ਮਾਨ ਨੇ ਕਿਹਾ ਕਿ ਮੇਰੀ ਰਸੋਈ ਸਕੀਮ 40 ਲੱਖ ਪਰਿਵਾਰਾਂ ਖ਼ਾਸ ਕਰ ਕੇ ਉਨ੍ਹਾਂ ਦੇ ਬੱਚਿਆਂ ਲਈ ਪੌਸ਼ਟਿਕ ਖੁਰਾਕ ਯਕੀਨੀ ਬਣਾਏਗੀ। ਇਸ ਸਕੀਮ ਹੇਠ ਪਰਿਵਾਰ ਨੂੰ ਦੋ ਕਿੱਲੋ ਖੰਡ, ਦੋ ਕਿੱਲੋ ਦਾਲ, ਇਕ ਲੀਟਰ ਸਰ੍ਹੋਂ ਦਾ ਤੇਲ, 200 ਗ੍ਰਾਮ ਹਲਦੀ ਤੇ ਇਕ ਕਿੱਲੋ ਲੂਣ ਦੀ ਕਿੱਟ ਮਿਲੇਗੀ
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਨੇ ਬਜਟ ਦੀ ਬਹਿਸ ਵਿਚ ਇਸ ਲਈ ਹਿੱਸਾ ਨਹੀਂ ਲਿਆ ਕਿਉਂਕਿ ਉਹ ਔਰਤਾਂ ਨੂੰ 1000 ਰੁਪਏ ਦੇਣ ਦੇ ਇਤਿਹਾਸਕ ਫ਼ੈਸਲੇ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਦਹਾਕਿਆਂ ਤੱਕ ਲੋਕਾਂ ਨੂੰ ਗ਼ਰੀਬੀ ਵੱਲ ਧੱਕਣ ਵਾਲੀਆਂ ਪਾਰਟੀਆਂ ਹੁਣ ‘ਆਪ’ ਸਰਕਾਰ ਅਧੀਨ ਆਮ ਪਰਿਵਾਰਾਂ ਦੇ ਸਸ਼ਕਤੀਕਰਨ ਤੋਂ ਬੁਖਲਾਈਆਂ ਹੋਈਆਂ ਹਨ।
ਪੰਜਾਬ ਸਰਕਾਰ ਦੇ ਬਜਟ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਬਜਟ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਜਟ ਦਾ ਉਦੇਸ਼ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ। ਪੰਜਾਬ ਸਰਕਾਰ ਨੇ ਚਾਰ ਸਾਲਾਂ ਅੰਦਰ ਆਪਣੀਆਂ ਸਾਰੀਆਂ ਚੋਣ ਗਾਰੰਟੀਆਂ ਪੂਰੀਆਂ ਕਰ ਲਈਆਂ ਹਨ ਅਤੇ ਉਹ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣਾ ਏਜੰਡਾ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਜਾਣਦੀ ਹੈ ਕਿ ਸੂਬੇ ’ਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ 2027 ’ਚ ਮੁੜ ਸੱਤਾ ’ਚ ਆਵੇਗੀ, ਇਸ ਲਈ ਵਿਰੋਧੀ ਧਿਰ ਨੇ ਲੋਕਾਂ ਸਾਹਮਣੇ ਸੱਚਾਈ ਦਾ ਸਾਹਮਣਾ ਕਰਨ ਦੀ ਥਾਂ ਬਹਿਸ ਤੋਂ ਭੱਜਣਾ ਚੁਣਿਆ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵਿੱਤੀ ਸਾਲ 2026-27 ਲਈ ਪੇਸ਼ ਕੀਤੇ ਬਜਟ ’ਤੇ ਬਹਿਸ ਨੂੰ ਸਮੇਟਦਿਆਂ ਮਾਨ ਨੇ ਕਿਹਾ, ‘ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸਰਕਾਰ ਨੇ ਚਾਰ ਸਾਲਾਂ ’ਚ ਸਾਰੀਆਂ ਚੋਣ ਗਾਰੰਟੀਆਂ ਪੂਰੀਆਂ ਕੀਤੀਆਂ ਹਨ। ਰਵਾਇਤੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਖਾਨਾਪੂਰਤੀ ਹੁੰਦੇ ਸਨ। ਅਸੀਂ ਲੋਕਾਂ ਦੇ ਸਹਿਯੋਗ ਨਾਲ ਸਾਲ 2027 ਵਿਚ ਏਸੇ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਪਹਿਲੀ ਵਾਰ ਕਿਸੇ ਸਰਕਾਰ ਨੇ ਆਪਣੇ ਬਜਟ ਨੂੰ ਪਵਿੱਤਰ ਦਸਤਾਵੇਜ਼ ਸਮਝਦੇ ਹੋਏ ਲੋਕਾਂ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕੀਤਾ ਹੈ।’
ਲੋਕ ਪੱਖੀ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਬਜਟ ਵਿਚ ਉਨ੍ਹਾਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕੀਤੀ ਗਈ ਹੈ, ਜਿਨ੍ਹਾਂ ਲੋਕਾਂ ਦੀ ਤਰੱਕੀ ਵਿੱਚ ਹਮੇਸ਼ਾ ਆਰਥਿਕ ਕਮਜ਼ੋਰੀ ਰੁਕਾਵਟ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਜਟ ਵਿਚ 97 ਫ਼ੀਸਦੀ ਔਰਤਾਂ ਨੂੰ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਲਾਭ ਦੇਣ, 40 ਲੱਖ ਪਰਿਵਾਰਾਂ ਨੂੰ ‘ਮੇਰੀ ਰਸੋਈ ਯੋਜਨਾ’ ਤਹਿਤ ਮੁਫਤ ਰਾਸ਼ਨ ਦੇਣ, 10 ਲੱਖ ਰੁਪਏ ਤੱਕ ਕੈਸ਼ਲੈੱਸ ਇਲਾਜ ਦੀ ਸਹੂਲਤ ਦੇਣਾ ਸ਼ਾਮਲ ਹੈ। ਜਦੋਂ ਤੋਂ ਔਰਤਾਂ ਨੂੰ 1000-1500 ਰੁਪਏ ਦੇਣ ਦਾ ਐਲਾਨ ਕੀਤਾ ਹੈ, ਵਿਰੋਧੀ ਪਾਰਟੀਆਂ ਘਬਰਾਈਆਂ ਹੋਈਆਂ ਹਨ ਜਿਸ ਕਾਰਨ ਉਹ ਸਦਨ ਦਾ ਬਾਈਕਾਟ ਕਰ ਕੇ ਭੱਜ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਮਿਆਰੀ ਸਹੂਲਤਾਂ ਦੇਣ ਅਤੇ ਨੌਜਵਾਨਾਂ ਨੂੰ ਇੱਥੇ ਰਹਿ ਕੇ ਡਾਕਟਰ ਬਣਨ ਦਾ ਸੁਪਨਾ ਸਾਕਾਰ ਕਰਨ ਲਈ ਸੂਬੇ ਵਿਚ ਸੱਤ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ। ਇਹ ਕਾਲਜ ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ, ਲਹਿਰਾਗਾਗਾ, ਮਲੇਰਕੋਟਲਾ ਤੇ ਲੁਧਿਆਣਾ ਵਿਚ ਬਣਨਗੇ ਅਤੇ ਇਨ੍ਹਾਂ ਕਾਲਜਾਂ ਦੇ ਬਣਨ ਨਾਲ ਐੱਮਬੀਬੀਐੱਸ ਦੀਆਂ 600 ਸੀਟਾਂ ਵੱਧ ਜਾਣਗੀਆਂ। ਉਨ੍ਹਾਂ ਕਿਹਾ ਕਿ 881 ਆਮ ਆਦਮੀ ਕਲੀਨਿਕਾਂ ਵਿਚ 5 ਕਰੋੜ ਓਪੀਡੀ ਐਂਟਰੀ ਦਰਜ ਕੀਤੀਆਂ ਹਨ ਜੋ ਸਿਹਤ ਸੇਵਾਵਾਂ ’ਚ ਲੋਕਾਂ ਦਾ ਭਰੋਸਾ ਜ਼ਾਹਰ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਤਾਂ ਪੱਛੜੇ ਪਰਿਵਾਰਾਂ ਦੇ ਬੱਚੇ ਜੇਈਈ, ਜੇਈਈ ਮੇਨਜ਼ ਅਤੇ ਨੀਟ ਵਰਗੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ।
ਮਾਨ ਨੇ ਕਿਹਾ ਕਿ ਮੇਰੀ ਰਸੋਈ ਸਕੀਮ 40 ਲੱਖ ਪਰਿਵਾਰਾਂ ਖ਼ਾਸ ਕਰ ਕੇ ਉਨ੍ਹਾਂ ਦੇ ਬੱਚਿਆਂ ਲਈ ਪੌਸ਼ਟਿਕ ਖੁਰਾਕ ਯਕੀਨੀ ਬਣਾਏਗੀ। ਇਸ ਸਕੀਮ ਹੇਠ ਪਰਿਵਾਰ ਨੂੰ ਦੋ ਕਿੱਲੋ ਖੰਡ, ਦੋ ਕਿੱਲੋ ਦਾਲ, ਇਕ ਲੀਟਰ ਸਰ੍ਹੋਂ ਦਾ ਤੇਲ, 200 ਗ੍ਰਾਮ ਹਲਦੀ ਤੇ ਇਕ ਕਿੱਲੋ ਲੂਣ ਦੀ ਕਿੱਟ ਮਿਲੇਗੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਤ ਕੀਤੀ ਜਾ ਰਹੀ ਹੈ ਜੋ ਸਹੀ ਮਾਅਨਿਆਂ ਵਿਚ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ ਜਿਸ ਲਈ ਬਜਟ ਵਿਚ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਪੰਜਾਬ ਦੇ ਮਸਲਿਆਂ ਲਈ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਆਂਢੀ ਸੂਬੇ ਪੰਜਾਬ ਨੂੰ ਵੱਡਾ ਭਰਾ ਬਣਾ ਕੇ ਸਾਡੇ ਕੀਮਤੀ ਵਸੀਲਿਆਂ ’ਤੇ ਡਾਕਾ ਮਾਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਦੇ ਹਿਮਾਚਲ ਵੱਡਾ ਭਰਾ ਕਹਿ ਕੇ ਚੰਡੀਗੜ੍ਹ ਵਿਚੋਂ ਹਿੱਸਾ ਮੰਗਦਾ ਹੈ, ਪਾਣੀ ਤੇ ਰਾਇਲਟੀ ਮੰਗਦਾ ਹੈ ਅਤੇ ਕਦੇ ਹਰਿਆਣਾ ਐੱਸਵਾਈਐੱਲ ਨਹਿਰ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਟੈਂਡ ਕਾਰਨ ਪਹਿਲੀ ਵਾਰ ਹਰਿਆਣਾ ਨੇ ਆਪਣੇ ਬਜਟ ਵਿਚ ਐੱਸਵਾਈਐੱਲ ਨਹਿਰ ਦੀ ਉਸਾਰੀ ਲਈ ਫੰਡ ਨਹੀਂ ਰੱਖੇ।
ਸਦਨ ਵਿਚ ਵਿਰੋਧੀ ਧਿਰ ਦੀ ਗੈਰ-ਹਾਜ਼ਰੀ ’ਤੇ ਤਨਜ਼ ਕੱਸਦਿਆਂ ਮਾਨ ਨੇ ਕਿਹਾ ਕਿ ਵਿਰੋਧੀ ਆਪਣੇ ਇਲਾਕੇ ਦੇ ਲੋਕਾਂ ਦੇ ਮਸਲੇ ਚੁੱਕਣ ਲਈ ਕਦੇ ਵੀ ਗੰਭੀਰ ਨਹੀਂ ਹੋਏ ਅਤੇ ਸਾਲ 2027 ਵਿਚ ਸਿਆਸੀ ਨਕਸ਼ੇ ਤੋਂ ਵੀ ਗ਼ੈਰ-ਹਾਜ਼ਰ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਟੋਧਾੜ ਦਾ ਸ਼ਿਕਾਰ ਹੈ ਜੋ ਕਦੇ ਵੀ ਸੱਤਾ ਵਿਚ ਨਹੀਂ ਆ ਸਕਦੀ ਹੈ। ਕਾਂਗਰਸ ਦੀ ਹਾਲਤ ਏਨੀ ਮਾੜੀ ਹੋ ਚੁੱਕੀ ਹੈ ਕਿ ਇਸ ਦੀ ਸਾਰੀ ਹਾਈ ਕਮਾਂਡ ਇਕ ਇਨੋਵਾ ਵਿਚ ਸਵਾਰ ਹੋ ਜਾਂਦੀ ਹੈ। ਕਾਂਗਰਸ ਪਾਰਟੀ ਵਿਚ ਕਲੇਸ਼ ਕਾਰਨ ਉਹ ਵਿਧਾਨ ਸਭਾ ਚੋਣਾਂ ’ਚ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਲੜਨਾ ਚਾਹੁੰਦੇ ਹਨ।
ਅਕਾਲੀ ਦਲ ਨੂੰ ਪੰਜਾਬ ਦੀ ਨਸਲਕੁਸ਼ੀ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ, ਗੈਂਗਸਟਰ ਬਣਨ ਦੇ ਰਾਹ ਤੋਰਿਆ ਜਿਸ ਨਾਲ ਸਾਡੀਆਂ ਪੀੜ੍ਹੀਆਂ ਬਰਬਾਦ ਹੋ ਗਈਆਂ। ਉਨ੍ਹਾਂ ਕਿਹਾ ਕਿ ਜ਼ੋਮੈਟੋ ਕੰਪਨੀ ਤਾਂ ਬਾਅਦ ਵਿਚ ਬਣੀ ਹੈ, ਅਕਾਲੀ ਸਰਕਾਰ ਮੌਕੇ ਸਰਕਾਰੀ ਗੱਡੀਆਂ ਵਿਚ ਨਸ਼ਾ ਸਪਲਾਈ ਹੁੰਦਾ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ਤੀਜੇ ਸਥਾਨ ਉੱਤੇ ਰਹਿਣ ਵਾਲੇ ਅਕਾਲੀ ਸੂਬੇ ਵਿਚ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੇ ਹਨ ਜੋ ਕਦੇ ਪੂਰੇ ਨਹੀਂ ਹੋਣੇ।