ਵਿਭਾਗੀ ਸੂਤਰਾਂ ਅਨੁਸਾਰ, ਇਹ ਪ੍ਰਸਤਾਵ ਖ਼ੁਦ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੇਸ਼ ਕੀਤਾ ਗਿਆ ਹੈ, ਜਿਸ 'ਤੇ ਪੰਜਾਬ ਸਰਕਾਰ ਬੇਹੱਦ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਪ੍ਰਸਤਾਵ 'ਤੇ ਵਿਚਾਰ ਕਰਨ ਵਾਲੀ ਉੱਚ ਪੱਧਰੀ ਕਮੇਟੀ ਵਿਚ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਵੀ ਇਕ ਪ੍ਰਮੁੱਖ ਮੈਂਬਰ ਵਜੋਂ ਸ਼ਾਮਲ ਹਨ, ਜਿਸ ਕਾਰਨ ਇਸ ਯੋਜਨਾ ਨੂੰ ਅਧਿਕਾਰਤ ਤੌਰ 'ਤੇ ਅਮਲੀ ਜਾਮਾ ਪਹਿਨਾਉਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਨਗਰ ਕੌਂਸਲ ਜ਼ੀਰਕਪੁਰ ਦੇ ਵਾਰਡ ਨੰ. 25 ਅਤੇ 26 ਦੇ ਅਧੀਨ ਪੈਂਦੇ ਪਿੰਡ ਦਿਆਲਪੁਰਾ ਵਿਖੇ ਪਿਛਲੇ ਕਈ ਸਾਲਾਂ ਤੋਂ ਅਧੂਰੇ ਲਟਕੇ ਆਯੁਸ਼ ਹਸਪਤਾਲ ਦੇ ਪ੍ਰੋਜੈਕਟ ਵਿਚ ਹੁਣ ਇਕ ਵੱਡੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ। ਲੰਬੇ ਸਮੇਂ ਤੋਂ ਚਿੱਟਾ ਹਾਥੀ ਸਾਬਤ ਹੋ ਰਹੇ ਇਸ ਹਸਪਤਾਲ ਵਿਚ ਜਲਦ ਹੀ ਸਿਹਤ ਸੇਵਾਵਾਂ ਸ਼ੁਰੂ ਹੋਣ ਦੀ ਉਮੀਦ ਜਾਗੀ ਹੈ। ਇਸ ਪ੍ਰੋਜੈਕਟ ਸਬੰਧੀ ਸਭ ਤੋਂ ਮਹੱਤਵਪੂਰਨ ਮੋੜ ਇਹ ਆਇਆ ਹੈ ਕਿ ਆਯੁਰਵੇਦ ਵਿਭਾਗ ਪੰਜਾਬ ਹੁਣ ਇਸ ਪੂਰੇ ਹਸਪਤਾਲ ਕੰਪਲੈਕਸ ਨੂੰ ਹੁਸ਼ਿਆਰਪੁਰ ਸਥਿਤ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਨੂੰ ਹੈਂਡਓਵਰ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ।
ਵਿਭਾਗੀ ਸੂਤਰਾਂ ਅਨੁਸਾਰ, ਇਹ ਪ੍ਰਸਤਾਵ ਖ਼ੁਦ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੇਸ਼ ਕੀਤਾ ਗਿਆ ਹੈ, ਜਿਸ 'ਤੇ ਪੰਜਾਬ ਸਰਕਾਰ ਬੇਹੱਦ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਪ੍ਰਸਤਾਵ 'ਤੇ ਵਿਚਾਰ ਕਰਨ ਵਾਲੀ ਉੱਚ ਪੱਧਰੀ ਕਮੇਟੀ ਵਿਚ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਵੀ ਇਕ ਪ੍ਰਮੁੱਖ ਮੈਂਬਰ ਵਜੋਂ ਸ਼ਾਮਲ ਹਨ, ਜਿਸ ਕਾਰਨ ਇਸ ਯੋਜਨਾ ਨੂੰ ਅਧਿਕਾਰਤ ਤੌਰ 'ਤੇ ਅਮਲੀ ਜਾਮਾ ਪਹਿਨਾਉਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।
ਮੁਰੰਮਤ ਲਈ 90 ਦਿਨਾਂ ਦਾ ਟੀਚਾ, ਚੋਰੀ ਹੋਏ ਸਾਮਾਨ ਦੀ ਹੋਵੇਗੀ ਭਰਪਾਈ
ਪਿਛਲੇ ਕੁੱਝ ਸਮੇਂ ਦੌਰਾਨ ਆਯੁਸ਼ ਹਸਪਤਾਲ ਦੀ ਇਮਾਰਤ ਅੰਦਰ ਹੋਈਆਂ ਚੋਰੀ ਦੀਆਂ ਘਟਨਾਵਾਂ ਅਤੇ ਰੱਖ-ਰਖਾਅ ਦੀ ਘਾਟ ਕਾਰਨ ਇਮਾਰਤ ਦੀ ਹਾਲਤ ਖੰਡਰ ਵਰਗੀ ਹੋ ਗਈ ਸੀ। ਬਿਜਲੀ ਦੀਆਂ ਤਾਰਾਂ, ਖਿੜਕੀਆਂ ਅਤੇ ਸੈਨੇਟਰੀ ਦਾ ਕੀਮਤੀ ਸਾਮਾਨ ਚੋਰੀ ਹੋਣ ਕਾਰਨ ਪ੍ਰੋਜੈਕਟ ਦੀ ਰਫ਼ਤਾਰ ਸੁਸਤ ਪੈ ਗਈ ਸੀ। ਹੁਣ ਵਿਭਾਗ ਨੇ ਅਗਲੇ 60 ਤੋਂ 90 ਦਿਨਾਂ ਦੇ ਅੰਦਰ ਮੁਰੰਮਤ ਦਾ ਸਾਰਾ ਕੰਮ ਪੂਰਾ ਕਰਨ ਦਾ ਟੀਚਾ ਮਿੱਥਿਆ ਹੈ। ਜਿਵੇਂ ਹੀ ਬਿਲਡਿੰਗ ਦਾ ਰਿਪੇਅਰ ਵਰਕ ਮੁਕੰਮਲ ਹੋਵੇਗਾ, ਯੂਨੀਵਰਸਿਟੀ ਨੂੰ ਸੌਪਣ ਦੇ ਨਾਲ ਹੀ ਸਟਾਫ਼ ਦੀ ਭਰਤੀ ਪ੍ਰਕਿਰਿਆ ਵੀ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤੀ ਜਾਵੇਗੀ।
ਮਾਹਰ ਡਾਕਟਰਾਂ ਦੀ ਤਾਇਨਾਤੀ ਅਤੇ ਆਧੁਨਿਕ ਸਹੂਲਤਾਂ
ਹਸਪਤਾਲ ਦੀ ਕਮਾਨ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਕੋਲ ਜਾਣ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੋਵੇਗਾ ਕਿ ਇਸ ਨੂੰ ਇਕ ਸਿੱਖਿਆ ਸੰਸਥਾ ਦੇ ਨਾਲ-ਨਾਲ ਇਕ ਅਤਿ-ਆਧੁਨਿਕ ਟਰੀਟਮੈਂਟ ਸੈਂਟਰ ਵਜੋਂ ਵਿਕਸਿਤ ਕੀਤਾ ਜਾਵੇਗਾ। ਯੂਨੀਵਰਸਿਟੀ ਕੋਲ ਆਪਣੇ ਮਾਹਰ ਡਾਕਟਰਾਂ ਦਾ ਪੈਨਲ ਅਤੇ ਲੋੜੀਂਦੇ ਸਰੋਤ ਮੌਜੂਦ ਹਨ, ਜਿਸ ਨਾਲ ਹਸਪਤਾਲ ਦੇ ਸੰਚਾਲਨ ਵਿਚ ਫੰਡਾਂ ਜਾਂ ਸਟਾਫ਼ ਦੀ ਕੋਈ ਦਿੱਕਤ ਨਹੀਂ ਆਵੇਗੀ। ਇੱਥੇ ਖੋਜ (ਰਿਸਰਚ) ਦੇ ਨਾਲ-ਨਾਲ ਪੰਚਕਰਮਾ ਅਤੇ ਹੋਰ ਆਯੁਰਵੇਦਿਕ ਥੈਰੇਪੀਆਂ ਦੀਆਂ ਵਿਸ਼ੇਸ਼ ਸਹੂਲਤਾਂ ਵੀ ਮਿਲਣਗੀਆਂ।
ਟ੍ਰਾਈਸਿਟੀ ਦੇ ਹਸਪਤਾਲਾਂ 'ਤੇ ਘਟੇਗਾ ਭਾਰ
ਜ਼ੀਰਕਪੁਰ ਟ੍ਰਾਈਸਿਟੀ ਦਾ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਇਲਾਕਾ ਹੈ, ਜਿਸ ਦੀ ਆਬਾਦੀ 6 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ। ਇਸ ਦੇ ਬਾਵਜੂਦ ਇੱਥੇ ਕੋਈ ਵੱਡਾ ਸਰਕਾਰੀ ਹਸਪਤਾਲ ਨਹੀਂ ਹੈ। ਲੋਕਾਂ ਨੂੰ ਮਾਮੂਲੀ ਇਲਾਜ ਲਈ ਵੀ ਚੰਡੀਗੜ੍ਹ ਦੇ ਸੈਕਟਰ 32 ਜਾਂ ਪੰਚਕੂਲਾ ਦੇ ਸੈਕਟਰ 6 ਸਥਿਤ ਸਰਕਾਰੀ ਹਸਪਤਾਲਾਂ ਵੱਲ ਭੱਜਣਾ ਪੈਂਦਾ ਹੈ। ਢਕੌਲੀ ਸੀਐੱਚਸੀ ਵਿਚ ਸਹੂਲਤਾਂ ਦੀ ਘਾਟ ਕਾਰਨ ਜ਼ਿਆਦਾਤਰ ਕੇਸ ਰੈਫ਼ਰ ਕਰ ਦਿੱਤੇ ਜਾਂਦੇ ਹਨ। ਦਿਆਲਪੁਰਾ ਵਿਚ ਇਸ ਨਵੇਂ ਹਸਪਤਾਲ ਦੇ ਸ਼ੁਰੂ ਹੋਣ ਨਾਲ ਨਾ ਸਿਰਫ਼ ਸਰਕਾਰੀ ਸਿਹਤ ਸੇਵਾਵਾਂ 'ਤੇ ਦਬਾਅ ਘਟੇਗਾ, ਸਗੋਂ ਲੋਕਾਂ ਨੂੰ ਸਸਤਾ ਅਤੇ ਸੌਖਾ ਇਲਾਜ ਵੀ ਮੁਹੱਈਆ ਹੋਵੇਗਾ।
''ਦਿਆਲਪੁਰਾ ਆਯੁਸ਼ ਹਸਪਤਾਲ ਵਿਚ ਪਿਛਲੇ ਸਮੇਂ ਦੌਰਾਨ ਹੋਈ ਚੋਰੀ ਕਾਰਨ ਜੋ ਨੁਕਸਾਨ ਹੋਇਆ ਸੀ, ਉਸ ਨੂੰ ਠੀਕ ਕਰਨ ਦੀ ਪ੍ਰਕਿਰਿਆ ਅਸੀਂ ਸ਼ੁਰੂ ਕਰ ਦਿੱਤੀ ਹੈ। ਸਾਡਾ ਮੁੱਖ ਉਦੇਸ਼ ਹੈ ਕਿ ਅਗਲੇ 2 ਮਹੀਨਿਆਂ ਵਿਚ ਸਾਰਾ ਰਿਪੇਅਰ ਵਰਕ ਮੁਕੰਮਲ ਕਰ ਲਿਆ ਜਾਵੇ। ਇਸ ਹਸਪਤਾਲ ਨੂੰ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਨੂੰ ਹੈਂਡਓਵਰ ਕਰਨ ਦਾ ਇਕ ਬਹੁਤ ਹੀ ਮਜ਼ਬੂਤ ਪ੍ਰਸਤਾਵ ਸਰਕਾਰ ਕੋਲ ਵਿਚਾਰ ਅਧੀਨ ਹੈ ਕਿਉਂਕਿ ਸਾਡੇ ਪ੍ਰਿੰਸੀਪਲ ਸੈਕਟਰੀ ਵੀ ਇਸ ਪ੍ਰਸਤਾਵ ਦਾ ਅਹਿਮ ਹਿੱਸਾ ਹਨ, ਇਸ ਲਈ ਇਹ ਸਰਕਾਰ ਦੀ ਇਕ ਵੱਡੀ ਯੋਜਨਾ ਹੈ। ਜਲਦ ਹੀ ਇਸ 'ਤੇ ਫਾਈਨਲ ਬੈਠਕ ਹੋਣ ਵਾਲੀ ਹੈ ਅਤੇ ਉਮੀਦ ਹੈ ਕਿ 3 ਮਹੀਨਿਆਂ ਦੇ ਅੰਦਰ ਕੰਮ ਪੂਰਾ ਕਰਕੇ ਸਟਾਫ਼ ਦੀ ਭਰਤੀ ਸ਼ੁਰੂ ਕਰ ਦਿੱਤੀ ਜਾਵੇਗੀ।''
ਡਾ. ਰਮਨ ਖੰਨਾ, ਡਾਇਰੈਕਟਰ
ਆਯੁਰਵੇਦਾ ਪੰਜਾਬ।