ਐੱਸਸੀ-ਬੀਸੀ ਮੋਰਚੇ ’ਤੇ ਪ੍ਰਕਾਸ਼ ਦਿਹਾੜਾ ਧੂਮਧਾਮ ਨਾਲ ਮਨਾਇਆ
ਐੱਸਸੀ-ਬੀਸੀ ਮੋਰਚੇ ’ਤੇ ਪ੍ਰਕਾਸ਼ ਦਿਹਾੜਾ ਧੂਮਧਾਮ ਨਾਲ ਮਨਾਇਆ
Publish Date: Sun, 08 Feb 2026 05:50 PM (IST)
Updated Date: Sun, 08 Feb 2026 05:53 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਐੱਸਸੀ-ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਜ਼-7 ਦੀਆਂ ਲਾਈਟਾਂ ’ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ’ਤੇ ਸ੍ਰੀ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਪਿੰਡ ਕੁੰਬੜਾ ਦੀਆਂ ਬੀਬੀਆਂ ਦੇ ਜਥੇ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਈ ਸੰਗਤ ਨੂੰ ਸਰਵਣ ਕਰਾਇਆ ਤੇ ਅਰਦਾਸ ਉਪਰੰਤ ਚਾਹ ਅਤੇ ਪਕੌੜਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਰਾਹਗੀਰਾਂ ਨੇ ਚਾਹ ਪਕੌੜਿਆਂ ਦਾ ਲੰਗਰ ਛੱਕਿਆ ਤੇ ਗੁਰੂ ਸਾਹਿਬ ਦੀ ਬਾਣੀ ਦਾ ਕੀਰਤਨ ਸਰਵਣ ਕੀਤਾ। ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪਹਿਲਵਾਨ ਅਮਰਜੀਤ ਸਿੰਘ ਗਿੱਲ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਉਨ੍ਹਾਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੇ ਦਿੱਤੇ ਉਪਦੇਸ਼ਾਂ ’ਤੇ ਚੱਲਣ ਦੀ ਅਪੀਲ ਕੀਤੀ ਤੇ ਚੱਲ ਰਹੇ ਲੰਗਰ ਵਿਚ ਸੇਵਾ ਕਰਵਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਸਾਡੇ ਬਹੁਤ ਚੰਗੇ ਭਾਗ ਹਨ ਕਿ ਇਸ ਮੋਰਚੇ ਸਥਾਨ ’ਤੇ ਹਰ ਇਕ ਗੁਰਪੁਰਬ, ਸ਼ਹੀਦੀ ਦਿਹਾੜੇ ਆਦਿ ’ਤੇ ਲੰਗਰ ਲਗਾਏ ਜਾਂਦੇ ਹਨ ਤੇ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਜਾਂ ਸਾਬਕਾ ਵਿਧਾਇਕਾਂ ਨੇ ਮੋਰਚੇ ’ਤੇ ਆਪਣੀ ਹਾਜ਼ਰੀ ਲਗਵਾਉਣੀ ਜ਼ਰੂਰੀ ਨਹੀਂ ਸਮਝੀ, ਜਦਕਿ ਵੋਟਾਂ ਦੇ ਸਮੇਂ ਵਿਚ ਇਨ੍ਹਾਂ ਲੀਡਰਾਂ ਨੂੰ ਐੱਸਸੀ-ਬੀਸੀ ਲੋਕ ਯਾਦ ਆਉਂਦੇ ਹਨ ਤੇ ਘਰ-ਘਰ ਜਾ ਕੇ ਉਨ੍ਹਾਂ ਦੀਆਂ ਮਿਨਤਾਂ ਤੇ ਤਰਲੇ ਕਰਦੇ ਹਨ। ਦੋ ਸਾਲਾਂ ਤੋਂ ਚੱਲ ਰਹੇ ਮੋਰਚੇ ਦੀਆਂ ਮੰਗਾਂ ਦੇ ਮਾਮਲੇ ’ਤੇ ਪੰਜਾਬ ਸਰਕਾਰ ਨੇ ਵੀ ਕੋਈ ਉੱਚਿਤ ਕਾਰਵਾਈ ਨਹੀਂ ਕੀਤੀ। ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਸੰਬੋਧਨ ਕੀਤਾ ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ਦਾ ਆਧਾਰ ਬਣਾਕੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਕਰਮ ਸਿੰਘ ਕੁਰੜੀ, ਸੁਰਿੰਦਰ ਸਿੰਘ, ਨੰਬਰਦਾਰ ਬਲਵਿੰਦਰ ਸਿੰਘ ਮਲੋਆ, ਦਰਸ਼ਨ ਸਿੰਘ ਬਾਠ, ਨੰਬਰਦਾਰ ਬਰਜਿੰਦਰ ਸਿੰਘ, ਮਹਿੰਦਰ ਸਿੰਘ ਰਾਜ ਗਿੱਲ, ਬੱਬਲ ਚੌਪੜਾ, ਰੁਪਿੰਦਰ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਨੀਲਮ, ਸੁਰਜੀਤ ਕੌਰ, ਰਜਿੰਦਰ ਕੌਰ ਮੱਕੜਿਆ, ਹਰਪਾਲ ਸਿੰਘ, ਕੁਲਦੀਪ ਸਿੰਘ, ਪਰਮਿੰਦਰ ਸਿੰਘ, ਮਨਦੀਪ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਹੋਏ।