ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ ਉਰਫ਼ ਚਿੰਨੀ ਦੇ ਕਤਲ ਦਾ ਮਾਮਲਾ: ਸ਼ੂਟਰਾਂ ਨੂੰ ਹਥਿਆਰ, ਵਾਹਨ ਤੇ ਪੈਸੇ ਮੁਹੱਈਆ ਕਰਵਾਉਣ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮਾਂ ਦੀ ਪਛਾਣ ਬੁੜੈਲ ਦੇ ਰਹਿਣ ਵਾਲੇ ਕਮਲਪ੍ਰੀਤ ਉਰਫ਼ ਕਾਮੂ, ਮੁਹਾਲੀ ਦੇ ਜੁਝਾਰ ਨਗਰ ਦੇ ਰਹਿਣ ਵਾਲੇ ਜਾਨੂ ਮਲਿਕ ਅਤੇ ਮਲੋਆ ਪਿੰਡ ਦੇ ਰਹਿਣ ਵਾਲੇ ਰਾਹੁਲ ਸ਼ਰਮਾ ਵਜੋਂ ਹੋਈ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
Publish Date: Sun, 05 Apr 2026 09:17 AM (IST)
Updated Date: Sun, 05 Apr 2026 09:20 AM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 9 ਵਿਚ ਇਕ ਜਿਮ ਤੋਂ ਬਾਹਰ ਨਿਕਲਦੇ ਸਮੇਂ ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ ਉਰਫ਼ ਚਿੰਨੀ ਨੂੰ ਦਿਨ-ਦਿਹਾੜੇ ਗੋਲ਼ੀ ਮਾਰਨ ਦੇ ਮਾਮਲੇ ਵਿਚ ਅਪਰਾਧ ਸ਼ਾਖਾ ਨੇ ਸ਼ੂਟਰਾਂ ਨੂੰ ਹਥਿਆਰ, ਵਾਹਨ ਅਤੇ ਪੈਸੇ ਮੁਹੱਈਆ ਕਰਵਾਉਣ ਦੇ ਦੋਸ਼ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬੁੜੈਲ ਦੇ ਰਹਿਣ ਵਾਲੇ ਕਮਲਪ੍ਰੀਤ ਉਰਫ਼ ਕਾਮੂ, ਮੁਹਾਲੀ ਦੇ ਜੁਝਾਰ ਨਗਰ ਦੇ ਰਹਿਣ ਵਾਲੇ ਜਾਨੂ ਮਲਿਕ ਅਤੇ ਮਲੋਆ ਪਿੰਡ ਦੇ ਰਹਿਣ ਵਾਲੇ ਰਾਹੁਲ ਸ਼ਰਮਾ ਵਜੋਂ ਹੋਈ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਨਿਊ ਚੰਡੀਗੜ੍ਹ ਦੇ ਪਿੰਡ ਕੁੱਬਾਹੇੜੀ ਦੇ ਰਹਿਣ ਵਾਲੇ ਚਰਨਪ੍ਰੀਤ ਉਰਫ਼ ਚਿੰਨੀ ਨੂੰ 18 ਮਾਰਚ ਦੀ ਸਵੇਰ ਸੈਕਟਰ 9 ਵਿਚ ਜਿਮ ਤੋਂ ਬਾਹਰ ਨਿਕਲਦੇ ਸਮੇਂ 12-13 ਗੋਲ਼ੀਆਂ ਮਾਰੀਆਂ ਗਈਆਂ ਸਨ। ਇਸ ਅਪਰਾਧ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ, ਫਿਰੋਜ਼ਪੁਰ ਦੇ ਰਹਿਣ ਵਾਲੇ ਰਾਜਨ ਉਰਫ਼ ਪੀਯੂਸ਼ ਪਹਿਲਵਾਨ ਅਤੇ ਨਵਾਂਸ਼ਹਿਰ ਦੇ ਰਹਿਣ ਵਾਲੇ ਪ੍ਰੀਤਮ ਸ਼ਾਹ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਨੂੰ ਜਲਦੀ ਹੀ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ। ਕਤਲ ਵਿਚ ਵਰਤਿਆ ਗਿਆ ਮੋਟਰਸਾਈਕਲ ਰਾਹੁਲ ਪਿੰਜੌਰ ਤੋਂ ਲੈ ਕੇ ਆਇਆ ਸੀ। ਜਿਸਨੇ ਗੈਂਗਸਟਰ ਲੱਕੀ ਪਟਿਆਲ ਦੇ ਕਹਿਣ 'ਤੇ ਇਸਨੂੰ ਯਮੁਨਾਨਗਰ ਤੋਂ ਚੋਰੀ ਕੀਤਾ ਸੀ। ਸ਼ੂਟਰ ਅਪਰਾਧ ਕਰਨ ਤੋਂ ਬਾਅਦ ਇਸ ਮੋਟਸਾਈਕਲ 'ਤੇ ਭੱਜ ਗਏ ਸਨ। ਅਪਰਾਧ ਵਿਚ ਵਰਤੀ ਗਈ ਪਿਸਤੌਲ ਪਹਿਲਾਂ ਹੀ ਇਸ ਮੋਟਸਾਈਕਲ ਦੇ ਅੰਦਰ ਤੋਂ ਬਰਾਮਦ ਕੀਤੀ ਗਈ। ਬੰਬੀਹਾ ਗੈਂਗ ਲਈ ਕੰਮ ਕਰਨ ਵਾਲੇ ਹੋਰ ਸਲੀਪਰ ਸੈੱਲਾਂ ਦੀ ਵੀ ਪਛਾਣ ਕੀਤੀ ਗਈ ਹੈ। ਸ਼ਹਿਰ ਦੇ ਦੋ ਨੌਜਵਾਨਾਂ ਦੇ ਨਾਮ ਵੀ ਸਾਹਮਣੇ ਆਏ ਹਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।