ਕਿਸਾਨਾਂ ਦੀ ਇਸ ਪੀੜਾ ਦਾ ਮੁੱਖ ਕਾਰਨ ਸੂਬੇ ’ਚ ਹਰਿਆਣਾ ਸਰਕਾਰ ਵਾਂਗ ਕੋਈ ‘ਭਾਵਾਂਤਰ ਯੋਜਨਾ’ ਨਾ ਹੋਣਾ ਹੈ। ਹਰਿਆਣਾ ’ਚ ਵੀ ਆਲੂ ਦਾ ਰੇਟ ਓਹੀ ਹੈ ਜੋ ਪੰਜਾਬ ਵਿਚ ਹੈ, ਪਰ ਉੱਥੇ ਆਲੂ 'ਤੇ ਐੱਮਐੱਸਪੀ ਛੇ ਰੁਪਏ ਪ੍ਰਤੀ ਕਿੱਲੋ ਨਿਰਧਾਰਿਤ ਹੈ। ਇਸ ਤੋਂ ਘੱਟ ਭਾਅ ਮਿਲਣ 'ਤੇ ਕਿਸਾਨਾਂ ਨੂੰ ਜੋ ਨੁਕਸਾਨ ਹੁੰਦਾ ਹੈ, ਉਹ ਨੁਕਸਾਨ ਹਰਿਆਣਾ ਸਰਕਾਰ ‘ਭਾਵਾਂਤਰ ਯੋਜਨਾ’ ਤਹਿਤ ਉਠਾਉਂਦੀ ਹੈ ਅਤੇ ਪੈਸਾ ਕਿਸਾਨ ਦੇ ਸਿੱਧੇ ਬੈਂਕ ਖਾਤੇ ’ਚ ਪਾ ਦਿੱਤਾ ਜਾਂਦਾ ਹੈ।

ਇੰਦਰਪ੍ਰੀਤ ਸਿੰਘ, ਜਾਗਰਣ , ਚੰਡੀਗੜ੍ਹ : ਪੰਜਾਬ ’ਚ ਇਸ ਸਮੇਂ ਆਲੂ ਦੀ ਪੁਟਾਈ ਜ਼ੋਰਾਂ 'ਤੇ ਹੈ ਪਰ ਕਿਸਾਨਾਂ ਨੂੰ ਇਸ ਦੇ ਸਹੀ ਭਾਅ ਨਹੀਂ ਮਿਲ ਰਹੇ। ਹਾਲਾਤ ਇਸ ਕਦਰ ਬਦਤਰ ਹੋ ਗਏ ਹਨ ਕਿ ਕਿਸਾਨਾਂ ਨੂੰ ਆਪਣੀ ਪੂਰੀ ਲਾਗਤ ਵੀ ਨਹੀਂ ਮਿਲ ਰਹੀ। ਵੱਡੇ ਕਿਸਾਨ ਤਾਂ ਫ਼ਸਲ ਨੂੰ ਕੋਲਡ ਸਟੋਰ ’ਚ ਰੱਖ ਰਹੇ ਹਨ, ਜਦਕਿ ਛੋਟੇ ਕਿਸਾਨ ਫਸਲ 'ਤੇ ਟ੍ਰੈਕਟਰ ਚਲਾਉਣ ਲਈ ਮਜਬੂਰ ਹੋ ਰਹੇ ਹਨ। ਕਈਆਂ ਨੇ ਤਾਂ ਪਿੰਡਾਂ ’ਚ ਇਹ ਵੀ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਆਲੂ ਚਾਹੀਦੇ ਹਨ ਉਹ ਉਨ੍ਹਾਂ ਦੇ ਖੇਤਾਂ ਤੋਂ ਜਿੰਨਾ ਮਰਜ਼ੀ ਮੁਫਤ ਚੁੱਕ ਲੈਣ। ਕਿਸਾਨਾਂ ਦੀ ਇਸ ਪੀੜਾ ਦਾ ਮੁੱਖ ਕਾਰਨ ਸੂਬੇ ’ਚ ਹਰਿਆਣਾ ਸਰਕਾਰ ਵਾਂਗ ਕੋਈ ‘ਭਾਵਾਂਤਰ ਯੋਜਨਾ’ ਨਾ ਹੋਣਾ ਹੈ। ਹਰਿਆਣਾ ’ਚ ਵੀ ਆਲੂ ਦਾ ਰੇਟ ਓਹੀ ਹੈ ਜੋ ਪੰਜਾਬ ਵਿਚ ਹੈ, ਪਰ ਉੱਥੇ ਆਲੂ 'ਤੇ ਐੱਮਐੱਸਪੀ ਛੇ ਰੁਪਏ ਪ੍ਰਤੀ ਕਿੱਲੋ ਨਿਰਧਾਰਿਤ ਹੈ। ਇਸ ਤੋਂ ਘੱਟ ਭਾਅ ਮਿਲਣ 'ਤੇ ਕਿਸਾਨਾਂ ਨੂੰ ਜੋ ਨੁਕਸਾਨ ਹੁੰਦਾ ਹੈ, ਉਹ ਨੁਕਸਾਨ ਹਰਿਆਣਾ ਸਰਕਾਰ ‘ਭਾਵਾਂਤਰ ਯੋਜਨਾ’ ਤਹਿਤ ਉਠਾਉਂਦੀ ਹੈ ਅਤੇ ਪੈਸਾ ਕਿਸਾਨ ਦੇ ਸਿੱਧੇ ਬੈਂਕ ਖਾਤੇ ’ਚ ਪਾ ਦਿੱਤਾ ਜਾਂਦਾ ਹੈ।
ਅਬੋਹਰ ਦੇ ਪਿੰਡ ਦੀਵਾਨਖੇੜਾ ਦੇ ਕਿਸਾਨ ਅਜੈ ਵਧਵਾ ਨੇ ਦੱਸਿਆ ਕਿ ਉਨ੍ਹਾਂ ਦੋ ਏਕੜ ’ਚ ਆਲੂ ਦੀ ਫਸਲ ਬੋਈ ਸੀ। ਹੁਣ ਜਦੋਂ ਫਸਲ ਤਿਆਰ ਹੋ ਗਈ ਹੈ, ਤਾਂ ਇਸ ਦਾ ਭਾਅ ਸਿਰਫ ਦੋ ਰੁਪਏ ਪ੍ਰਤੀ ਕਿੱਲੋ ਮਿਲ ਰਿਹਾ ਹੈ, ਜਦਕਿ ਆਲੂ ਪੁਟਾਈ ਦੀ ਮਜ਼ਦੂਰੀ ਵੀ ਦੋ ਰੁਪਏ ਪ੍ਰਤੀ ਕਿੱਲੋ ਹੈ। ਇਸ ਸਥਿਤੀ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਹਲ ਚਲਾਉਣਾ ਹੀ ਬਿਹਤਰ ਸਮਝਿਆ। ਅਜਿਹਾ ਹੀ ਦਰਦ ਮੋਗਾ ਜ਼ਿਲ੍ਹੇ ਦੇ ਚਰਣੀ ਕਲਾ ਦੇ ਕਿਸਾਨ ਸੁਖਚੈਨ ਸਿੰਘ ਦਾ ਵੀ ਹੈ। ਕਿਸਾਨਾਂ ਨੇ ਇਹ ਵੀ ਦੋਸ਼ ਲਾਇਆ ਕਿ ਜਿਨ੍ਹਾਂ ਕੰਪਨੀਆਂ ਨੇ ਕਰਾਰ ਤਹਿਤ ਆਲੂ ਦੀ ਬੁਆਈ ਕਰਵਾਈ ਸੀ, ਉਹ ਹੁਣ ਫ਼ਸਲ ਚੁੱਕਣ ਤੋਂ ਪਿੱਛੇ ਹਟ ਗਈਆਂ ਹਨ। ਇਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ।
ਕਪੂਰਥਲਾ ਦੇ ਪਿੰਡ ਵਡਾਲਾ ਵਾਸੀ ਕਿਸਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਠੇਕੇ 'ਤੇ ਜ਼ਮੀਨ ਲੈ ਕੇ ਸੌ ਏਕੜ 'ਤੇ ਆਲੂ ਲਗਾਇਆ ਹੈ। 50 ਕਿੱਲੋ ਦਾ ਗੱਠਾ 150 ਰੁਪਏ ਵਿਚ ਭਾਵ ਤਿੰਨ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇੰਨਾ ਤਾਂ ਆਲੂ ਦੀ ਪੁਟਾਈ ਦਾ ਹੀ ਖਰਚ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਫਸਲ 'ਤੇ ਟ੍ਰੈਕਟਰ ਨਹੀਂ ਚਲਾਉਣਗੇ, ਆਖਰ ਬੱਚਿਆਂ ਵਾਂਗ ਫ਼ਸਲ ਪਾਲੀ ਹੈ।
ਦੂਜੇ ਸੂਬਿਆਂ ਤੋਂ ਬੀਜ ਖਰੀਦਣ ਵੀ ਨਹੀਂ ਆ ਰਹੇ ਉਤਪਾਦਕ
ਪੰਜਾਬ ਦੇ ਵੱਡੇ ਆਲੂ ਉਤਪਾਦਕਾਂ ’ਚੋਂ ਇਕ ਸੁਖਜੀਤ ਸਿੰਘ ਭੱਟੀ, ਜੋ ਅਲੀਪੁਰ, ਮਿੱਠਾਪੁਰ ’ਚ ਪੰਜ ਹਜ਼ਾਰ ਏਕੜ ’ਚ ਆਲੂ ਉਤਪਾਦਨ ਕਰਦੇ ਹਨ, ਨੇ ਦੱਸਿਆ ਕਿ ਇਸ ਵਾਰ ਪੱਛਮੀ ਬੰਗਾਲ, ਮੱਧ ਪ੍ਰਦੇਸ਼, ਗੁਜਰਾਤ ਤੇ ਕਰਨਾਟਕ ਤੋਂ ਆਲੂ ਦੇ ਵੱਡੇ ਖ਼ਰੀਦਦਾਰ, ਜੋ ਇਸ ਸੀਜ਼ਨ ’ਚ ਬੀਜ ਲੈ ਜਾਂਦੇ ਹਨ, ਇਸ ਵਾਰ ਨਹੀਂ ਆ ਰਹੇ, ਜਿਸ ਕਾਰਨ ਆਲੂ ਦੇ ਭਾਅ ’ਚ ਕੋਈ ਤੇਜ਼ੀ ਨਹੀਂ ਹੈ। ਅਸੀਂ ਆਲੂ ਨੂੰ ਸਸਤੇ ਭਾਅ ’ਚ ਵੇਚਣ ਦੀ ਬਜਾਏ ਇਸ ਨੂੰ ਕੋਲਡ ਸਟੋਰ ’ਚ ਰੱਖ ਰਹੇ ਹਾਂ। ਉਮੀਦ ਹੈ ਕਿ ਜੂਨ-ਜੁਲਾਈ ’ਚ ਇਸ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ।
ਪੰਜਾਬ ਨੂੰ ‘ਭਾਵਾਂਤਰ ਯੋਜਨਾ’ ਦੀ ਲੋੜ
ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਭਾਵਾਂਤਰ ਵਰਗੀ ਯੋਜਨਾ ਦੀ ਲੋੜ ਹੈ। ਅਸੀਂ ਹਾਲ ਹੀ ’ਚ ਵਿਧਾਨ ਸਭਾ ’ਚ ਇਹ ਮਾਮਲਾ ਉਠਾਇਆ ਸੀ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।