ਖੁੱਲ੍ਹੇ ਮੈਨਹੋਲ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
ਖੁੱਲ੍ਹੇ ਮੈਨਹੋਲ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
Publish Date: Sun, 04 Jan 2026 06:22 PM (IST)
Updated Date: Sun, 04 Jan 2026 06:23 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਕਸਬਾ ਮੁਬਾਰਕਪੁਰ ਦੇ ਵਾਰਡ ਨੰ. 3 ਅਤੇ 4 ਦੇ ਵਾਸੀ ਇਸ ਵੇਲੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਲਾਕੇ ਵਿਚ ਸੀਵਰੇਜ ਦੇ ਮੈਨਹੋਲਾਂ ਦੇ ਢੱਕਣ ਟੁੱਟੇ ਹੋਣ ਜਾਂ ਗਾਇਬ ਹੋਣ ਕਾਰਨ ਇੱਥੇ ਰੋਜ਼ਾਨਾ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ। ਰਾਹਗੀਰਾਂ ਅਤੇ ਬੱਚਿਆਂ ਲਈ ਬਣਿਆ ਜਾਨ ਦਾ ਖ਼ਤਰਾ : ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਾਰਡ ਦੀਆਂ ਮੁੱਖ ਗਲੀਆਂ ਵਿਚ ਕਈ ਮੈਨਹੋਲ ਬਿਨਾਂ ਢੱਕਣਾਂ ਤੋਂ ਨੰਗੇ ਪਏ ਹਨ। ਰਾਤ ਦੇ ਸਮੇਂ ਹਨੇਰਾ ਹੋਣ ਕਾਰਨ ਇਹ ਖੁੱਲ੍ਹੇ ਮੈਨਹੋਲ ਮੌਤ ਦੇ ਖੂਹ ਸਾਬਤ ਹੋ ਰਹੇ ਹਨ। ਖ਼ਾਸਕਰ ਸਕੂਲੀ ਬੱਚਿਆਂ ਅਤੇ ਬਜ਼ੁਰਗਾਂ ਲਈ ਇਨ੍ਹਾਂ ਗਲੀਆਂ ਵਿਚੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ। ਕਈ ਵਾਰ ਦੁਪਹੀਆ ਵਾਹਨ ਚਾਲਕ ਇਨ੍ਹਾਂ ਵਿਚ ਡਿੱਗ ਕੇ ਜ਼ਖ਼ਮੀ ਵੀ ਹੋ ਚੁੱਕੇ ਹਨ। ਪ੍ਰਸ਼ਾਸਨ ਦੀ ਲਾਪ੍ਰਵਾਹੀ ਤੇ ਲੋਕਾਂ ’ਚ ਭਾਰੀ ਰੋਸ : ਇਲਾਕਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਸਥਾਨਕ ਨੁਮਾਇੰਦਿਆਂ ਨੂੰ ਇਸ ਬਾਰੇ ਜਾਣੂ ਕਰਵਾਇਆ ਹੈ, ਪਰ ਹਾਲੇ ਤਕ ਸਿਰਫ਼ ਖੋਖਲੇ ਭਰੋਸੇ ਹੀ ਮਿਲੇ ਹਨ। ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਟੈਕਸ ਭਰਦੇ ਹਨ ਪਰ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਖੁੱਲ੍ਹੇ ਮੈਨਹੋਲ ਉਨ੍ਹਾਂ ਦੇ ਬੱਚਿਆਂ ਲਈ ਵੱਡਾ ਖ਼ਤਰਾ ਹਨ। ਗੰਦਗੀ ਅਤੇ ਬਦਬੂ ਨੇ ਕੀਤਾ ਜਿਊਣਾ ਮੁਹਾਲ : ਖੁੱਲ੍ਹੇ ਮੈਨਹੋਲਾਂ ਕਾਰਨ ਨਾ ਸਿਰਫ਼ ਹਾਦਸਿਆਂ ਦਾ ਡਰ ਹੈ, ਸਗੋਂ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿਚ ਓਵਰਫਲੋਅ ਹੋ ਰਿਹਾ ਹੈ। ਇਸ ਕਾਰਨ ਇਲਾਕੇ ਵਿਚ ਭਿਆਨਕ ਬਦਬੂ ਫੈਲੀ ਹੋਈ ਹੈ ਅਤੇ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਵਧ ਗਿਆ ਹੈ। ਮੁਬਾਰਕਪੁਰ ਦੇ ਵਾਰਡ ਨੰ. 3 ਅਤੇ 4 ਦੇ ਵਸਨੀਕਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਮੈਨਹੋਲਾਂ ਨੂੰ ਤੁਰੰਤ ਢੱਕਿਆ ਜਾਵੇ ਅਤੇ ਸੀਵਰੇਜ ਦੀ ਸਫ਼ਾਈ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ। ਜੇਕਰ ਜਲਦੀ ਕੋਈ ਕਾਰਵਾਈ ਨਾ ਹੋਈ ਤਾਂ ਲੋਕ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।