DPC ਦੀ ਤਿਆਰੀ; ਕਰਮਚਾਰੀਆਂ ਨੂੰ ਮਿਲੇਗੀ ਤਰੱਕੀ, ਨਿਯਮਾਂ ਦੀ ਉਲਝਣ ’ਚ ਸਾਲਾਂ ਤੋਂ ਅਟਕੀ ਹੋਈ ਸੀ ਕਰਮਚਾਰੀਆਂ ਦੀ ਪ੍ਰਮੋਸ਼ਨ
ਬੈਠਕ ਵਿਚ ਵਿਕਾਸ ਪ੍ਰੋਜੈਕਟਾਂ ਅਤੇ ਪ੍ਰਸ਼ਾਸਕੀ ਕੰਮਾਂ ਦੀ ਵੀ ਸਮੀਖਿਆ ਕੀਤੀ ਗਈ। ਇੰਜੀਨੀਅਰਿੰਗ ਵਿਭਾਗ ਨੂੰ ਵੱਖ-ਵੱਖ ਪ੍ਰੋਜੈਕਟਾਂ ਦੀ ਟੈਂਡਰ ਪ੍ਰਕਿਰਿਆ ਨਿਰਧਾਰਤ ਸਮੇਂ ਵਿਚ ਪੂਰੀ ਕਰਨ ਅਤੇ ਬਜਟ ਦਾ ਪ੍ਰਭਾਵਸ਼ਾਲੀ ਇਸਤੇਮਾਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ, ਤਾਂ ਜੋ ਵਿੱਤੀ ਸਾਲ ਦੇ ਅੰਤ ਵਿਚ ਰਕਮ ਲੈਪਸ ਨਾ ਹੋਵੇ।
Publish Date: Fri, 01 May 2026 01:11 PM (IST)
Updated Date: Fri, 01 May 2026 02:19 PM (IST)
ਸੁਮੇਸ਼ ਠਾਕੁਰ, ਪੰਜਾਬੀ ਜਾਗਰਣ, ਚੰਡੀਗੜ੍ਹ : ਪ੍ਰਸ਼ਾਸਨ ਵਿਚ ਲੰਬੇ ਸਮੇਂ ਤੋਂ ਅਟਕੀ ਕਰਮਚਾਰੀਆਂ ਦੀਆਂ ਤਰੱਕੀਆਂ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ। ਵੀਰਵਾਰ ਨੂੰ ਯੂਟੀ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਨੇ ਸਾਰੇ ਵਿਭਾਗਾਂ ਦੇ ਸਕੱਤਰਾਂ ਨਾਲ ਸਮੀਖਿਆ ਬੈਠਕ ਕਰਕੇ ਵਿਭਾਗੀ ਤਰੱਕੀ ਕਮੇਟੀ (ਡੀਪੀਸੀ) ਦੀਆਂ ਬੈਠਕਾਂ ਜਲਦ ਕਰਵਾਉਣ ਦੇ ਨਿਰਦੇਸ਼ ਦਿੱਤੇ। ਗੌਰਤਲਬ ਹੈ ਕਿ ਸਾਲਾਂ ਤੋਂ ਭਰਤੀ ਨਿਯਮਾਂ ਦੀਆਂ ਉਲਝਣਾਂ ਕਾਰਨ ਕਰਮਚਾਰੀਆਂ ਦੀਆਂ ਤਰੱਕੀਆਂ ਰੁਕੀਆਂ ਹੋਈਆਂ ਸਨ।
ਮੁੱਖ ਸਕੱਤਰ ਨੇ ਸਪਸ਼ਟ ਕਿਹਾ ਕਿ ਸਾਰੇ ਵਿਭਾਗ ਤਰੱਕੀ ਵਾਲੀਆਂ ਖਾਲੀ ਅਸਾਮੀਆਂ ਨੂੰ ਪਹਿਲ ਦੇ ਆਧਾਰ ’ਤੇ ਭਰਨ ਅਤੇ ਭਰਤੀ ਪ੍ਰਕਿਰਿਆ ਵਿਚ ਵੀ ਤੇਜ਼ੀ ਲਿਆਉਣ। ਉਨ੍ਹਾਂ ਪ੍ਰਸ਼ਾਸਕੀ ਸਕੱਤਰਾਂ ਨੂੰ ਸਮਾਂਬੱਧ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ, ਤਾਂ ਜੋ ਕਰਮਚਾਰੀਆਂ ਨੂੰ ਲੰਬਿਤ ਤਰੱਕੀਆਂ ਦਾ ਲਾਭ ਮਿਲ ਸਕੇ।
ਬੈਠਕ ਵਿਚ ਵਿਕਾਸ ਪ੍ਰੋਜੈਕਟਾਂ ਅਤੇ ਪ੍ਰਸ਼ਾਸਕੀ ਕੰਮਾਂ ਦੀ ਵੀ ਸਮੀਖਿਆ ਕੀਤੀ ਗਈ। ਇੰਜੀਨੀਅਰਿੰਗ ਵਿਭਾਗ ਨੂੰ ਵੱਖ-ਵੱਖ ਪ੍ਰੋਜੈਕਟਾਂ ਦੀ ਟੈਂਡਰ ਪ੍ਰਕਿਰਿਆ ਨਿਰਧਾਰਤ ਸਮੇਂ ਵਿਚ ਪੂਰੀ ਕਰਨ ਅਤੇ ਬਜਟ ਦਾ ਪ੍ਰਭਾਵਸ਼ਾਲੀ ਇਸਤੇਮਾਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ, ਤਾਂ ਜੋ ਵਿੱਤੀ ਸਾਲ ਦੇ ਅੰਤ ਵਿਚ ਰਕਮ ਲੈਪਸ ਨਾ ਹੋਵੇ।
ਮੁੱਖ ਸਕੱਤਰ ਨੇ ਸ਼ਹਿਰ ਵਿਚ ਜਰਜਰ ਅਤੇ ਲੰਬੇ ਸਮੇਂ ਤੋਂ ਖਾਲੀ ਪਏ ਸਰਕਾਰੀ ਮਕਾਨਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਦੇ ਬਿਹਤਰ ਇਸਤੇਮਾਲ ਦੀ ਯੋਜਨਾ ਬਣਾਉਣ ਲਈ ਵੀ ਕਿਹਾ। ਉੱਥੇ ਹੀ ਆਯੁਸ਼ ਵਿਭਾਗ ਨੂੰ ਸੈਕਟਰ-34 ਸਥਿਤ ਆਯੁਸ਼ ਹਸਪਤਾਲ ਜਲਦ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ।
ਬੈਠਕ ਵਿਚ ਨਿਗਮਾਂ, ਬੋਰਡਾਂ ਅਤੇ ਸੁਸਾਇਟੀਆਂ ਦੇ ਖਾਤਿਆਂ ਦੀ ਨਿਯਮਿਤ ਨਿਗਰਾਨੀ, ਬੋਰਡ ਆਫ਼ ਗਵਰਨਰਜ਼ ਦੀਆਂ ਬੈਠਕਾਂ ਸਮੇਂ ’ਤੇ ਕਰਵਾਉਣ ਅਤੇ ਸਾਲਾਨਾ ਰਿਪੋਰਟ ਸਮੇਂ ਸਿਰ ਪੇਸ਼ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ। ਚੰਡੀਗੜ੍ਹ ਹਾਊਸਿੰਗ ਬੋਰਡ ਨੇ ਜਾਣਕਾਰੀ ਦਿੱਤੀ ਕਿ 79 ਕਮਰਸ਼ੀਅਲ ਬੂਥਾਂ ਅਤੇ 14 ਰਿਹਾਇਸ਼ੀ ਯੂਨਿਟਾਂ ਦੀ ਨੀਲਾਮੀ ਇਕ ਹਫ਼ਤੇ ਅੰਦਰ ਕੀਤੀ ਜਾਵੇਗੀ।