ਵਪਾਰ ਸਮਝੌਤੇ ’ਤੇ ਵਿਰੋਧੀ ਧਿਰ ਦੇ ਦੋਸ਼ ਬੇਬੁਨਿਆਦ : ਅਮਨਜੋਤ ਰਾਮੂਵਾਲੀਆ
ਵਪਾਰ ਸਮਝੌਤੇ ’ਤੇ ਵਿਰੋਧੀ ਧਿਰ ਦੇ ਦੋਸ਼ ਬੇਬੁਨਿਆਦ: ਅਮਨਜੋਤ ਰਾਮੂਵਾਲੀਆ
Publish Date: Tue, 10 Feb 2026 09:29 PM (IST)
Updated Date: Wed, 11 Feb 2026 04:15 AM (IST)

ਫੋਟੋ ਕੈਪਸ਼ਨ : ਅਮਨਜੋਤ ਕੌਰ ਰਾਮੂਵਾਲੀਆ। 25ਪੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਬੀਬਾ ਅਮਨਜੋਤ ਕੌਰ ਰਾਮੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਹ ਸਮਝੌਤਾ ਖੇਤੀਬਾੜੀ ਖੇਤਰ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਅਤੇ ਰਾਖੀ ਕਰਦਾ ਹੈ। ਉਨ੍ਹਾਂ ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਵਪਾਰਕ ਸਮਝੌਤੇ ਤੇ ਪੂਰਨ ਸੰਤੁਸ਼ਟੀ ਪ੍ਰਗਟਾਈ ਹੈ ਅਤੇ ਉਨ੍ਹਾਂ ਇਸ ਸਮਝੌਤੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਡੀਲ ਚ ਦੇਸ਼ ਅਤੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਇੰਡਸਟਰੀ ਦੇ ਹਿੱਤਾਂ ਦਾ ਪੂਰਾ ਖ਼ਿਆਲ ਰੱਖਿਆ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਵੀ ਇਸ ਦੀ ਤਾਰੀਫ਼ ਕਰਨੀ ਚਾਹੀਦੀ ਸੀ। ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ, ‘‘ਇਸ ਸਮਝੌਤੇ ਵਿਚ ਅਜਿਹਾ ਕੋਈ ਉਤਪਾਦ ਸ਼ਾਮਲ ਨਹੀਂ ਹੈ, ਜਿਸ ਨਾਲ ਭਾਰਤੀ ਕਿਸਾਨਾਂ ਨੂੰ ਕੋਈ ਨੁਕਸਾਨ ਪਹੁੰਚੇ।’’ ਉਨ੍ਹਾਂ ਕਿਹਾ ਕਿ ਸਾਰੀਆਂ ਸੰਵੇਦਨਸ਼ੀਲ ਚੀਜ਼ਾਂ ਨੂੰ ਸਮਝੌਤੇ ਤੋਂ ਪੂਰੀ ਤਰ੍ਹਾਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਮੀਟ, ਪੋਲਟਰੀ, ਡੇਅਰੀ, ਸੋਇਆਬੀਨ, ਮੱਕੀ, ਚੌਲ, ਕਣਕ, ਖੰਡ, ਮੋਟੇ ਅਨਾਜ, ਕੇਲੇ, ਸਟਰਾਬੇਰੀ, ਚੈਰੀ, ਨਿੰਬੂ ਜਾਤੀ ਦੇ ਫੱਲ, ਹਰੇ ਮਟਰ, ਛੋਲੇ, ਮੂੰਗੀ, ਤੇਲ ਬੀਜ, ਈਥੇਨੋਲ ਅਤੇ ਤਮਾਕੂ ਵਰਗੇ ਉਤਪਾਦਾਂ ’ਤੇ ਕੋਈ ਡਿਊਟੀ ਛੋਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਛਿਲਕਾ ਰਹਿਤ ਅਨਾਜ ਅਤੇ ਆਟਾ, ਆਲੂ, ਪਿਆਜ਼, ਮਟਰ, ਬੀਨਜ਼, ਖੀਰੇ, ਮਸ਼ਰੂਮ, ਜੰਮੀਆਂ ਹੋਈਆਂ ਸਬਜ਼ੀਆਂ, ਸੰਤਰੇ, ਅੰਗੂਰ, ਨਿੰਬੂ ਅਤੇ ਮਿਕਸ ਡੱਬਾਬੰਦ ਸਬਜ਼ੀਆਂ ਵੀ ਭਾਰਤ ਨਹੀਂ ਆਉਣਗੀਆਂ। ਉਨ੍ਹਾਂ ਕਿਹਾ ਕਿ ਸਮਝੌਤੇ ਮੁਤਾਬਕ ਦੁੱਧ ਉਤਪਾਦਾਂ ਵਿਚ ਤਰਲ, ਪਾਊਡਰ ਅਤੇ ਸੰਘਣਾ ਦੁੱਧ, ਕਰੀਮ, ਦਹੀਂ, ਬਟਰ ਮਿਲਕ, ਮੱਖਣ, ਘਿਓ, ਮੱਖਣ ਦਾ ਤੇਲ, ਪਨੀਰ, ਵੇਅ ਉਤਪਾਦ ਅਤੇ ਪਨੀਰ ਨੂੰ ਵੀ ਭਾਰਤ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਦੇ ਕਿਸਾਨ ਪਰਿਵਾਰਾਂ ਦੀ ਰੋਜ਼ੀ-ਰੋਟੀ ਸੁਰੱਖਿਅਤ ਹੋਵੇਗੀ। ਕਾਂਗਰਸ ਨੇ ਸਾਲਾਂ ਤੱਕ ਇਸ ਦੇਸ਼ ’ਤੇ ਰਾਜ ਕੀਤਾ ਪਰ ਇਸ ਨੇ ਨਾ ਤਾਂ ਕਿਸਾਨਾਂ ਨੂੰ ਕਿਸੇ ਗਲੋਬਲ ਮੰਡੀ ਨਾਲ ਜੋੜਿਆ ਅਤੇ ਨਾ ਹੀ ਭਾਰਤੀ ਆਰਥਕਤਾ ਨੂੰ ਸਥਿਰਤਾ ਅਤੇ ਉਚਾਈ ਪ੍ਰਦਾਨ ਕੀਤੀ।