ਈਵੀਐਮ ਅਤੇ ਵੋਟ ਗਿਣਤੀ ਨੂੰ ਹੋਰ ਪਾਰਦਰਸ਼ੀ ਬਣਾਉਣ ਦੀ ਤਿਆਰੀ; ਚੰਡੀਗੜ੍ਹ 'ਚ ਹੋਈ ਖ਼ਾਸ ਵਰਕਸ਼ਾਪ, ਚੋਣ ਪ੍ਰਕਿਰਿਆ ’ਚ ਲੋਕਾਂ ਦਾ ਭਰੋਸਾ ਵਧਾਉਣ 'ਤੇ ਜ਼ੋਰ
ਅਧਿਐਨ ਟੀਮ ਦੇ ਮੈਂਬਰ ਡਾ. ਅਭਿਨੰਦਨ ਬਸੀ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਅਤੇ ਬਾਅਦ ਪੈਦਾ ਹੋਣ ਵਾਲੇ ਮਸਲਿਆਂ ਨੂੰ ਧਿਆਨ ਵਿੱਚ ਰੱਖ ਕੇ ਇਹ ਅਧਿਐਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਈਵੀਐਮ ਦੀ ਸੀਲਿੰਗ, ਟਰਾਂਸਪੋਰਟ, ਸਟੋਰੇਜ ਅਤੇ ਨਤੀਜਿਆਂ ਦੇ ਐਲਾਨ ਤੱਕ ਦੀ ਪ੍ਰਕਿਰਿਆ ਨੂੰ ਜਿੰਨਾ ਪਾਰਦਰਸ਼ੀ ਅਤੇ ਮਜ਼ਬੂਤ ਬਣਾਇਆ ਜਾਵੇਗਾ, ਉਤਨਾ ਹੀ ਚੋਣ ਪ੍ਰਕਿਰਿਆ ’ਤੇ ਲੋਕਾਂ ਦਾ ਭਰੋਸਾ ਵਧੇਗਾ।
Publish Date: Tue, 19 May 2026 10:20 AM (IST)
Updated Date: Tue, 19 May 2026 10:24 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕ੍ਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ ਦੇ ਸਹਿਯੋਗ ਨਾਲ ਮੁੱਖ ਚੋਣ ਅਫਸਰ ਦਫ਼ਤਰ ਵੱਲੋਂ ਵੋਟਾਂ ਦੀ ਗਿਣਤੀ ਸਬੰਧੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਚੋਣ ਅਧਿਕਾਰੀਆਂ ਨੇ ਭਾਗ ਲਿਆ।
ਇਸ ਮੌਕੇ ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਦਫ਼ਤਰ ਮੁੱਖ ਚੋਣ ਅਫ਼ਸਰ ਨੂੰ ਵੋਟਾਂ ਦੀ ਗਿਣਤੀ ਪ੍ਰਣਾਲੀ ਦੀ ਮਜ਼ਬੂਤੀ ਸਬੰਧੀ ਅਧਿਐਨ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਧਿਐਨ ਦੌਰਾਨ ਦੁਨੀਆ ਦੇ 48 ਲੋਕਤੰਤਰਿਕ ਦੇਸ਼ਾਂ ਦੀਆਂ ਵੋਟ ਗਿਣਤੀ ਪ੍ਰਣਾਲੀਆਂ ਦਾ ਅਧਿਐਨ ਕੀਤਾ ਗਿਆ ਅਤੇ ਇਹ ਪਾਇਆ ਗਿਆ ਕਿ ਭਾਰਤ ਵਿੱਚ ਲਾਗੂ ਪ੍ਰਣਾਲੀ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੀ ਹੈ।
ਅਧਿਐਨ ਟੀਮ ਦੇ ਮੈਂਬਰ ਡਾ. ਅਭਿਨੰਦਨ ਬਸੀ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਅਤੇ ਬਾਅਦ ਪੈਦਾ ਹੋਣ ਵਾਲੇ ਮਸਲਿਆਂ ਨੂੰ ਧਿਆਨ ਵਿੱਚ ਰੱਖ ਕੇ ਇਹ ਅਧਿਐਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਈਵੀਐਮ ਦੀ ਸੀਲਿੰਗ, ਟਰਾਂਸਪੋਰਟ, ਸਟੋਰੇਜ ਅਤੇ ਨਤੀਜਿਆਂ ਦੇ ਐਲਾਨ ਤੱਕ ਦੀ ਪ੍ਰਕਿਰਿਆ ਨੂੰ ਜਿੰਨਾ ਪਾਰਦਰਸ਼ੀ ਅਤੇ ਮਜ਼ਬੂਤ ਬਣਾਇਆ ਜਾਵੇਗਾ, ਉਤਨਾ ਹੀ ਚੋਣ ਪ੍ਰਕਿਰਿਆ ’ਤੇ ਲੋਕਾਂ ਦਾ ਭਰੋਸਾ ਵਧੇਗਾ।
ਉਨ੍ਹਾਂ ਈਵੀਐਮ, ਬੈਲਟ ਪੇਪਰ ਅਤੇ ਹਾਈਬ੍ਰਿਡ ਵਿਧੀ ਨਾਲ ਚੋਣਾਂ ਕਰਵਾਉਣ ਵਾਲੇ ਦੇਸ਼ਾਂ ਦੀ ਰਿਪੋਰਟ ਵੀ ਪੇਸ਼ ਕੀਤੀ। ਇਸ ਮੌਕੇ ਅਭਿਜੀਤ ਕਪਲਿਸ਼ ਨੇ ਦੱਖਣੀ ਅਫਰੀਕਾ ਅਤੇ ਭਾਰਤ ਦੀ ਚੋਣ ਪ੍ਰਕਿਰਿਆ ਦਾ ਤੁਲਨਾਤਮਕ ਅਧਿਐਨ ਪੇਸ਼ ਕਰਦਿਆਂ ਕਿਹਾ ਕਿ ਭਾਰਤ ਚੋਣਾਂ ਵਿੱਚ ਤਕਨਾਲੋਜੀ ਦੀ ਵਰਤੋਂ ਅਤੇ ਪਾਰਦਰਸ਼ਤਾ ਦੇ ਮਾਮਲੇ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹੈ।
ਜੁਆਇੰਟ ਸੀਈਓ ਨਵਨੀਤ ਕੌਰ ਬੱਲ ਨੇ ਕਿਹਾ ਕਿ ਚੋਣ ਨਤੀਜਿਆਂ ਦੀ ਪਾਰਦਰਸ਼ਤਾ ਅਤੇ ਲੋਕਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਨ ਲਈ ਚੋਣ ਅਧਿਕਾਰੀਆਂ ਨੂੰ ਹੋਰ ਮਿਹਨਤ ਨਾਲ ਕੰਮ ਕਰਨ ਦੀ ਲੋੜ ਹੈ।