ਪੈਨਸ਼ਨਰਾਂ ਵੱਲੋਂ ਐਕਸੀਅਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
ਪੈਨਸ਼ਨਰਾਂ ਵੱਲੋਂ ਐਕਸੀਅਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨਣ 'ਤੇ ਪੁਤਲਾ ਫੂਕਣ ਦੀ ਦਿੱਤੀ ਚਿਤਾਵਨੀ
Publish Date: Wed, 04 Feb 2026 07:11 PM (IST)
Updated Date: Wed, 04 Feb 2026 07:14 PM (IST)

ਮੰਗਾਂ ਨਾ ਮੰਨਣ ਤੇ ਪੁਤਲਾ ਫੂਕਣ ਦੀ ਦਿੱਤੀ ਚਿਤਾਵਨੀ ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਬਿਜਲੀ ਬੋਰਡ ਦੇ ਸੇਵਾਮੁਕਤ ਮੁਲਾਜ਼ਮ ਨੇ ਆਪਣੀਆਂ ਬਕਾਇਆ ਪਈਆਂ ਮੰਗਾਂ ਅਤੇ ਦਫ਼ਤਰੀ ਕੰਮਾਂ ’ਚ ਹੋ ਰਹੀ ਦੇਰੀ ਨੂੰ ਲੈ ਕੇ ਬੁੱਧਵਾਰ ਨੂੰ ਜ਼ੀਰਕਪੁਰ ਸਥਿਤ ਐਕਸੀਅਨ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੈਨਸ਼ਨਰਾਂ ਨੇ ਮੈਨੇਜਮੈਂਟ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਗੱਲਬਾਤ ਕਰਦਿਆਂ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਜ਼ੀਰਕਪੁਰ ਐਕਸੀਅਨ ਦਫ਼ਤਰ ਵਿਖੇ ਸੇਵਾਮੁਕਤ ਕਰਮਚਾਰੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਪੈਨਸ਼ਨਰਾਂ ਨੂੰ ਆਪਣੇ ਜਾਇਜ਼ ਕੰਮਾਂ ਲਈ ਵਾਰ-ਵਾਰ ਦਫ਼ਤਰਾਂ ਦੇ ਗੇੜੇ ਮਾਰਨੇ ਪੈ ਰਹੇ ਹਨ, ਪਰ ਅਧਿਕਾਰੀ ਕੋਈ ਠੋਸ ਕਾਰਵਾਈ ਕਰਨ ਦੀ ਬਜਾਏ ਮਸਲਿਆਂ ਨੂੰ ਲਮਕਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਦਫ਼ਤਰੀ ਕੰਮ ਪੂਰੀ ਤਰ੍ਹਾਂ ਠੱਪ ਜਾਪਦੇ ਹਨ। ਜਦੋਂ ਵੀ ਇਸ ਸਬੰਧੀ ਸਵਾਲ ਕੀਤਾ ਜਾਂਦਾ ਹੈ ਤਾਂ ਐਕਸੀਅਨ ਵੱਲੋਂ ਸਟਾਫ਼ ਦੀ ਘਾਟ ਦਾ ਬਹਾਨਾ ਬਣਾਇਆ ਜਾਂਦਾ ਹੈ, ਜਦਕਿ ਸਟਾਫ਼ ਦੀ ਪੂਰਤੀ ਕਰਨਾ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ, ਨਾ ਕਿ ਰਿਟਾਇਰਡ ਮੁਲਾਜ਼ਮਾਂ ਦੀ। ਪੈਨਸ਼ਨਰ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ 19 ਫਰਵਰੀ 2026 ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਉਹ ਮੁੜ ਤਿੱਖਾ ਸੰਘਰਸ਼ ਵਿੱਢਣਗੇ ਅਤੇ ਐਕਸੀਅਨ ਦਾ ਪੁਤਲਾ ਫੂਕ ਕੇ ਦਫ਼ਤਰ ਅੱਗੇ ਪੱਕਾ ਧਰਨਾ ਲਗਾਉਣਗੇ। ਇਸ ਪ੍ਰਦਰਸ਼ਨ ਵਿਚ ਸੀਐੱਚਬੀ ਕਾਮਿਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਡਿਵੀਜ਼ਨ ਪ੍ਰਧਾਨ ਅਮਨਿੰਦਰ ਸਿੰਘ, ਰੋਹਿਤ ਸ਼ਰਮਾ, ਸਰਕਲ ਸਕੱਤਰ ਏਕਮ ਸਿੱਧੂ ਸਮੇਤ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ।