਘ ਨੇ ਦੱਸਿਆ ਕਿ ਹਮਲਾਵਰ ਜਾਂਦੇ ਸਮੇਂ ਕੈਮਰਿਆਂ ਦੀ ਭੰਨਤੋੜ ਕਰਨ ਦੇ ਨਾਲ-ਨਾਲ ਰਿਕਾਰਡਿੰਗ ਵਾਲਾ ਡੀਵੀਆਰ, ਐਪਲ ਦਾ ਲੈਪਟਾਪ ਅਤੇ ਜ਼ਰੂਰੀ ਕਾਗਜ਼ਾਤ ਵੀ ਆਪਣੇ ਨਾਲ ਲੈ ਗਏ। ਉਸ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਹਾਲਾਂਕਿ ਇਸ ਤੋੜ-ਫੋੜ ਤੇ ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਨੂੰ ਕਾਰਨ ਮੰਨਿਆ ਜਾ ਰਿਹਾ ਹੈ ਪਰ ਪੁਲਿਸ ਵੱਲੋਂ ਮੌਕੇ ਦਾ ਦੌਰਾ ਕਰਕੇ ਹਮਲੇ ਦੇ ਕਾਰਨਾਂ ਦੀ ਜਾਂਚ ਤੇ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਜਾਰੀ ਹੈ।