ਪਹਿਲਾਂ ਇਹ ਵਿਸ਼ਾ ਸਿਰਫ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਹੀ ਲਾਗੂ ਸੀ, ਪਰ ਹੁਣ ਇਸ ਨੂੰ ਸ਼ੁਰੂਆਤੀ ਪੱਧਰ 'ਤੇ ਹੀ ਲਾਜ਼ਮੀ ਤੌਰ 'ਤੇ ਸ਼ਾਮਲ ਕੀਤਾ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਵਿਦਿਆਰਥੀਆਂ ਵਿਚ ਸਮੱਸਿਆ ਹੱਲ ਕਰਨ, ਫੈਸਲਾ ਲੈਣ ਦੀ ਸਮਰੱਥਾ ਅਤੇ ਆਤਮਨਿਰਭਰਤਾ ਵਰਗੇ ਗੁਣ ਵਿਕਸਤ ਹੋਣਗੇ।

ਰੋਹਿਤ ਕੁਮਾਰ, ਜਾਗਰਣ, ਚੰਡੀਗੜ੍ਹ : ਸੂਬਾ ਸਰਕਾਰ ਨੇ ਸਕੂਲੀ ਸਿੱਖਿਆ ਵਿਚ ਵੱਡਾ ਬਦਲਾਅ ਕਰਦਿਆਂ ਐਂਟਰਪ੍ਰਿਨਿਊਰਸ਼ਿਪ ਸਿੱਖਿਆ ਨੂੰ ਹੁਣ ਕਲਾਸ 9ਵੀਂ ਅਤੇ 10ਵੀਂ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਪਹਿਲਾਂ ਇਹ ਵਿਸ਼ਾ ਸਿਰਫ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਹੀ ਲਾਗੂ ਸੀ, ਪਰ ਹੁਣ ਇਸ ਨੂੰ ਸ਼ੁਰੂਆਤੀ ਪੱਧਰ 'ਤੇ ਹੀ ਲਾਜ਼ਮੀ ਤੌਰ 'ਤੇ ਸ਼ਾਮਲ ਕੀਤਾ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਵਿਦਿਆਰਥੀਆਂ ਵਿਚ ਸਮੱਸਿਆ ਹੱਲ ਕਰਨ, ਫੈਸਲਾ ਲੈਣ ਦੀ ਸਮਰੱਥਾ ਅਤੇ ਆਤਮਨਿਰਭਰਤਾ ਵਰਗੇ ਗੁਣ ਵਿਕਸਤ ਹੋਣਗੇ।
ਸਰਕਾਰ ਨੇ ਇਸ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਲਈ ਉਦਯੋਗ ਲਰਨਿੰਗ ਫਾਉਂਡੇਸ਼ਨ ਨਾਲ ਆਪਣੀ ਸਾਂਝਦਾਰੀ ਨੂੰ ਅਗਲੇ ਤਿੰਨ ਸਾਲਾਂ ਲਈ ਵਧਾ ਦਿੱਤਾ ਹੈ। ਇਹ ਸਮਝੌਤਾ (ਐਮਓਯੂ) ਕਲਾਸ 9ਵੀਂ ਤੋਂ 12ਵੀਂ ਤੱਕ ਪ੍ਰੋਗਰਾਮ ਦੇ ਪ੍ਰਭਾਵਸ਼ਾਲੀ ਚਲਾਉਣ ਨੂੰ ਯਕੀਨੀ ਬਣਾਏਗਾ। ਇਸ ਪਹਲ ਦੇ ਤਹਿਤ ਸੂਬੇ ਦੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜੇ ਸੰਸਥਾਨਾਂ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ, ਜਿਸ ਨਾਲ ਲਗਪਗ 6.4 ਲੱਖ ਵਿਦਿਆਰਥੀਆਂ ਨੂੰ ਸਿੱਧਾ ਲਾਭ ਹੋਵੇਗਾ।
ਪੰਜਾਬ ਯੰਗ ਐਂਟਰਪ੍ਰਿਨਿਊਰਜ਼ ਪ੍ਰੋਗਰਾਮ (ਪੀਵਾਈਈਪੀ) ਦੀ ਸ਼ੁਰੂਆਤ 2022 ਵਿਚ ਕੀਤੀ ਗਈ ਸੀ, ਜਦੋਂ ਕਿ 2025 ਵਿਚ ਕਲਾਸ 11ਵੀਂ ਅਤੇ 12ਵੀਂ ਲਈ ਇਸ ਨੂੰ ਲਾਜ਼ਮੀ ਵਿਸ਼ਾ ਬਣਾਇਆ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਦੀ ਭਾਈਵਾਲੀ ਵਿਚ ਲਗਾਤਾਰ ਵਾਧਾ ਦੇਖਿਆ ਗਿਆ ਹੈ ਅਤੇ ਆਈਡੀਆ ਆਧਾਰਿਤ ਸਿੱਖਿਆ ਨੂੰ ਉਤਸ਼ਾਹ ਮਿਲਿਆ ਹੈ। ਹੁਣ ਕਲਾਸ 9 ਅਤੇ 10 ਵਿਚ ਇਸਨੂੰ ਲਾਜ਼ਮੀ ਕੀਤਾ ਜਾਵੇਗਾ, ਪਰ ਇਨ੍ਹਾਂ ਕਲਾਸਾਂ ਵਿਚ ਇਸ ਦੇ ਅੰਕ ਨਹੀਂ ਜੋੜੇ ਜਾਣਗੇ।
ਉਦਯੋਗ ਲਰਨਿੰਗ ਫਾਉਂਡੇਸ਼ਨ ਦੇ ਸੀਈਓ ਅਤੇ ਸਹਿ-ਸਥਾਪਕ ਮੇਕਿਨ ਮਹੇਸ਼ਵਰੀ ਅਨੁਸਾਰ ਇਸ ਪ੍ਰੋਗਰਾਮ ਦੇ ਤਹਿਤ ਵਿਦਿਆਰਥੀ ਆਪਣੇ ਆਸ-ਪਾਸ ਦੀਆਂ ਸਮੱਸਿਆਵਾਂ ਦੀ ਪਛਾਣ ਕਰਦੇ ਹਨ, ਉਨ੍ਹਾਂ ਦੇ ਹੱਲ ਤਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਵਿਹਾਰਕ ਰੂਪ ਵਿਚ ਪਰਖਦੇ ਹਨ। ਕਈ ਵਿਦਿਆਰਥੀਆਂ ਦੇ ਆਈਡੀਆ ਛੋਟੇ ਪੱਧਰ ਦੇ ਵਪਾਰ ਅਤੇ ਸਮਾਜਿਕ ਪ੍ਰੋਜੈਕਟਾਂ ਵਿਚ ਵੀ ਬਦਲ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਲਾਸ ਵਿਚ ਪੜ੍ਹਾਈ ਦਾ ਫੋਕਸ 'ਕਰਕੇ ਸਿੱਖਣਾ' (ਲਰਨਿੰਗ ਬਾਈ ਡੂਇੰਗ) 'ਤੇ ਹੈ, ਜਿਸ ਨਾਲ ਵਿਦਿਆਰਥੀ ਸਿਰਫ ਸਿੱਧਾਂਤ ਤੱਕ ਸੀਮਿਤ ਨਹੀਂ ਰਹਿੰਦੇ।
ਗੌਰਤਲਬ ਹੈ ਕਿ ਉਦਯੋਗ ਲਰਨਿੰਗ ਫਾਉਂਡੇਸ਼ਨ ਵਰਤਮਾਨ ਵਿਚ ਰਾਜ ਦੇ ਲਗਪਗ 3700 ਸਕੂਲਾਂ ਵਿਚ ਕੰਮ ਕਰ ਰਹੀ ਹੈ ਅਤੇ ਦੇਸ਼ ਦੇ 12 ਰਾਜਾਂ ਵਿਚ ਉਦਯੋਗਤਾ ਸਿੱਖਿਆ ਨੂੰ ਉਤਸ਼ਾਹ ਦੇ ਰਹੀ ਹੈ। ਇਹ ਸੰਸਥਾ ਪਾਠਕ੍ਰਮ ਨੂੰ ਮਜ਼ਬੂਤ ਕਰਨ, ਅਧਿਆਪਕਾਂ ਨੂੰ ਹੁਨਰਮੰਦ ਬਣਾਉਣ ਅਤੇ ਵਿਦਿਆਰਥੀਆਂ ਨੂੰ ਅਸਲ ਜੀਵਨ ਦੇ ਤਜਰਬਿਆਂ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਪਹਿਲ ਨਾਲ ਆਉਣ ਵਾਲੇ ਸਾਲਾਂ ਵਿਚ ਪੰਜਾਬ ਦੇ ਵਿਦਿਆਰਥੀ ਨਾ ਸਿਰਫ ਆਤਮਨਿਰਭਰ ਬਣਨਗੇ, ਸਗੋਂ ਨਵੀਨਤਮ ਅਤੇ ਸਟਾਰਟਅਪ ਸੱਭਿਆਚਾਰ ਨੂੰ ਵੀ ਨਵੀਂ ਦਿਸ਼ਾ ਦੇਣਗੇ।
---
ਨੌਕਰੀਆਂ ਲੱਭਣ ਵਾਲੇ ਨਹੀਂ ਸਗੋਂ ਮੌਕੇ ਪੈਦਾ ਕਰਨ ਵਾਲੇ ਬਣਨਗੇ ਵਿਦਿਆਰਥੀ : ਬੈਂਸ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਲੱਭਣ ਵਾਲਾ ਨਹੀਂ, ਸਗੋਂ ਮੌਕੇ ਪੈਦਾ ਕਰਨ ਵਾਲਾ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਬਿਜ਼ਨਸ ਬਲਾਸਟਰਸ ਪ੍ਰੋਗਰਾਮ ਦੇ ਤਹਿਤ ਪਿਛਲੇ ਸਾਲ 50 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਸੀਡ ਫੰਡਿੰਗ ਦਿੱਤੀ ਗਈ ਸੀ, ਜਦਕਿ ਇਸ ਸਾਲ 65 ਹਜ਼ਾਰ ਵਿਦਿਆਰਥੀਆਂ ਨੂੰ ਸਹਾਇਤਾ ਦਿੱਤੀ ਜਾਵੇਗੀ।