ਰਿਸ਼ਵਤ ਮਾਮਲੇ ’ਚ ਫ਼ਰਾਰ ਡੀਜੀਪੀ ਵਿਜੀਲੈਂਸ ਦੇ ਰੀਡਰ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ, ਗ੍ਰਿਫ਼ਤਾਰੀ ਲਈ CBI ਕਰ ਰਹੀ ਹੈ ਲਗਾਤਾਰ ਛਾਪੇਮਾਰੀ
ਸੀਬੀਆਈ ਇਸ ਮਾਮਲੇ ’ਚ ਪੰਜਾਬ ਪੁਲਿਸ ਦੇ ਇਕ ਉੱਚ ਅਧਿਕਾਰੀ ਨੂੰ ਨੋਟਿਸ ਜਾਰੀ ਕਰ ਕੇ ਤਲਬ ਕਰਨ ਦੀ ਤਿਆਰੀ ’ਚ ਹੈ, ਜਿਸ ਦਾ ਨਾਂ ਮੁਲਜ਼ਮਾਂ ਦੇ ਵ੍ਹਟਸਐਪ ’ਤੇ ਹੋਈ ਆਪਸੀ ਚੈਟ ’ਚ ਵਾਰ-ਵਾਰ ਆਇਆ ਹੈ। ਸੀਬੀਆਈ ਅਧਿਕਾਰੀਆਂ ਮੁਤਾਬਕ, ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਨੇ ਚੰਡੀਗੜ੍ਹ ਦੇ ਸੈਕਟਰ-35 ਸਥਿਤ ਫਾਈਵ ਸਟਾਰ ਹੋਟਲ ’ਚ ਜਾਣਾ ਸੀ, ਪਰ ਮੁਲਜ਼ਮਾਂ ਦੇ ਗੰਨਮੈਨਾਂ ਨੇ ਪਹਿਲਾਂ ਹੀ ਰੀਡਰ ਓਪੀ ਰਾਣਾ ਨੂੰ ਸੀਬੀਆਈ ਟਰੈਪ ਦੀ ਜਾਣਕਾਰੀ ਦੇ ਦਿੱਤੀ।
Publish Date: Thu, 14 May 2026 09:20 AM (IST)
Updated Date: Thu, 14 May 2026 09:23 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਮੋਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਹੈੱਡਕੁਆਰਟਰ ਨਾਲ ਜੁੜੇ ਰਿਸ਼ਵਤ ਦੇ ਮਾਮਲੇ ’ਚ ਸੀਬੀਆਈ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੀਬੀਆਈ ਪੰਜਾਬ ਵਿਜੀਲੈਂਸ ਦੇ ਚੀਫ ਡਾਇਰੈਕਟਰ ਅਤੇ ਡੀਜੀਪੀ (ਵਿਜੀਲੈਂਸ) ਦੇ ਰੀਡਰ ਓਪੀ ਰਾਣਾ ਦੀ ਭਾਲ ’ਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਹ ਮਾਮਲਾ ਐਕਸਾਈਜ਼ ਐਂਡ ਟੈਕਸੇਸ਼ਨ ਅਫ਼ਸਰ (ਈਟੀਓ) ਅਮਿਤ ਕੁਮਾਰ ਦੇ ਪੈਂਡਿੰਗ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਨੂੰ ਨਿਪਟਾਉਣ ਲਈ ਰਿਸ਼ਵਤ ਲੈਣ ਦਾ ਹੈ। ਸੀਬੀਆਈ ਦੀ ਅਦਾਲਤ ਨੇ ਮੁਲਜ਼ਮ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।
ਸੀਬੀਆਈ ਇਸ ਮਾਮਲੇ ’ਚ ਪੰਜਾਬ ਪੁਲਿਸ ਦੇ ਇਕ ਉੱਚ ਅਧਿਕਾਰੀ ਨੂੰ ਨੋਟਿਸ ਜਾਰੀ ਕਰ ਕੇ ਤਲਬ ਕਰਨ ਦੀ ਤਿਆਰੀ ’ਚ ਹੈ, ਜਿਸ ਦਾ ਨਾਂ ਮੁਲਜ਼ਮਾਂ ਦੇ ਵ੍ਹਟਸਐਪ ’ਤੇ ਹੋਈ ਆਪਸੀ ਚੈਟ ’ਚ ਵਾਰ-ਵਾਰ ਆਇਆ ਹੈ। ਸੀਬੀਆਈ ਅਧਿਕਾਰੀਆਂ ਮੁਤਾਬਕ, ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਨੇ ਚੰਡੀਗੜ੍ਹ ਦੇ ਸੈਕਟਰ-35 ਸਥਿਤ ਫਾਈਵ ਸਟਾਰ ਹੋਟਲ ’ਚ ਜਾਣਾ ਸੀ, ਪਰ ਮੁਲਜ਼ਮਾਂ ਦੇ ਗੰਨਮੈਨਾਂ ਨੇ ਪਹਿਲਾਂ ਹੀ ਰੀਡਰ ਓਪੀ ਰਾਣਾ ਨੂੰ ਸੀਬੀਆਈ ਟਰੈਪ ਦੀ ਜਾਣਕਾਰੀ ਦੇ ਦਿੱਤੀ। ਇਸ ਮਾਮਲੇ ’ਚ ਸੀਬੀਆਈ ਨੇ ਵਿਚੋਲੇ ਵਿਕਾਸ ਗੋਇਲ, ਉਸ ਦੇ ਪੁੱਤਰ ਰਾਘਵ ਗੋਇਲ ਤੇ ਡਰਾਈਵਰ ਅੰਕਿਤ ਬਧਵਾ ਨੂੰ 11 ਮਈ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਹੁਣ ਰਿਸ਼ਵਤਖੋਰੀ ਦੇ ਇਸ ਨੈੱਟਵਰਕ ’ਚ ਸ਼ਾਮਲ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ। ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਮੁੜ ਤੋਂ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਇਸ ਤਰ੍ਹਾਂ ਚੱਲਦੀ ਸੀ ਖੇਡ
ਡੀਜੀਪੀ ਵਿਜੀਲੈਂਸ ਦਾ ਰੀਡਰ ਓਪੀ ਰਾਣਾ ਵਿਚੋਲਿਆਂ ਨੂੰ ਵਿਜੀਲੈਂਸ ਬਿਊਰੋ ’ਚ ਪੈਂਡਿੰਗ ਮਾਮਲਿਆਂ ਦੀ ਜਾਣਕਾਰੀ ਸ਼ੇਅਰ ਕਰਦਾ ਸੀ। ਇਸ ਤੋਂ ਬਾਅਦ ਵਿਚੋਲੇ ਪੈਸੇ ਲੈ ਕੇ ਮਾਮਲਿਆਂ ਨੂੰ ਰਫ਼ਾ-ਦਫ਼ਾ ਕਰਵਾਉਣ ਦਾ ਕੰਮ ਕਰਦੇ ਸਨ। ਸੀਬੀਆਈ ਹੁਣ ਰਿਸ਼ਵਤਖੋਰੀ ਦੇ ਇਸ ਨੈੱਟਵਰਕ ’ਚ ਸ਼ਾਮਲ ਹੋਰ ਲੋਕਾਂ ਦੀ ਭਾਲ ’ਚ ਹੈ।