ਕੁਰਾਲੀ-ਖਰੜ ਰੋਡ 'ਤੇ ਦਰਦਨਾਕ ਹਾਦਸਾ : ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਦੋ ਡਿਲੀਵਰੀ ਬੁਆਏਜ਼ ਨੂੰ ਕੁਚਲਿਆ, ਮੌਕੇ 'ਤੇ ਹੀ ਮੌਤ
ਜਸਦੀਪ ਆਪਣੇ ਦੋਸਤ ਅਮਨਪ੍ਰੀਤ ਨਾਲ ਬਾਈਕ 'ਤੇ ਅੱਗੇ-ਅੱਗੇ ਜਾ ਰਿਹਾ ਸੀ, ਜਦੋਂ ਕਿ ਉਸ ਦੇ ਪਿਤਾ ਦੂਜੇ ਬਾਈਕ 'ਤੇ ਪਿੱਛੇ ਆ ਰਹੇ ਸਨ। ਜਿਵੇਂ ਹੀ ਉਹ ਪਿੰਡ ਭਾਗੋਮਾਜਰਾ ਨੇੜੇ ਇਕ ਪੈਟਰੋਲ ਪੰਪ ਕੋਲ ਪਹੁੰਚੇ, ਤਾਂ ਕੁਰਾਲੀ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ।
Publish Date: Thu, 21 May 2026 11:53 AM (IST)
Updated Date: Thu, 21 May 2026 11:55 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ :ਕੁਰਾਲੀ-ਖਰੜ ਰੋਡ 'ਤੇ ਬੁੱਧਵਾਰ ਤੜਕੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਬਾਈਕ ਸਵਾਰ ਦੋ ਡਿਲੀਵਰੀ ਬੁਆਏਜ਼ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬਾਈਕ ਸਵਾਰਾਂ ਨੂੰ ਕਾਫ਼ੀ ਦੂਰ ਤੱਕ ਘਸੀਟਦੀ ਲੈ ਗਈ, ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਜਸਦੀਪ ਸਿੰਘ ਨਿਵਾਸੀ ਕੁਰਾਲੀ ਅਤੇ ਅਮਨਪ੍ਰੀਤ ਸਿੰਘ ਨਿਵਾਸੀ ਪਿੰਡ ਮੀਆਂਪੁਰ, ਰੋਪੜ ਵਜੋਂ ਹੋਈ ਹੈ। ਦੋਵੇਂ ਨੌਜਵਾਨ 'ਬਲਿੰਕਿਟ' ਕੰਪਨੀ ਵਿਚ ਡਿਲੀਵਰੀ ਬੁਆਏ ਵਜੋਂ ਕੰਮ ਕਰਦੇ ਸਨ। ਜਸਦੀਪ ਸਿੰਘ ਪੜ੍ਹਾਈ ਦੇ ਨਾਲ-ਨਾਲ ਪਰਿਵਾਰ ਦੇ ਗੁਜ਼ਾਰੇ ਲਈ ਕੰਮ ਕਰ ਰਿਹਾ ਸੀ।
ਜਾਣਕਾਰੀ ਅਨੁਸਾਰ ਜਸਦੀਪ ਦੇ ਪਿਤਾ ਚਰਨਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੰਗਲਵਾਰ ਦੇਰ ਰਾਤ ਉਨ੍ਹਾਂ ਨੂੰ ਖਰੜ ਨੇੜਲੇ ਪਿੰਡ ਭਾਗੋਮਾਜਰਾ ਵਿਖੇ ਇਕ ਰਿਸ਼ਤੇਦਾਰ ਦੇ ਬਿਮਾਰ ਹੋਣ ਦੀ ਖ਼ਬਰ ਮਿਲੀ ਸੀ। ਜਸਦੀਪ ਆਪਣੇ ਦੋਸਤ ਅਮਨਪ੍ਰੀਤ ਨਾਲ ਬਾਈਕ 'ਤੇ ਅੱਗੇ-ਅੱਗੇ ਜਾ ਰਿਹਾ ਸੀ, ਜਦੋਂ ਕਿ ਉਸ ਦੇ ਪਿਤਾ ਦੂਜੇ ਬਾਈਕ 'ਤੇ ਪਿੱਛੇ ਆ ਰਹੇ ਸਨ। ਜਿਵੇਂ ਹੀ ਉਹ ਪਿੰਡ ਭਾਗੋਮਾਜਰਾ ਨੇੜੇ ਇਕ ਪੈਟਰੋਲ ਪੰਪ ਕੋਲ ਪਹੁੰਚੇ, ਤਾਂ ਕੁਰਾਲੀ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਦੋਵਾਂ ਦੇ ਸਿਰ ਅਤੇ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ।
ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਇਕੱਠੀ ਹੋਈ ਭੀੜ ਨੇ ਕਾਰ ਸਵਾਰ ਦੋਵਾਂ ਨੌਜਵਾਨਾਂ ਨੂੰ ਦਬੋਚ ਲਿਆ। ਕਾਰ ਚਲਾ ਰਿਹਾ ਨਿਤਿਸ਼ ਭਾਰਦਵਾਜ ਅਤੇ ਉਸ ਦਾ ਸਾਥੀ ਅਸ਼ਵਨੀ ਕੁਮਾਰ ਦੋਵੇਂ ਸ਼ਰਾਬ ਦੇ ਨਸ਼ੇ ਵਿਚ ਧੁੱਤ ਸਨ। ਲੋਕਾਂ ਨੇ ਦੋਵਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਲਾਸ਼ਾਂ ਨੂੰ ਮੁਹਾਲੀ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ ਅਤੇ ਕਾਰ ਚਾਲਕ ਨਿਤਿਸ਼ ਭਾਰਦਵਾਜ ਨਿਵਾਸੀ ਕਰਨਾਲ, ਹਰਿਆਣਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।