30 ਨਵੰਬਰ ਨੂੰ ਪੁਆਧੀ ਪੰਜਾਬੀ ਸੱਥ ਵੱਲੋਂ ਕੀਤਾ ਜਾਵੇਗਾ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ, ਇਹ ਨਾਂ ਸ਼ਾਮਲ
ਇਸ ਸਾਲ ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਵੱਖੋ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ ਛੇ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
Publish Date: Fri, 17 Oct 2025 09:04 AM (IST)
Updated Date: Fri, 17 Oct 2025 09:59 AM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਇਸ ਸਾਲ ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਵੱਖੋ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ ਛੇ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬੀ ਸੱਥ ਦੇ ਪ੍ਰਧਾਨ ਮਨਮੋਹਨ ਸਿੰਘ ਦਾਊਂ ਨੇ ਦੱਸਿਆ ਕਿ ਸਨਮਾਨਤ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਸਾਹਿਤਕਾਰ ਗੁਰਬਖਸ਼ ਸਿੰਘ ਕੇਸਰੀ ਪੁਰਸਕਾਰ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਨੂੰ, ਮਾਸਟਰ ਸਰੂਪ ਸਿੰਘ ਨੰਬਰਦਾਰ ਪੁਰਸਕਾਰ ਕਾਹਨ ਸਿੰਘ ਪੰਨੂੰ, ਸੇਵਾ-ਮੁਕਤ, ਆਈਏਐੱਸ ਨੂੰ, ਜਥੇਦਾਰ ਅੰਗਰੇਜ਼ ਸਿੰਘ ਬਡਹੇੜੀ ਪੁਰਸਕਾਰ ਵਰਿੰਦਰ ਸਿੰਘ ਵਾਲੀਆ, ਸੰਪਾਦਕ ਪੰਜਾਬੀ ਜਾਗਰਣ ਨੂੰ, ਭਗਤ ਆਸਾ ਰਾਮ ਪੁਰਸਕਾਰ ਬਾਬਾ ਪ੍ਰਤਾਪ ਸਿੰਘ ਬੈਦਵਾਣ ਦੀ ਯਾਦ 'ਚ ਢਾਡੀ ਬਲਦੇਵ ਸਿੰਘ ਦਰਦੀ ਜੱਥੇ ਨੂੰ, ਸਰਦਾਰਨੀ ਰਵਿੰਦਰ ਕੌਰ ਪੁਰਸਕਾਰ ਬੀਬਾ ਸਿਮਰਨ, ਸਬ ਇੰਸਪੈਕਟਰ ਪੰਜਾਬ ਪੁਲਿਸ ਅਤੇ ਮਾਸਟਰ ਰਘਬੀਰ ਸਿੰਘ ਬੈਦਵਾਣ ਪੁਰਸਕਾਰ ਸੰਗੀਤ-ਮਾਸਟਰ ਗੁਰਮੀਤ ਸਿੰਘ ਖ਼ਾਲਸਾ ਨੂੰ ਦਿੱਤੇ ਜਾਣਗੇ। ਹੋਰ ਜਾਣਕਾਰੀ ਦਿੰਦੇ ਹੋਏ ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊਂ ਤੇ ਸਕੱਤਰ ਪ੍ਰਿੰਸੀਪਲ ਗੁਰਮੀਤ ਸਿੰਘ ਖਰੜ ਨੇ ਦੱਸਿਆ ਕਿ ਇਸ ਮੌਕੇ ਪੁਸਤਕ ਪੁਰਸਕਾਰ ਮਨਜੀਤ ਕੌਰ ਅੰਬਾਲਵੀ ਦੇ ਬਾਲ-ਨਾਟਕ ਸੰਗ੍ਰਹਿ 'ਮਿੱਟੀ ਬੋਲ ਪਈ' ਨੂੰ ਦਿੱਤਾ ਜਾਵੇਗਾ। ਇਹ ਪੁਰਸਕਾਰ ਪੁਆਧੀ ਪੰਜਾਬੀ ਸੱਥ ਦੇ 22ਵੇਂ ਸਾਲਾਨਾ ਸਨਮਾਨ ਸਮਾਗਮ-2025 ਮੌਕੇ 30 ਨਵੰਬਰ, 2025 (ਐਤਵਾਰ) ਨੂੰ ਗੁਰਦੁਆਰਾ ਸਾਹਿਬ ਸੈਕਟਰ 38-ਬੀ (ਸ਼ਾਹਪੁਰ) ਚੰਡੀਗੜ੍ਹ ਵਿਖੇ ਪ੍ਰਦਾਨ ਕੀਤੇ ਜਾਣਗੇ।